For the best experience, open
https://m.punjabitribuneonline.com
on your mobile browser.
Advertisement

ਟ੍ਰਾਈਸਿਟੀ: ਕੈਬ ਤੇ ਆਟੋ ਚਾਲਕਾਂ ਨੇ ਪਾਇਆ ਸੰਘਰਸ਼ੀ ਗੇਅਰ

06:39 AM Aug 11, 2023 IST
ਟ੍ਰਾਈਸਿਟੀ  ਕੈਬ ਤੇ ਆਟੋ ਚਾਲਕਾਂ ਨੇ ਪਾਇਆ ਸੰਘਰਸ਼ੀ ਗੇਅਰ
ਸੈਕਟਰ-25 ਵਿੱਚ ਭੁੱਖ ਹੜਤਾਲ ’ਤੇ ਬੈਠੇ ਕੈਬ ਤੇ ਆਟੋ ਚਾਲਕ। -ਫੋਟੋ: ਪ੍ਰਦੀਪ ਤਿਵਾੜੀ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 10 ਅਗਸਤ
ਚੰਡੀਗੜ੍ਹ ’ਚ ਕੈਬ ਚਾਲਕ ਦੀ ਹੱਤਿਆ ਤੋਂ ਬਾਅਦ ਆਪਣੀ ਸੁਰੱਖਿਆ ਦੀ ਮੰਗ ਲਈ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਦੇ ਕੈਬ ਤੇ ਥ੍ਰੀ ਵ੍ਹੀਲਰ ਚਾਲਕਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਹੜਤਾਲ ਦਾ ਅੱਜ ਮਿਲਿਆ ਜੁਲਿਆ ਅਸਰ ਦਿਖਾਈ ਦਿੱਤਾ। ਅੱਜ ਕੈਬ ਤੇ ਆਟੋ ਡਰਾਈਵਰ ਯੂਨੀਅਨ ਨੇ ਸੈਕਟਰ-25 ਸਥਿਤ ਰੈਲੀ ਗਰਾਊਂਡ ਵਿੱਚ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਟ੍ਰਾਈਸਿਟੀ ਦੇ ਵੱਡੀ ਗਿਣਤੀ ਕੈਬ ਚਾਲਕਾਂ ਨੇ ਆਪਣੀਆਂ ਗੱਡੀਆਂ ਖੜ੍ਹੀਆਂ ਕਰ ਕੇ ਕੈਬ ਕੰਪਨੀਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਦੇ ਨਾਮ ਇਕ ਮੰਗ ਪੱਤਰ ਭੇਜਿਆ, ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਸ਼ੁਰੂਆਤੀ ਸਮੇਂ ’ਚ 10 ਤੋਂ 15 ਅਗਸਤ ਤੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜੇਕਰ ਉਨ੍ਹਾਂ ਦੀਆਂ ਮੰਗਾ ਨਾ ਮੰਨੀਆ ਗਈਆਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।
ਕੈਬ ਤੇ ਆਟੋ ਡਰਾਈਵਰ ਯੂਨੀਅਨ ਦੇ ਆਗੂ ਅਮਨਦੀਪ ਸਿੰਘ, ਇੰਦਰਜੀਤ ਸਿੰਘ, ਸੋਮਵੀਰ ਸਿੰਘ ਤੇ ਅਨਿਲ ਕੁਮਾਰ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਸਫ਼ਰ ਸਹੂਲਤਾਂ ਦੇਣ ਵਾਲੀਆਂ ਕੈਬ ਕੰਪਨੀਆਂ ਵੱਲੋਂ ਕੈਬ ਚਾਲਕਾਂ ਨੂੰ ਟੈਕਸ, ਕਮਿਸ਼ਨ, ਕਿਰਾਏ ਤੇ ਸੁਰੱਖਿਆ ਸਬੰਧੀ ਸਮੇਂ-ਸਮੇਂ ’ਤੇ ਜਲੀਲ ਅਤੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੈਬ ਕੰਪਨੀਆਂ ਵੱਲੋਂ ਚਾਲਕਾਂ ਦੀ ਪੁਲੀਸ ਵੈਰੀਫਿਕੇਸ਼ ਕਰਵਾਈ ਜਾਂਦੀ ਹੈ ਪਰ ਕੈਬ ਬੁੱਕ ਕਰਨ ਵਾਲੇ ਗਾਹਕ ਦੀ ਕੋਈ ਸ਼ਨਾਖਤ ਨਹੀਂ ਕੀਤੀ ਜਾਂਦੀ। ਇਸ ਤਰ੍ਹਾਂ 24 ਘੰਟੇ ਸੜਕਾਂ ’ਤੇ ਕੈਬ ਚਲਾਉਣ ਵਾਲੇ ਚਾਲਕ ਦੀ ਕੋਈ ਸੁਰੱਖਿਆ ਨਹੀਂ ਕੀਤੀ ਜਾਂਦੀ। ਇਸੇ ਕਰ ਕੇ ਵਧੇਰੇ ਵਾਰ ਸ਼ਰਾਰਤੀ ਅਨਸਰ ਕੈਬ ਬੁੱਕ ਕਰ ਕੇ ਲੁੱਟਾਂ-ਖੋਹਾਂ ਕਰਦੇ ਹਨ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਕੈਬ ਕੰਪਨੀਆਂ ਵੱਲੋਂ ਉਨ੍ਹਾਂ ਨੂੰ ਬਹੁਤ ਘੱਟ ਅਦਾਇਗੀ ਕੀਤੀ ਜਾਂਦੀ ਹੈ, ਜਦੋਂ ਕਿ ਪਹਿਲੇ ਤਿੰਨ ਕਿੱਲੋਮੀਟਰ ਲਈ 100 ਰੁਪਏ ਅਤੇ 20 ਤੋਂ 25 ਰੁਪਏ ਪ੍ਰਤੀ ਕਿਲੋਮੀਟਰ ਕਿਰਾਇਆ ਤੈਅ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਸ਼ਹਿਰ ਵਿੱਚ ਮੋਟਰਸਾਈਕਲ ਟੈਕਸੀ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀ ਪਿੱਕ ਤੇ ਡਰਾਪ ਐੱਪ, ਕੈਬ ਚਾਲਕਾਂ ਦਾ 5 ਤੋਂ 10 ਲੱਖ ਰੁਪਏ ਤੱਕ ਦੀ ਇੰਸ਼ੋਰੈਂਸ ਲਾਜ਼ਮੀ ਕਰਵਾਉਣ ਦੀ ਮੰਗ ਕੀਤੀ। ਯੂਨੀਅਨ ਆਗੂਆਂ ਨੇ ਕਿਹਾ ਕਿ ਕੈਬ ਚਾਲਕਾਂ ਦੀ ਸੁਰੱਖਿਆ ਯਕੀਨੀ ਬਨਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ।

Advertisement

ਹੜਤਾਲ ਕਾਰਨ ਲੋਕ ਹੋਏ ਖੱਜਲ ਖੁਆਰ

ਟ੍ਰਾਈਸਿਟੀ ਦੇ ਜ਼ਿਆਦਾਤਰ ਕੈਬ ਤੇ ਥ੍ਰੀ ਵ੍ਹੀਲਰ ਚਾਲਕਾਂ ਦੇ ਹੜਤਾਲ ’ਤੇ ਜਾਣ ਕਾਰਨ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ ਹੈ। ਦੂਜੇ ਪਾਸੇ ਕੈਬ ਚਾਲਕਾਂ ਦੀ ਹੜਤਾਲ ਕਾਰਨ ਕੈਬ ਕੰਪਨੀਆਂ ਨੇ ਕਿਰਾਇਆ ਵਿੱਚ ਵਾਧਾ ਕਰ ਦਿੱਤਾ, ਜਿਸ ਕਰ ਕੇ ਲੋਕਾਂ ਦੀ ਜੇਬ੍ਹ ’ਤੇ ਵੀ ਅਸਰ ਪਿਆ। ਕੈਬ ਦੀ ਵਰਤੋਂ ਕਰਕੋ ਰੋਜ਼ਾਨਾ ਨੌਕਰੀ ’ਤੇ ਜਾਣ ਵਾਲੇ ਅਤੇ ਪੀਜੀਆਈ, ਪੀਯੂ ਆਉਣ ਵਾਲੇ ਲੋਕ ਬਹੁਤ ਮੁਸ਼ਕਿਲ ’ਚ ਪੈਂਦੇ ਦਿਖਾਈ ਦਿੱਤੇ। ਇਸ ਸਬੰਧੀ ਸੈਕਟਰ-20 ਦੇ ਪੰਕਜ ਗੋਇਲ ਨੇ ਕਿਹਾ ਕਿ ਉਹ ਰੋਜ਼ਾਨਾ ਕੈਬ ਰਾਹੀਂ ਡਿਊਟੀ ’ਤੇ ਜਾਂਦਾ ਹੈ, ਪਰ ਅੱਜ ਹੜਤਾਲ ਕਰ ਕੇ ਕੈਬ ਜਲਦੀ ਬੁੱਕ ਨਹੀਂ ਹੋਈ, ਜੇਕਰ ਬੁੱਕ ਹੋਈ ਵੀ ਹੈ ਤਾਂ ਉਸ ਦੀ ਕੀਮਤ ਆਮ ਦਿਨਾਂ ਨਾਲੋਂ ਬਹੁਤ ਵੱਧ ਸੀ।

Advertisement

Advertisement
Author Image

joginder kumar

View all posts

Advertisement