ਦੰਗਿਆਂ ਵਿੱਚ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਭੇਟ
ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਸਤੰਬਰ
ਜਗਦੀਸ਼ ਟਾਈਟਲਰ ਖ਼ਿਲਾਫ਼ ਚੱਲ ਰਹੇ ਕੇਸ ਦਾ ਫੈਸਲਾ ਹੋਣ ਤੋਂ ਬਾਅਦ ਅੱਜ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਗੁਰਦੁਆਰਾ ਸ੍ਰੀ ਸਿੰਘ ਸਭਾ ਪੁਲ ਬੰਗਸ਼ ਵਿੱਚ ਪਹੁੰਚ ਕੇ ਸਿੱਖ ਭਰਾਵਾਂ ਨੂੰ ਇਨਸਾਫ ਮਿਲਣ ਦੀ ਆਸ ਪੂਰੀ ਕਰਦੇ ਹੋਏ ਅਰਦਾਸ ਕੀਤੀ ਅਤੇ ਗੁਰੂ ਦਾ ਸ਼ੁਕਰਾਨਾ ਕੀਤਾ।
ਇਸ ਮੌਕੇ ਸ੍ਰੀ ਸਚਦੇਵਾ ਦੇ ਨਾਲ ਚਾਂਦਨੀ ਚੌਕ ਜ਼ਿਲ੍ਹਾ ਭਾਜਪਾ ਪ੍ਰਧਾਨ ਕੁਲਦੀਪ ਸਿੰਘ, ਦਿੱਲੀ ਭਾਜਪਾ ਦੇ ਮੀਡੀਆ ਮੁਖੀ ਪ੍ਰਵੀਨ ਸ਼ੰਕਰ ਕਪੂਰ ਅਤੇ ਸਥਾਨਕ ਸਿੱਖ ਸੰਗਤ ਦੇ ਨੁਮਾਇੰਦੇ ਹਾਜ਼ਰ ਸਨ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਸੂਬਾਈ ਪ੍ਰਧਾਨ ਨੇ ਕਿਹਾ ਕਿ ਨਵੰਬਰ 1984 ਵਿੱਚ ਕਾਂਗਰਸ ਨਾਲ ਸਬੰਧਤ ਦੰਗਾਕਾਰੀਆਂ ਵੱਲੋਂ ਤਿੰਨ ਸਿੱਖ ਸਾਹਿਬਾਨ ਦਾ ਕਤਲ ਕਰ ਦਿੱਤਾ ਗਿਆ ਸੀ, ਕਈ ਜ਼ਖ਼ਮੀ ਹੋਏ ਸਨ। ਇਸ ਦੌਰਾਨ ਗੁਰਦੁਆਰੇ ਵਿੱਚ ਬੇਅਦਬੀ ਵੀ ਹੋਈ ਸੀ। ਇਸ ਮੌਕੇ ਉਨ੍ਹਾਂ ਕਿਹਾ ਕਿ 40 ਸਾਲਾਂ ਤੱਕ ਸਥਾਨਕ ਸਿੱਖ, ਜਿਨ੍ਹਾਂ ਨੇ ਤਤਕਾਲੀ ਮੰਤਰੀ ਜਗਦੀਸ਼ ਟਾਈਟਲਰ ਨੂੰ ਦੰਗੇ ਭੜਕਾਉਂਦੇ ਦੇਖਿਆ ਸੀ, ਉਸ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕਰਦੇ ਰਹੇ, ਪਰ ਕਾਂਗਰਸ ਉਨ੍ਹਾਂ ਦਾ ਬਚਾਅ ਕਰਦੀ ਰਹੀ। ਉਨ੍ਹਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖਾਂ ਨੂੰ ਇਨਸਾਫ਼ ਦਿਵਾਉਣ ਦੇ ਦ੍ਰਿੜ ਇਰਾਦੇ ਸਦਕਾ ਆਖਰਕਾਰ ਜਗਦੀਸ਼ ਟਾਈਟਲਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਹੁਣ ਜਲਦੀ ਹੀ ਜਗਦੀਸ਼ ਟਾਈਟਲਰ ਵੀ ਸੱਜਣ ਕੁਮਾਰ ਵਾਂਗ ਜੇਲ੍ਹ ਵਿੱਚ ਹੋਵੇਗਾ।