For the best experience, open
https://m.punjabitribuneonline.com
on your mobile browser.
Advertisement

ਪੁਲੀਸ ਵੱਲੋਂ ਸ਼ੰਭੂ ਬਾਰਡਰ ’ਤੇ ਤੀਹਰੀ ਬੈਰੀਕੇਡਿੰਗ

07:36 AM Feb 12, 2024 IST
ਪੁਲੀਸ ਵੱਲੋਂ ਸ਼ੰਭੂ ਬਾਰਡਰ ’ਤੇ ਤੀਹਰੀ ਬੈਰੀਕੇਡਿੰਗ
ਸ਼ੰਭੂ ਬੈਰੀਅਰ ’ਤੇ ਐਤਵਾਰ ਨੂੰ ਪੁਲੀਸ ਵੱਲੋਂ ਲਾਈਆਂ ਗਈਆਂ ਰੋਕਾਂ। -ਫੋਟੋ: ਪੀਟੀਆਈ
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 11 ਫਰਵਰੀ
ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਰਾਹੀਂ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਪੁਲੀਸ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਜਾਰੀ ਹਨ। ਸ਼ੰਭੂ ਬਾਰਡਰ ਪੁਲੀਸ-ਛਾਉਣੀ ਵਿੱਚ ਤਬਦੀਲ ਹੋ ਗਿਆ ਹੈ। ਪੁਲੀਸ ਵੱਲੋਂ ਘੱਗਰ ਦੇ ਪੁਲ ਨੂੰ ਸਰਹੱਦ ਬਣਾ ਕੇ ਤੀਹਰੀ ਬੈਰੀਕੇਡਿੰਗ ਕੀਤੀ ਗਈ ਹੈ। ਦੂਜੀ ਲੇਅਰ ਦੇ ਬੈਰੀਕੇਡਸ ’ਤੇ ਕੰਡਿਆਲੀਆਂ ਤਾਰਾਂ ਲਾਈਆਂ ਗਈਆਂ ਹਨ। ਆਖ਼ਰੀ ਲੇਅਰ ਨੁਕੀਲੀਆਂ ਵੱਡੀਆਂ ਕਿੱਲਾਂ ਦੀ ਹੈ ਜੋ ਸੀਮੈਂਟ ਨਾਲ ਪੱਕੀਆਂ ਕੀਤੀਆਂ ਗਈਆਂ ਹਨ। ਪੁਲੀਸ ਵੱਲੋਂ ਅੰਦੋਲਨਕਾਰੀਆਂ ’ਤੇ ਨਜ਼ਰ ਰੱਖਣ ਲਈ ਘੱਗਰ ਪੁਲ ਤੇ 8 ਸੀਸੀਟੀਵੀ ਕੈਮਰੇ ਲਾਏ ਗਏ ਹਨ ਜਿਨ੍ਹਾਂ ਦੀ ਰੇਂਜ 40 ਮੀਟਰ ਤੱਕ ਦੀ ਹੈ। ਇਨ੍ਹਾਂ ਨੂੰ ਪੰਜਾਬ ਵੱਲ ਕਰ ਕੇ ਰੱਖਿਆ ਗਿਆ ਹੈ। ਆਰਏਐਫ, ਬੀਐਸਐਫ ਆਦਿ ਨੀਮ ਫੌਜੀ ਬਲਾਂ ਦੇ ਨਾਲ ਅੰਬਾਲਾ ਪੁਲੀਸ ਨੇ ਮੋਰਚਾ ਸੰਭਾਲ ਲਿਆ ਹੈ। ਵਜਰ ਵਾਹਨ, ਫਾਇਰ ਬ੍ਰਿਗੇਡ, ਜਲ ਤੋਪਾਂ ਦੀਆਂ ਗੱਡੀਆਂ ਆਦਿ ਤਾਇਨਾਤ ਕਰ ਦਿੱਤੇ ਗਏ ਹਨ। ਮੌਕੇ ਤੇ ਮੌਜੂਦ ਡੀਐਸਪੀ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ 13 ਤਾਰੀਕ ਦੀ ਕਾਲ ਗ਼ੈਰ-ਕਾਨੂੰਨੀ ਹੈ ਕਿਉਂਕਿ ਕਿਸਾਨ ਸੰਗਠਨਾਂ ਨੂੰ ਇਸ ਲਈ ਕੋਈ ਮਨਜ਼ੂਰੀ ਨਹੀਂ ਮਿਲੀ। ਡੀਐਸਪੀ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਦਿੱਲੀ ਕੂਚ ਨਾ ਕਰਨ ਨਹੀਂ ਤਾਂ ਉਨ੍ਹਾਂ ਨੂੰ ਰੋਕਣ ਲਈ ਫੋਰਸ ਵਰਤਣੀ ਪਵੇਗੀ।
ਜਾਣਕਾਰੀ ਅਨੁਸਾਰ ਸ਼ੰਭੂ ਬਾਰਡਰ ਤੇ ਪੰਜਾਬ ਵੱਲੋਂ 40-50 ਕਿਸਾਨ ਧਰਨਾ ਲਾਉਣ ਆ ਰਹੇ ਸਨ। ਹਰਿਆਣਾ ਪੁਲੀਸ ਨੇ ਅੱਥਰੂ ਗੈਸ ਦੇ ਅੱਠ ਗੋਲੇ ਛੱਡ ਕੇ ਉਨ੍ਹਾਂ ਨੂੰ ਭਜਾ ਦਿੱਤਾ।
ਦੂਜੇ ਪਾਸੇ, ਅੰਬਾਲਾ ਦੇ ਡੀਸੀ ਡਾ. ਸ਼ਾਲੀਨ ਨੇ ਦੱਸਿਆ ਕਿ ਕਿਸਾਨਾਂ ਦੇ 13 ਫਰਵਰੀ ਦਿੱਲੀ ਕੂਚ ਦੇ ਮੱਦੇਨਜ਼ਰ ਸਰਕਾਰ ਦੇ ਹੁਕਮਾਂ ਅਨੁਸਾਰ ਅੰਬਾਲਾ ਸ਼ਹਿਰ ਦੇ ਸੈਕਟਰ-10 ਸਥਿਤ ਰਾਜੀਵ ਗਾਂਧੀ ਖੇਡ ਸਟੇਡੀਅਮ ਨੂੰ ਆਰਜ਼ੀ ਜੇਲ੍ਹ ਬਣਾ ਦਿੱਤਾ ਗਿਆ ਹੈ। ਅੰਬਾਲਾ ਕੈਂਟ ਅਤੇ ਅੰਬਾਲਾ ਸ਼ਹਿਰ ਦੇ ਦੋ ਨੰਬਰਦਾਰਾਂ ਨੂੰ ਦਿੱਲੀ ਕੂਚ ਕਰਨ ਦੇ ਸਬੰਧ ’ਚ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।

Advertisement

Advertisement
Author Image

Advertisement
Advertisement
×