For the best experience, open
https://m.punjabitribuneonline.com
on your mobile browser.
Advertisement

ਤੀਹਰਾ ਕਤਲ ਕਾਂਡ: ਪੁਲੀਸ ਵੱਲੋਂ 11 ਖ਼ਿਲਾਫ਼ ਕੇਸ ਦਰਜ

08:44 AM Sep 05, 2024 IST
ਤੀਹਰਾ ਕਤਲ ਕਾਂਡ  ਪੁਲੀਸ ਵੱਲੋਂ 11 ਖ਼ਿਲਾਫ਼ ਕੇਸ ਦਰਜ
Advertisement

ਸੰਜੀਵ ਹਾਂਡਾ
ਫ਼ਿਰੋਜ਼ਪੁਰ, 4 ਸਤੰਬਰ
ਇੱਥੋਂ ਦੇ ਕੰਬੋਜ ਨਗਰ ਵਿਚ ਬੀਤੇ ਦਿਨੀਂ ਵਾਪਰੇ ਤੀਹਰੇ ਕਤਲ ਕਾਂਡ ਦੇ ਮਾਮਲੇ ਵਿਚ ਪੁਲੀਸ ਨੇ ਮ੍ਰਿਤਕ ਦਿਲਦੀਪ ਉਰਫ਼ ਲੱਲ੍ਹੀ ਦੀ ਮਾਂ ਚਰਨਜੀਤ ਕੌਰ ਦੇ ਬਿਆਨਾਂ ’ਤੇ ਗਿਆਰਾਂ ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿਚੋਂ ਅੱਠ ਦੀ ਪਛਾਣ ਕਰ ਲਈ ਗਈ ਹੈ, ਜਦਕਿ ਤਿੰਨ ਜਣੇ ਅਣਪਛਾਤੇ ਦੱਸੇ ਗਏ ਹਨ। ਪੁਲੀਸ ਨੇ ਮੌਕੇ ਤੋਂ ਪਿਸਤੌਲਾਂ ਦੇ 56 ਖੋਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ, ਜਿਸ ਵਰਨਾ ਕਾਰ ਵਿਚ ਦਿਲਦੀਪ ਦੇ ਹੋਰ ਸਵਾਰ ਸਨ, ਉਸ ਵਿਚੋਂ ਵੀ ਪੁਲੀਸ ਨੇ ਇੱਕ ਪਿਸਟਲ .30 ਬੋਰ ਸਮੇਤ ਤਿੰਨ ਮੈਗਜ਼ੀਨ ਬਰਾਮਦ ਕੀਤੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਅਸਲਾ ਦਿਲਦੀਪ ਦਾ ਹੋ ਸਕਦਾ ਹੈ ਕਿਉਂਕਿ ਉਸ ਉਪਰ ਪਹਿਲਾਂ ਤੋਂ ਕਤਲ ਦੇ ਦੋ ਕੇਸ ਚੱਲ ਰਹੇ ਸਨ, ਜਿਸ ਵਿਚੋਂ ਇੱਕ ਕੇਸ ਵਿਚ ਉਸ ਦਾ ਰਾਜ਼ੀਨਾਮਾ ਹੋ ਚੁੱਕਿਆ ਸੀ ਤੇ ਦੂਜੇ ਕੇਸ ਵਿਚ ਉਹ ਬਰੀ ਹੋ ਚੁੱਕਾ ਸੀ ਪਰ ਅਜੇ ਵੀ ਉਸ ਨੂੰ ਆਪਣੀ ਜਾਨ ਦਾ ਖ਼ਤਰਾ ਮਹਿਸੂਸ ਹੁੰਦਾ ਸੀ।
ਦਿਲਦੀਪ ਦੀ ਮਾਂ ਦੇ ਬਿਆਨਾਂ ਮੁਤਾਬਿਕ ਹੁਣ ਵੀ ਉਸ ਦੇ ਪੁੱਤਰ ਦਾ ਅਸ਼ੀਸ਼ ਚੋਪੜਾ ਅਤੇ ਹੈਪੀ ਮੱਲ ਨਾਂ ਦੇ ਦੋ ਨੌਜਵਾਨਾਂ ਨਾਲ ਪੁਰਾਣਾ ਝਗੜਾ ਚੱਲਦਾ ਆ ਰਿਹਾ ਸੀ ਤੇ ਦਿਲਦੀਪ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਇਸ ਦੌਰਾਨ ਤਿੰਨੋਂ ਮ੍ਰਿਤਕਾਂ ਦਾ ਪੋਸਟਮਾਰਟਮ ਅੱਜ ਫ਼ਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਕਰਨ ਮਗਰੋਂ ਉਨ੍ਹਾਂ ਦੀਆਂ ਲਾਸ਼ਾਂ ਪਰਿਵਾਰ ਦੇ ਸਪੁਰਦ ਕਰ ਦਿੱਤੀਆਂ ਗਈਆਂ ਹਨ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸਾਰੇ ਮੁਲਜ਼ਮ ਅਜੇ ਵੀ ਫ਼ਰਾਰ ਹਨ। ਇਸ ਵਾਰਦਾਤ ਵਿਚ ਜ਼ਖ਼ਮੀ ਹੋਏ ਬਾਕੀ ਦੋ ਨੌਜਵਾਨ ਅਨਮੋਲ ਅਤੇ ਹਰਪ੍ਰੀਤ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ। ਐੱਸਪੀ (ਡੀ) ਰਣਧੀਰ ਕੁਮਾਰ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਟੀਮਾਂ ਕੰਮ ਕਰ ਰਹੀਆਂ ਹਨ ਤੇ ਛਾਪੇ ਮਾਰੇ ਜਾ ਰਹੇ ਹਨ।

Advertisement

Advertisement
Advertisement
Author Image

joginder kumar

View all posts

Advertisement