For the best experience, open
https://m.punjabitribuneonline.com
on your mobile browser.
Advertisement

ਪੁਲੀਸ ਯਾਦਗਾਰ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

10:45 AM Oct 22, 2024 IST
ਪੁਲੀਸ ਯਾਦਗਾਰ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਸ਼ਹੀਦ ਜਵਾਨ ਦੇ ਪਰਿਵਾਰ ਦਾ ਸਨਮਾਨ ਕਰਦੇ ਹੋਏ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ। -ਫੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਅਕਤੂਬਰ
ਅੱਜ ਇਥੇ ਪੁਲੀਸ ਕਮਿਸ਼ਨਰੇਟ ਅਤੇ ਜ਼ਿਲ੍ਹਾ ਦਿਹਾਤੀ ਪੁਲੀਸ ਵੱਲੋਂ ਵੱਖ-ਵੱਖ ਥਾਵਾਂ ’ਤੇ ਪੁਲੀਸ ਸ਼ਹੀਦੀ ਯਾਦਗਾਰੀ ਦਿਵਸ ਮਨਾਇਆ ਗਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਇਸ ਸਬੰਧੀ ਵਿੱਚ ਪੁਲੀਸ ਕਮਿਸ਼ਨਰੇਟ ਵਲੋਂ ਪੁਲੀਸ ਲਾਈਨ ਵਿੱਚ ਮਨਾਏ ਗਏ ਸ਼ਹੀਦੀ ਯਾਦਗਾਰੀ ਦਿਵਸ ਮੌਕੇ ਸ਼ਹੀਦੀ ਸਮਾਰਕ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਪੁਲੀਸ ਦੇ ਏਸੀਪੀ ਮਨਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਪਰੇਡ ਕਮਾਂਡਰ ਅਤੇ ਪੁਲੀਸ ਗਾਰਦ ਨੇ ਸ਼ਹੀਦਾਂ ਨੂੰ ਸਲਾਮੀ ਦਿੱਤੀ। ਇਸ ਮੌਕੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ 21 ਅਕਤੂਬਰ 1959 ਨੂੰ ਸੀਆਰਪੀਐੱਫ ਦੇ 10 ਜਵਾਨਾਂ ਦੀ ਇੱਕ ਟੁਕੜੀ ਲੱਦਾਖ ਵਿੱਚ ਭਾਰਤ ਚੀਨ ਸਰਹੱਦ ’ਤੇ ਗਸ਼ਤ ਕਰਦੇ ਸਮੇਂ ਸ਼ਹੀਦ ਹੋ ਗਏ ਸਨ ਤੇ ਉਸ ਵੇਲੇ ਤੋਂ ਇਸ ਦਿਨ ਨੂੰ ਸ਼ਹੀਦੀ ਦਿਨ ਵਜੋਂ ਮਨਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦਾ ਇਤਿਹਾਸ ਵੀ ਵਿਲੱਖਣ ਅਤੇ ਬਹਾਦਰੀ ਭਰਿਆ ਹੈ। ਪੰਜਾਬ ਵਿੱਚ ਅਤਿਵਾਦ ਦੇ ਦਿਨਾਂ ਵਿੱਚ ਪੁਲੀਸ ਨੇ ਦਲੇਰੀ ਅਤੇ ਬਹਾਦਰੀ ਨਾਲ ਮੁਕਾਬਲਾ ਕੀਤਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਹੇਠ ਆਉਂਦੇ ਜ਼ਿਲ੍ਹੇ ਵਿੱਚੋਂ ਲਗਪੱਗ 119 ਪੁਲੀਸ ਜਵਾਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ, ਜਿਨ੍ਹਾਂ ਨੂੰ ਅੱਜ ਯਾਦ ਕੀਤਾ ਅਤੇ ਸ਼ਰਧਾਂਜਲੀ ਦਿੱਤੀ। ਇਸੇ ਤਰ੍ਹਾਂ ਜ਼ਿਲਾ ਦਿਹਾਤੀ ਪੁਲੀਸ ਵੱਲੋਂ ਪੁਲੀਸ ਲਾਈਨ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਬਾਰਡਰ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਅਤੇ ਐੱਸਐੱਸਪੀ ਚਰਨਜੀਤ ਸਿੰਘ ਅਤੇ ਹੋਰ ਪੁਲੀਸ ਅਧਿਕਾਰੀਆਂ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਡੀਐੱਸਪੀ ਧਰਮਿੰਦਰ ਕਲਿਆਣ ਦੀ ਅਗਵਾਈ ਹੇਠ ਪੁਲੀਸ ਜਵਾਨਾਂ ਨੇ ਸ਼ਹੀਦਾਂ ਨੂੰ ਸਲਾਮੀ ਦਿੱਤੀ ਅਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਡੀਆਈਜੀ ਸਤਿੰਦਰ ਸਿੰਘ ਅਤੇ ਐੱਸਐੱਸਪੀ ਚਰਨਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਅਧਿਕਾਰੀਆਂ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।
ਤਰਨ ਤਾਰਨ (ਗੁਰਬਖਸ਼ਪੁਰੀ): ਡਿਊਟੀ ਕਰਦਿਆਂ ਦੇਸ਼ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਦਿਆਂ ਸ਼ਹੀਦ ਹੋ ਗਏ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਜ਼ਿਲ੍ਹਾ ਪੁਲੀਸ ਵਲੋਂ ਅੱਜ ਇਥੇ ਕੀਤੇ ਇਕ ਸਮਾਗਮ ਵਿੱਚ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸਮਾਗਮ ਵਿੱਚ ਸ਼ਹੀਦ ਪਰਿਵਾਰਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਐੱਸਐੱਸਪੀ ਗੌਰਵ ਤੂਰਾ ਨੇ ਸ਼ਹੀਦ ਹੋ ਗਏ ਅਧਿਕਾਰੀਆਂ ਅਤੇ ਜਵਾਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ।
ਪਠਾਨਕੋਟ (ਐੱਨਪੀ ਧਵਨ): ਇਥੇ ਪੁਲੀਸ ਲਾਈਨ ਵਿੱਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਜਿਸ ਵਿੱਚ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ, ਵਧੀਕ ਡੀਸੀ (ਹੈਡਕੁਆਰਟਰ) ਹਰਦੀਪ ਸਿੰਘ, ਕੁੰਵਰ ਰਵਿੰਦਰ ਸਿੰਘ ਵਿੱਕੀ, ਡੀਐਸਪੀ ਸੁਮੀਰ ਸਿੰਘ ਮਾਨ, ਡੀਐੱਸਪੀ ਮੰਗਲ ਸਿੰਘ, ਡੀਐੱਸਪੀ ਜਗਦੀਸ਼ ਰਾਜ, ਡੀਐੱਸਪੀ ਸੁਖਵਿੰਦਰ ਸਿੰਘ, ਵੱਖ-ਵੱਖ ਥਾਣਿਆਂ ਦੇ ਮੁਖੀ ਅਤੇ ਸ਼ਹੀਦ ਜਵਾਨਾਂ ਦੇ ਪਰਿਵਾਰ ਸ਼ਾਮਲ ਹੋਏ। ਸਮੂਹ ਅਧਿਕਾਰੀਆਂ ਨੇ ਸ਼ਹੀਦਾਂ ਨੂੰ ਸਲਾਮੀ ਦਿੱਤੀ।

Advertisement

ਬਟਾਲਾ ਪੁਲੀਸ ਲਾਈਨ ਵਿੱਚ ਸਮਾਗਮ ਕਰਵਾਇਆ

ਬਟਾਲਾ (ਹਰਜੀਤ ਸਿੰਘ ਪਰਮਾਰ): ਇਥੇ ਪੁਲੀਸ ਲਾਈਨ ਵਿੱਚ ਅੱਜ ਪੁਲੀਸ ਸ਼ਹੀਦੀ ਦਿਵਸ ਮੌਕੇ ਦੇਸ਼ ਖਾਤਰ ਸ਼ਹੀਦ ਹੋਏ ਪੰਜਾਬ ਪੁਲੀਸ ਤੇ ਹੋਰ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਐੱਸਐੱਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਕਿਹਾ ਕਿ ਪੰਜਾਬ ਪੁਲੀਸ ਦੇ ਬਹਾਦਰ ਜਵਾਨਾਂ ਨੇ ਹਮੇਸ਼ਾ ਹੀ ਸੂਬੇ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਦਿਆਂ ਵੱਡੀਆਂ ਕੁਰਬਾਨੀਆਂ ਦੇ ਕੇ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ। ਇਸ ਮੌਕੇ ਹਰਪ੍ਰੀਤ ਸਿੰਘ ਐਡੀਸ਼ਨਲ ਸ਼ੈਸਨ ਜੱਜ, ਵਿਕਰਮਜੀਤ ਸਿੰਘ ਐਸਡੀਐਮ ਬਟਾਲਾ, ਜਸਵੰਤ ਕੌਰ ਐੱਸਪੀ, ਸਮੂਹ ਡੀਐੱਸਪੀਜ਼, ਸਮੂਹ ਥਾਣਾ ਮੁਖੀ ਅਤੇ ਸ਼ਹੀਦ ਜਵਾਨਾਂ ਦੇ ਪਰਿਵਾਰਕ ਮੈਂਬਰ ਅਤੇ ਸਾਬਕਾ ਪੁਲੀਸ ਅਧਿਕਾਰੀ ਮੌਜੂਦ ਸਨ। ਐੱਸਐੱਸਪੀ ਸੁਹੇਲ ਕਾਸਿਮ ਮੀਰ ਨੇ ਕਿਹਾ, ‘‘ਸ਼ਹੀਦਾਂ ਦੇ ਪਰਿਵਾਰ ਸਾਡੇ ਆਪਣੇ ਪਰਿਵਾਰ ਹਨ ਅਤੇ ਪੁਲੀਸ ਵਿਭਾਗ ਸ਼ਹੀਦ ਪਰਿਵਾਰਾਂ ਦੇ ਹਰ ਦੁੱਖ-ਸੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜਾ ਹੈ।’’ ਇਸ ਤੋਂ ਪਹਿਲਾਂ ਤੇਜਿੰਦਰਪਾਲ ਸਿੰਘ, ਡੀਐੱਸਪੀ (ਐੱਚ) ਦੀ ਕਮਾਂਡ ਹੇਠ ਪੁਲੀਸ ਦੇ ਜਵਾਨਾਂ ਨੇ ਸ਼ੋਕ ਸਲਾਮੀ ਦੌਰਾਨ ਹਥਿਆਰ ਉਲਟੇ ਕਰਕੇ ਸ਼ਹੀਦ ਅਫਸਰਾਂ ਤੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੋ ਮਿੰਟ ਦਾ ਮੌਨ ਧਾਰਨ ਕੀਤਾ। ਇਸ ਮੌਕੇ ਰਿਪੂਤਪਨ ਸਿੰਘ ਡੀਐੱਸਪੀ (ਡੀ) ਵੱਲੋਂ ਪਿਛਲੇ ਇੱਕ ਸਾਲ ਦੌਰਾਨ ਦੇਸ਼ ਭਰ ਵਿੱਚ ਸ਼ਹੀਦ ਹੋਏ ਸੁਰੱਖਿਆ ਜਵਾਨਾਂ ਦੇ ਨਾਮ ਪੜ੍ਹ ਕੇ ਉਨਾਂ ਨੂੰ ਸ਼ਰਧਾਂਜਲੀ ਦਿੱਤੀ। ਉਪਰੰਤ ਐਸਐਸਪੀ ਬਟਾਲਾ ਵੱਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਦੁੱਖ-ਤਕਲੀਫ਼ਾਂ ਵੀ ਸੁਣੀਆਂ।

Advertisement

Advertisement
Author Image

Advertisement