ਗੁਰੂ ਨਾਨਕ ਖਾਲਸਾ ਕਾਲਜ ਵੱਲੋਂ ਤਿਰੰਗਾ ਯਾਤਰਾ
ਪੱਤਰ ਪ੍ਰੇਰਕ
ਯਮੁਨਾਨਗਰ, 14 ਅਗਸਤ
ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਗੁਰੂ ਨਾਨਕ ਖਾਲਸਾ ਕਾਲਜ ਦੇ ਐੱਨਸੀਸੀ ਕੈਡਿਟਾਂ, ਐੱਨਐੱਸਐੱਸ, ਰੋਟ੍ਰੈਕਟ ਅਤੇ ਸਮਾਜ ਸੇਵਾ ਵਿਭਾਗ ਦੇ ਵਿਦਿਆਰਥੀਆਂ ਨੇ ਤਿਰੰਗਾ ਯਾਤਰਾ ਵਿੱਚ ਹਿੱਸਾ ਲਿਆ ਅਤੇ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਸਹੁੰ ਚੁੱਕੀ । ਇਸ ਮੁਹਿੰਮ ਦਾ ਵਿਸ਼ਾ ਵਿਕਸਿਤ ਭਾਰਤ, ਨਸ਼ਾ ਮੁਕਤ ਭਾਰਤ ਸੀ। ਕਾਲਜ ਦੇ ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਕੰਗ ਨੇ ਕਿਹਾ ਕਿ ਕਾਲਜ ਕੈਂਪਸ ਸਿਹਤਮੰਦ, ਨਸ਼ਾ ਮੁਕਤ ਵਾਤਾਵਰਨ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ ਜੋ ਕਿ ਇੱਕ ਵਿਕਸਤ ਅਤੇ ਸਮਰੱਥ ਭਾਰਤ ਦੇ ਸੁਫਨੇ ਸਾਕਾਰ ਕਰਨ ਵੱਲ ਇੱਕ ਕਦਮ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਮੁਕਤ ਹੋ ਕੇ ਸਾਦਾ ਅਤੇ ਉੱਚ ਵਿਚਾਰਾਂ ਵਾਲਾ ਜੀਵਨ ਜੀਣ ਲਈ ਪ੍ਰੇਰਿਤ ਕੀਤਾ ਤੇ ਬਾਅਦ ਵਿੱਚ ਉਨ੍ਹਾਂ ਨੇ ਨਸ਼ਾ ਮੁਕਤੀ ਦੀ ਵਿਦਿਆਰਥੀਆਂ ਨੂੰ ਸਹੁੰ ਚੁਕਾਈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਮੁਹਿੰਮ ਦਾ ਹਿੱਸਾ ਬਨਣ ’ਤੇ ਸਾਡੀ ਸੰਸਥਾ ਨੂੰ ਮਾਣ ਹੈ। ਸਮਾਜ ਸੇਵਾ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਹੇਮੰਤ ਮਿਸ਼ਰਾ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਮੁਹਿੰਮ ਸਿਹਤਮੰਦ ਸਮਾਜ ਦੇ ਵਿਕਾਸ ਲਈ ਮਹੱਤਵਪੂਰਨ ਹੈ। ਸਮਾਗਮ ਵਿੱਚ ਡਾ. ਸਾਹਿਬ ਸਿੰਘ, ਡਾ. ਅਨੁਰਾਗ, ਡਾ. ਅਮਰਜੀਤ ਸਿੰਘ, ਡਾ. ਵਿਨੈ ਚੰਦੇਲ, ਪ੍ਰੋਫੈਸਰ ਅਨਿਕਾ, ਪ੍ਰੋਫੈਸਰ ਸ਼ਿਲਪੀ ਬਖਸ਼ੀ, ਪ੍ਰੋਫੈਸਰ ਮਨੀਸ਼ਾ ਅਤੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ ।