For the best experience, open
https://m.punjabitribuneonline.com
on your mobile browser.
Advertisement

ਜੱਲ੍ਹਿਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

11:01 AM Apr 14, 2024 IST
ਜੱਲ੍ਹਿਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਜੱਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਪੁਲੀਸ ਦੇ ਜਵਾਨ।-ਫੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 13 ਅਪਰੈਲ
ਜੱਲ੍ਹਿਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਅੱਜ ਜੱਲ੍ਹਿਆਂਵਾਲਾ ਬਾਗ ਸਥਿਤ ਸ਼ਹੀਦੀ ਸਮਾਰਕ ’ਤੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਪ੍ਰਾਰਥਨਾ ਸਭਾ ਕਰਵਾਈ ਗਈ। ਇੱਕ ਵੱਖਰੇ ਸਮਾਗਮ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸ਼ਹੀਦ ਪਰਿਵਾਰ ਨਾਲ ਸਬੰਧਤ ਸੁਨੀਲ ਕਪੂਰ ਨੇ ਦੱਸਿਆ ਕਿ ਅੱਜ ਚਾਰੋਂ ਧਰਮਾਂ ਦੀਆਂ ਪ੍ਰਾਰਥਨਾ ਕਰਕੇ ਸ਼ਰਧਾਂਜਲੀ ਦਿੱਤੀ ਗਈ ਹੈ। ਇਸ ਸਬੰਧ ਵਿੱਚ ਮੰਦਿਰ ਤੋਂ ਪੁਜਾਰੀ , ਗੁਰਦੁਆਰੇ ਤੋਂ ਗ੍ਰੰਥੀ , ਚਰਚ ਤੋਂ ਪਾਦਰੀ ਅਤੇ ਮਸਜਿਦ ਤੋਂ ਮੌਲਵੀ ਵੱਲੋਂ ਪ੍ਰਾਰਥਨਾ ਅਤੇ ਦੁਆ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰਾਂ ਵੱਲੋਂ ਹੁਣ ਤੱਕ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਣਦਾ ਰੁਤਬਾ ਤੇ ਸਨਮਾਨ ਨਹੀਂ ਦਿੱਤਾ ਗਿਆ, ਜਿਸ ਦੇ ਉਹ ਹੱਕਦਾਰ ਹਨ । ਇਸ ਮੌਕੇ ਸ਼ਹੀਦ ਪਰਿਵਾਰਾਂ ਵਿੱਚੋਂ ਅਜ਼ਾਨ ਕਪੂਰ, ਕਰਨਜੀਤ ਸਿੰਘ ,ਰਜਿੰਦਰ ਸ਼ਰਮਾ ,ਜਗਦੀਸ਼ ਕੁਮਾਰ, ਰਾਜੇਸ਼ ਕਪੂਰ, ਹਰਪ੍ਰੀਤ ਪਾਲ ਸਿੰਘ ਤੇ ਹੋਰ ਹਾਜ਼ਰ ਸਨ ।
ਮਗਰੋਂ ਜਿਲ੍ਹਾ ਪ੍ਸ਼ਾਸਨ ਵੱਲੋਂ ਕੀਤੇ ਸ਼ਹੀਦੀ ਸਮਾਗਮ ਵਿੱਚ ਐੱਸਡੀਐੱਮ ਮਨਕੰਵਲ ਸਿੰਘ ਚਾਹਲ ਨੇ ਜੱਲ੍ਹਿਆਂਵਾਲਾ ਬਾਗ਼ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪੁਲੀਸ ਬਲ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਭਾਜਪਾ ਆਗੂ ਅਤੇ ਦੁਰਗਿਆਨਾ ਮੰਦਰ ਕਮੇਟੀ ਦੀ ਮੁਖੀ ਲਕਸ਼ਮੀ ਕਾਂਤਾ ਚਾਵਲਾ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮੌਕੇ ਸ਼ਹੀਦੀ ਸਮਾਗਮ ਮਨਾਉਣਾ ਹੀ ਕਾਫੀ ਨਹੀਂ ਹੈ ਸਗੋਂ ਇਸ ਘਟਨਾ ਤੋਂ ਬਾਅਦ ਜਨਰਲ ਡਾਇਰ ਨੂੰ ਸਨਮਾਨਿਤ ਕਰਨ ਵਾਲੇ ਅਤੇ ਰਾਤਰੀ ਭੋਜ ਦੇਣ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨਾ ਜ਼ਰੂਰੀ ਹੈ । ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਵਿਅਕਤੀ ਜਿਨਾਂ ਨੂੰ ਅੰਗਰੇਜ਼ਾਂ ਵੱਲੋਂ ਉਸ ਵੇਲੇ ਜਾਇਦਾਦ ਆਦਿ ਦਿੱਤੀ ਗਈ ਸੀ ,ਉਸ ਨੂੰ ਜ਼ਬਤ ਕੀਤਾ ਜਾਵੇ।

Advertisement

ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਸਬੰਧੀ ਯਾਦਗਾਰੀ ਸਮਾਗਮ

ਜਲੰਧਰ(ਹਤਿੰਦਰ ਮਹਿਤਾ): ਇੱਥੇ ਅੱਜ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਯਾਦਗਾਰ ਹਾਲ ’ਚ ਸਿਜਦਾ ਕੀਤਾ ਗਿਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਨੀਅਰ ਟਰਸੱਟੀ ਸੁਰਿੰਦਰ ਕੁਮਾਰੀ ਕੋਛੜ ਅਤੇ ਗੁਰਮੀਤ ਸਿੰਘ ਨੇ ਕਮੇਟੀ ਵੱਲੋਂ ਸ਼ਹੀਦਾਂ ਦੇ ਅਦਬ ’ਚ ਫੁੱਲ ਭੇਟ ਕਰਦਿਆਂ ਕਿਹਾ ਕਿ ਜੱਲ੍ਹਿਆਂਵਾਲਾ ਬਾਗ਼ ’ਚ ਡੁੱਲ੍ਹਾ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਲਹੂ ਅੱਜ ਵੀ ਬੋਲਦਾ ਹੈ, ਕੱਲ੍ਹ ਵੀ ਬੋਲਦਾ ਰਹੇਗਾ।ਬੁਲਾਰਿਆਂ ਕਿਹਾ ਕਿ ਖੇਤੀ, ਸਨਅਤ, ਸਿੱਖਿਆ, ਸਿਹਤ, ਬਿਜਲੀ, ਪਾਣੀ, ਕੁਦਰਤੀ ਅਨਮੋਲ ਖਜ਼ਾਨਿਆਂ, ਰੁਜ਼ਗਾਰ, ਜੰਗਲ, ਜਲ, ਜ਼ਮੀਨ, ਬੋਲੀ, ਇਤਿਹਾਸ, ਵਿਰਾਸਤ, ਸਾਹਿਤ ਆਦਿ ਨੂੰ ਬਦੇਸ਼ੀ ਦੇਸੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਵੰਨ-ਸੁਵੰਨੇ ਹਾਕਮਾਂ ਵੱਲੋਂ ਲੱਗੀ ਦੌੜ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਅਤੇ ਨਾਲ਼ ਦੀ ਨਾਲ਼ ਹਰ ਤਰ੍ਹਾਂ ਦੀ ਫ਼ਿਰਕੂ ਫਾਸ਼ੀ ਹਨੇਰੀ ਨੂੰ ਪਛਾੜਨਾ ਹੀ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਹਕੀਕੀ ਰੂਪ ਵਿੱਚ ਸਿਜਦਾ ਕਰਨਾ ਹੈ। ਇਸ ਮੌਕੇ 21 ਅਪਰੈਲ ਗ਼ਦਰ ਪਾਰਟੀ ਸਥਾਪਨਾ ਦਿਹਾੜੇ ਮੌਕੇ ਕਾਫ਼ਲੇ ਬੰਨ੍ਹ ਕੇ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਗਈ।

Advertisement
Author Image

sukhwinder singh

View all posts

Advertisement
Advertisement
×