ਤ੍ਰੈਲੋਚਨ ਲੋਚੀ ਨੂੰ ‘ਰਾਬਿੰਦਰ ਨਾਥ ਟੈਗੋਰ ਕਵਿਤਾ ਪੁਰਸਕਾਰ’ ਪ੍ਰਦਾਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਅਗਸਤ
ਨੋਬਲ ਪੁਰਸਕਾਰ ਵਿਜੇਤਾ ਮਹਾਕਵੀ ਰਾਬਿੰਦਰ ਨਾਥ ਟੈਗੋਰ ਦੀ ਬਰਸੀ ਤੇ ਸ਼੍ਰੋਮਣੀ ਪੰਜਾਬੀ ਲੇਖਕ ਸੋਹਨ ਸਿੰਘ ਸੀਤਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਵਿੱਚ ਕੀਤਾ ਗਿਆ।
ਸਮਾਗਮ ਦੌਰਾਨ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ 7 ਮਈ 1861 ਨੂੰ ਜਨਮੇ ਤੇ 7 ਅਗਸਤ 1941 ਨੂੰ ਦੁਨੀਆ ਤੋਂ ਵਿਦਾ ਹੋਏ ਇਸ ਬੰਗਾਲੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਸੰਗੀਤਕਾਰ ਰਵਿੰਦਰ ਨਾਥ ਟੈਗੋਰ ਨੇ 19ਵੀਂ ਅਤੇ 20ਵੀਂ ਸਦੀ ਵਿੱਚ ਬੰਗਾਲੀ ਸਾਹਿਤ ਨੂੰ ਨਵੇਂ ਰਾਹਾਂ ਉੱਤੇ ਪਾਇਆ। ਸਬੱਬ ਨਾਲ ਅੱਜ ਹੀ ਪੰਜਾਬੀ ਨਾਵਲਕਾਰ, ਇਤਿਹਾਸਕਾਰ, ਸ਼੍ਰੋਮਣੀ ਢਾਡੀ ਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਗਿਆਨੀ ਸੋਹਣ ਸਿੰਘ ਸੀਤਲ ਦਾ ਵੀ ਜਨਮ ਦਿਹਾੜਾ ਹੈ। ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਰਨ ਕਮਲ ਸਿੰਘ ਅਤੇ ਮਾਲਵਾ ਸੱਭਿਆਚਾਰਕ ਮੰਚ ਦੇ ਚੇਅਰਮੈਨ ਕੇ ਕੇ ਬਾਵਾ ਨੇ ਕਿਹਾ ਕਿ ਹਰ ਸਾਲ ਇੱਕ ਪੰਜਾਬੀ ਕਵੀ ਨੂੰ ਰਾਬਿੰਦਰ ਨਾਥ ਟੈਗੋਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦਾ ਆਰੰਭ ਇਸ ਸਾਲ ਤੋਂ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੂੰ ਰਾਬਿੰਦਰ ਨਾਥ ਟੈਗੋਰ ਕਵਿਤਾ ਪੁਰਸਕਾਰ ਨਾਲ ਸਨਮਾਨਿਤ ਕਰ ਕੇ ਕੀਤਾ ਜਾ ਰਿਹਾ ਹੈ। ਉਕਤ ਸ਼ਖ਼ਸੀਅਤਾ ਨੇ ਤ੍ਰੈਲੋਚਨ ਲੋਚੀ ਨੂੰ ਰਾਬਿੰਦਰ ਨਾਥ ਟੈਗੋਰ ਕਵਿਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ। ਪੰਜਾਬੀ ਕਵਿੱਤਰੀ ਮਨਦੀਪ ਕੌਰ ਭਮਰਾ ਨੇ ਵੀ ਇਸ ਮੌਕੇ ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਤੇ ਮਾਲਵਾ ਸੱਭਿਆਚਾਰ ਮੰਚ ਦੀ ਸ਼ਲਾਘਾ ਕੀਤੀ।