ਟਰਾਈਡੈਂਟ ਆਪਣੀਆਂ ਇਕਾਈਆਂ ’ਚ ਵਰਤੇਗਾ ਪਰਾਲੀ
ਰਵਿੰਦਰ ਰਵੀ
ਬਰਨਾਲਾ, 27 ਨਵੰਬਰ
ਟਰਾਈਡੈਂਟ ਗਰੁੱਪ ਨੇ ਆਪਣੀਆਂ ਉਦਯੋਗਿਕ ਇਕਾਈਆਂ ਦੇ ਬਾਇਲਰਾਂ ਵਿੱਚ ਈਂਧਨ ਵਜੋਂ ਪਰਾਲੀ ਦੀ ਵਰਤੋਂ ਨੂੰ ਅਪਣਾਇਆ ਹੈ ਜਿਸ ਨਾਲ ਇਸ ਖੇਤਰ ਦੇ 2000 ਏਕੜ ਤੋਂ ਜ਼ਿਆਦਾ ਖੇਤਾਂ ਵਿੱਚ ਪਰਾਲੀ ਨੂੰ ਸਾੜਨ ਤੋਂ ਰੋਕਿਆ ਜਾ ਰਿਹਾ ਹੈ। ਟਰਾਈਡੈਂਟ ਗਰੁੱਪ ਵੱਲੋਂ ਪਰਾਲੀ ਨਾ ਸਾੜਨ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਦੋ ਹਜ਼ਾਰ ਏਕੜ ਦੀ ਪਰਾਲੀ ਨੂੰ ਟਰਾਈਡੈਂਟ ਦੀਆਂ ਉਦਯੋਗਿਕ ਇਕਾਈਆਂ ਦੇ ਬਾਇਲਰਾਂ ’ਚ ਵਰਤਿਆ ਜਾਵੇਗਾ। ਰਵਾਇਤੀ ਰੂਪ ਤੋਂ ਫ਼ਸਲ ਦੀ ਕਟਾਈ ਤੋਂ ਬਾਅਦ ਖੇਤਾਂ ਨੂੰ ਸਾਫ਼ ਕਰਨ ਲਈ ਪਰਾਲੀ ਨੂੰ ਸਾੜਨਾ ਇੱਕ ਆਸਾਨ ਤਰੀਕਾ ਮੰਨਿਆ ਜਾਂਦਾ ਰਿਹਾ ਹੈ ਪਰ ਇਹ ਤਰੀਕਾ ਉੱਤਰੀ ਭਾਰਤ ਵਿੱਚ ਹਵਾ ਪ੍ਰਦੂਸ਼ਣ ਨੂੰ ਵਧਾਉਣ ਦਾ ਮੁੱਖ ਕਾਰਨ ਬਣ ਗਿਆ ਹੈ। ਪਰਾਲੀ ਸਾੜਨ ਨਾਲ ਪ੍ਰਦੂਸ਼ਣ ਦੇ ਜੋ ਕਣ ਨਿੱਕਲਦੇ ਹਨ, ਉਹ ਸਾਹ ਸਬੰਧੀ ਸਮੱਸਿਆਵਾਂ ਪੈਦਾ ਕਰਦੇ ਹਨ, ਧੁਆਂਖੀ ਧੁੰਦ ਅਤੇ ਪੰਜਾਬ, ਹਰਿਆਣਾ ਅਤੇ ਦਿੱਲੀ ਐੱਨਸੀਆਰ ਵਿੱਚ ਪ੍ਰਦੂਸ਼ਣ ’ਚ ਵਾਧਾ ਕਰਦੇ ਹਨ। ਲਗਾਤਾਰ ਨਿਕਲਣ ਵਾਲਾ ਧੂੰਆਂ ਦਿੱਲੀ ਦੇ ਮੌਸਮੀ ਪ੍ਰਦੂਸ਼ਣ ਵਿੱਚ 44 ਫੀਸਦੀ ਤੋਂ ਜ਼ਿਆਦਾ ਦੇ ਵਾਧੇ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।