For the best experience, open
https://m.punjabitribuneonline.com
on your mobile browser.
Advertisement

ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਪ੍ਰੇਸ਼ਾਨੀ ਵਧੀ

07:38 AM Apr 26, 2024 IST
ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਪ੍ਰੇਸ਼ਾਨੀ ਵਧੀ
ਮਾਨਸਾ ਦੀ ਅਨਾਜ ਮੰਡੀ ’ਚ ਪਈਆਂ ਕਣਕ ਦੀਆਂ ਬੋਰੀਆਂ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 25 ਅਪਰੈਲ
ਹੁਣ ਮਾਲਵਾ ਖੇਤਰ ਦੀਆਂ ਸੈਂਕੜੇ ਅਨਾਜ ਮੰਡੀਆਂ ਵਿਚ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਜਿਣਸ ਦੀ ਤੁਲਾਈ ਦੀ ਵੱਡੀ ਸਮੱਸਿਆ ਆਉਣ ਲੱਗ ਪਈ ਹੈ। ਕਿਸਾਨ ਪੱਕੇ ਫੜ੍ਹਾਂ ਦੀ ਥਾਂ ਕੱਚੀਆਂ ਥਾਵਾਂ ਉਤੇ ਵੀ ਆਪਣੀ ਫ਼ਸਲ ਢੇਰੀ ਕਰਨ ਲੱਗ ਪਏ ਹਨ ਅਤੇ ਕਈ ਮੰਡੀਆਂ ਵਿਚ ਕਣਕ ਤੋਲਣ ਲਈ ਕਿਸਾਨ ਛੇ-ਛੇ ਦਿਨਾਂ ਤੋਂ ਬੈਠੇ ਹਨ।
ਸਰਕਾਰੀ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਮਾਨਸਾ ਜ਼ਿਲ੍ਹੇ ਵਿਚਲੀਆਂ 117 ਅਨਾਜ ਮੰਡੀਆਂ ਵਿਚ ਅੱਜ ਸ਼ਾਮ ਤੱਕ 55 ਪ੍ਰਤੀਸ਼ਤ ਕਣਕ ਵਿਕਣ ਲਈ ਪੁੱਜ ਚੁੱਕੀ ਹੈ, ਜਿਸ ਵਿਚੋਂ 36 ਪ੍ਰਤੀਸ਼ਤ ਕਣਕ ਖਰੀਦ ਲਈ ਗਈ ਹੈ, ਪਰ ਇਨ੍ਹਾਂ ਵਿਚੋਂ ਅਨੇਕਾਂ ਖਰੀਦ ਕੇਂਦਰਾਂ ’ਚੋਂ ਲਿਫਟਿੰਗ ਨਹੀਂ ਹੋਈ। ਲਿਫਟਿੰਗ ਨਾ ਹੋਣ ਕਾਰਨ ਖਰੀਦ ਏਜੰਸੀਆਂ ਦੇ ਅਧਿਕਾਰੀ ਡਿਪਟੀ ਕਮਿਸ਼ਨਰ ਦੀ ਮੀਟਿੰਗ ਅਤੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਕੋਲ ਰੌਣਾ ਰੋ ਰਹੇ ਹਨ। ਪੰਜਾਬ ਸਰਕਾਰ ਨੂੰ ਭੇਜੀ ਗਈ ਇੱਕ ਰਿਪੋਰਟ ਅਨੁਸਾਰ ਮਾਨਸਾ ਜ਼ਿਲ੍ਹੇ ਵਿੱਚ ਇਸ ਵੇਲੇ 2223318 ਮੀਟਰਿਕ ਟਨ ਦੀ ਲਿਫਟਿੰਗ ਨਹੀਂ ਹੋਈ। ਵੇਰਵਿਆਂ ਅਨੁਸਾਰ ਮਾਨਸਾ ਮਾਰਕੀਟ ਕਮੇਟੀ ਅਧੀਨ 61257 ਮੀਟਰਿਕ ਟਨ, ਬੁਢਲਾਡਾ 33390, ਬਰੇਟਾ 35067, ਭੀਖੀ 32864, ਸਰਦੂਲਗੜ੍ਹ 39925 ਅਤੇ ਬੋਹਾ ਵਿਖੇ 19815 ਮੀਟਰਿਕ ਟਨ ਅਣ-ਲਿਫਟਿੰਗ ਕਣਕ ਪਈ ਹੈ। ਉਧਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜਾਬ ਸਰਕਾਰ ਨੂੰ ਭੇਜੀ ਗਈ ਰਿਪੋਰਟ ਵਿਚ ਮੰਨਿਆ ਗਿਆ ਹੈ ਕਿ ਜ਼ਿਲ੍ਹੇ ਦੀਆਂ ਦਰਜਨਾਂ ਅਨਾਜ ਮੰਡੀਆਂ ਵਿਚ ਲਿਫਟਿੰਗ ਦੀ ਭਾਰੀ ਤਕਲੀਫ਼ ਖੜ੍ਹੀ ਹੋ ਗਈ ਹੈ। ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਕਿਹਾ ਕਿ ਲਿਫਟਿੰਗ ਦੀ ਸਮੱਸਿਆ ਨਾਲ ਨਿਪਟਣ ਲਈ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮੰਡੀਆਂ ਵਿੱਚ ਲਿਫਟਿੰਗ ਦਾ ਮਸਲਾ ਉਚ ਅਧਿਕਾਰੀਆਂ ਕੋਲ ਚੁੱਕਣ ਦੇ ਬਾਵਜੂਦ ਹੱਲ ਨਹੀਂ ਹੋਇਆ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਮੰਡੀਆਂ ਵਿੱਚ ਲਿਫਟਿੰਗ ਬਹੁਤ ਹੀ ਧੀਮੀ ਗਤੀ ਨਾਲ ਚੱਲ ਰਹੀ ਹੈ ਅਤੇ ਮੌਸਮ ਵੀ ਖਰਾਬ ਹੋ ਰਿਹਾ ਹੈ, ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ ਤੇ ਸਰਕਾਰ ਇਹ ਸਮੱਸਿਆ ਪਹਿਲ ਦੇ ਆਧਾਰ ’ਤੇ ਹੱਲ ਕਰੇ।

Advertisement

ਸਿਆਸੀ ਆਗੂਆਂ ਨੇ ਮੰਡੀਆਂ ਤੋਂ ਦੂਰੀ ਬਣਾਈ

ਇਸ ਵਾਰ ਖਰੀਦ ਕੇਂਦਰਾਂ ਅਤੇ ਅਨਾਜ ਮੰਡੀਆਂ ਤੋਂ ਸੱਤਾਧਾਰੀ ਪਾਰਟੀ ਸਮੇਤ ਹੋਰ ਸਿਆਸੀ ਧਿਰਾਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਦੇ ਆਗੂ ਦੂਰ ਰਹਿਣ ਲੱਗੇ ਹਨ। ਉਹ ਕਿਸਾਨ ਜਥੇਬੰਦੀਆਂ ਦੇ ਘਿਰਾਓ ਤੋਂ ਡਰਦੇ ਮੰਡੀਆਂ ਵਿੱਚ ਜਾਣ ਤੋਂ ਹੀ ਕੰਨੀ ਕਤਰਾਉਣ ਲੱਗੇ ਹਨ। ਪਹਿਲਾਂ ਸੱਤਾਧਾਰੀ ਧਿਰ ਨਾਲ ਜੁੜੇ ਸਿਆਸੀ ਨੇਤਾ ਅਕਸਰ ਮੰਡੀਆਂ ਵਿੱਚ ਜਾ ਕੇ ਕਣਕ ਦੀ ਬੋਲੀ ਆਰੰਭ ਕਰਵਾਉਂਦੇ ਸਨ ਅਤੇ ਵਿਰੋਧੀ ਪਾਰਟੀਆਂ ਦੇ ਆਗੂ ਮੰਡੀਆਂ ਵਿੱਚ ਜਾ ਕੇ ਕਿਸਾਨਾਂ ਦੀ ਸਾਰ ਲੈਣ ਦੇ ਬਹਾਨੇ ਮਾੜੇ ਪ੍ਰਬੰਧਾਂ ਨੂੰ ਅਕਸਰ ਹੀ ਕੋਸਦੇ ਸਨ ਪਰ ਖੇਤੀ ਕਾਨੂੰਨਾਂ ਖਿਲਾਫ਼ ਵਿੱਢੀ ਲੜਾਈ ਤੋਂ ਮਗਰੋਂ ਜਦੋਂ ਕਿਸਾਨ-ਮਜ਼ਦੂਰ ਜਥੇਬੰਦੀਆਂ ਪਿੰਡਾਂ ਵਿੱਚ ਜਾਣ ਵਾਲੇ ਸਾਰੀਆਂ ਸਿਆਸੀ ਧਿਰਾਂ ਦੇ ਨੇਤਾਵਾਂ ਨੂੰ ਘੇਰ ਕੇ ਸਵਾਲ ਪੁੱਛਣ ਲੱਗੀਆਂ ਹਨ ਤਾਂ ਅਜਿਹੇ ਨੇਤਾਵਾਂ ਦਾ ਖਰੀਦ ਕੇਂਦਰਾਂ ’ਚ ਕਿਸਾਨਾਂ ਨੂੰ ਮਿਲਣ ਲਈ ਮੋਹ ਭੰਗ ਹੋਣ ਲੱਗਿਆ ਹੈ। ਇਸ ਖੇਤਰ ਦੇ ਕਿਸੇ ਵੀ ਖਰੀਦ ਕੇਂਦਰ ਵਿੱਚ ਅੱਜ ਨਾ ਕੋਈ ਵਿਧਾਇਕ ਤੇ ਨਾ ਹੀ ਕੋਈ ਸਾਬਕਾ ਵਿਧਾਇਕ ਕਿਸਾਨਾਂ ਦੀ ਲਿਫਟਿੰਗ ਨਾ ਹੋਣ, ਖਰੀਦ ਨਾ ਹੋਣ ਅਤੇ ਮੰਡੀਆਂ ਦੀਆਂ ਹੋਰ ਸਮੱਸਿਆਵਾਂ ਨੂੰ ਲੈ ਕੇ ਸਾਰ ਲੈਣ ਲਈ ਨਹੀਂ ਪੁੱਜਿਆ।

ਨਰਮੇ ਦੀ ਬਿਜਾਈ ਦੇ ਟੀਚੇ ਨੂੰ ਪੂਰਾ ਕਰਨਾ ਖੇਤੀ ਵਿਭਾਗ ਲਈ ਸਿਰਦਰਦੀ ਬਣਿਆ

ਮਾਲਵਾ ਖੇਤਰ ਵਿੱਚ ਨਰਮੇ ਦੀ ਫ਼ਸਲ ਹੇਠ ਬਿਜਾਈ ਦੇ ਟੀਚੇ ਨੂੰ ਪੂਰਾ ਕਰਨਾ ਖੇਤੀ ਵਿਭਾਗ ਲਈ ਵੱਡੀ ਸਿਰਦਰਦੀ ਬਣਨ ਲੱਗਿਆ ਹੈ। ਹੁਣ ਜਦੋਂ ਨਰਮੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਤਾਂ ਕਿਸਾਨਾਂ ਵੱਲੋਂ ਅਜੇ ਇਸ ਵਿੱਚ ਕੋਈ ਦਿਲਚਸਪੀ ਨਾ ਦਿਖਾਉਣ ਨੂੰ ਲੈ ਕੇ ਖੇਤੀਬਾੜੀ ਵਿਭਾਗ ਹਰਕਤ ਵਿੱਚ ਆ ਗਿਆ ਹੈ। ਵਿਭਾਗ ਦੇ ਖੇਤੀ ਅਧਿਕਾਰੀ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਵਿਸ਼ੇਸ਼ ਕੈਂਪ ਲਾ ਰਹੇ ਹਨ। ਨਰਮੇ ਦੀ ਫ਼ਸਲ ਨੂੰ ਪਹਿਲਾਂ ਅਮਰੀਕਣ ਸੁੰਡੀ, ਮੁੜ ਮਿਲੀਬੱਗ, ਚਿੱਟੀ ਮੱਖੀ, ਗੁਲਾਬੀ ਸੁੰਡੀ ਨੇ ਚੱਟ ਕੇ ਰੱਖ ਦਿੱਤਾ ਹੈ, ਜਿਸ ਕਰਕੇ ਕਿਸਾਨ ਇਸ ਫ਼ਸਲ ਹੇਠੋਂ ਝੋਨੇ ਹੇਠ ਲਗਾਤਾਰ ਰਕਬਾ ਵਧਾਉਣ ਲੱਗੇ ਹਨ। ਨਰਮੇ ਦੀ ਬਿਜਾਈ ਵਾਲੇ ਦਿਨਾਂ ਦੌਰਾਨ ਬਿਜਾਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਧਰਮਪਾਲ ਵੱਲੋਂ ਮਾਨਸਾ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਨਰਮੇ ਦੀ ਫ਼ਸਲ ਸਬੰਧੀ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੀਆਂ ਸਮੂਹ ਜਿਨਿੰਗ ਫੈਕਟਰੀਆਂ ਵਿੱਚ ਜੇਕਰ ਜ਼ਰੂਰਤ ਹੋਵੇ ਤਾਂ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਮਦਦ ਨਾਲ ਫਿਊਮੀਗੇਸ਼ਨ ਕਰਵਾਈ ਜਾਵੇ ਅਤੇ ਰਹਿੰਦ-ਖੂੰਹਦ ਨੂੰ ਨਸ਼ਟ ਕਰਵਾਇਆ ਜਾਵੇ। ਬਲਾਕ ਖੇਤੀਬਾੜੀ ਅਫਸਰ ਮਾਨਸਾ ਡਾ. ਮਨੋਜ ਕੁਮਾਰ ਅਤੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਨਰਮੇ ਦੀ ਫਸਲ ਨੂੰ ਚਿੱਟੀ ਮੱਖੀ, ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਜ਼ਿਲ੍ਹੇ ਅੰਦਰ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਨਦੀਨ ਨਸ਼ਟ ਕਰਨ ਲਈ ਮੁਹਿੰਮ ਚਲਾਈ ਗਈ ਅਤੇ ਨਦੀਨਾਂ ਦਾ ਖਾਤਮਾ ਕਰਵਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਮੰਡੀ ਦਾ ਦੌਰਾ

ਅਬੋਹਰ (ਪੱਤਰ ਪ੍ਰੇਰਕ): ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅਬੋਹਰ ਮੰਡੀ ਦਾ ਦੌਰਾ ਕੀਤਾ ਅਤੇ ਇੱਥੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਣਕ ਦੀ ਲਿਫਟਿੰਗ ਤੇਜ਼ ਕਰਨ ਦੇ ਹੁਕਮ ਦਿੰਦਿਆਂ ਟਰਾਂਸਪੋਰਟ ਠੇਕੇਦਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਏਂਜਸੀਆਂ ਦੀ ਮੰਗ ਅਨੁਸਾਰ ਟਰੱਕ ਅਤੇ ਲੇਬਰ ਮੁਹੱਈਆ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀ ਵਿਚ ਆਉਣ ਵਾਲੇ ਕਿਸਾਨਾਂ, ਆੜਤੀਆਂ ਜਾਂ ਮਜ਼ਦੂਰਾਂ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਨੇ ਖਰੀਦ ਏਂਜਸੀਆਂ ਨੂੰ ਹਦਾਇਤ ਕੀਤੀ ਕਿ ਰੋਜ਼ਾਨਾ ਜਿੰਨੀ ਕਣਕ ਆ ਰਹੀ ਹੈ ਓਨੀ ਕਣਕ ਦੀ ਖਰੀਦ ਕੀਤੀ ਜਾਵੇ ਤੇ ਲਿਫਟਿੰਗ ਵੀ ਨਾਲੋ ਨਾਲ ਕੀਤੀ ਜਾਵੇ।

Advertisement
Author Image

joginder kumar

View all posts

Advertisement
Advertisement
×