ਕਿਸ਼ਤਵਾੜ ਮੁਕਾਬਲੇ ਦੇ ਸ਼ਹੀਦ ਨਾਇਬ ਸੂਬੇਦਾਰ ਨੂੰ ਸ਼ਰਧਾਂਜਲੀਆਂ
ਜੰਮੂ, 11 ਨਵੰਬਰ
ਸੈਨਾ ਨੇ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ’ਚ ਸ਼ਹੀਦ ਹੋਏ ਨਾਇਬ ਸੂਬੇਦਾਰ ਰਾਕੇਸ਼ ਕੁਮਾਰ ਨੂੰ ਅੱਜ ਸ਼ਰਧਾਂਜਲੀ ਭੇਟ ਕੀਤੀ ਹੈ। ਇਸੇ ਦੌਰਾਨ ਸੁਰੱਖਿਆ ਬਲਾਂ ਵੱਲੋਂ ਕੇਸਵਾਂ ਦੇ ਸੰਘਣੇ ਜੰਗਲਾਂ ਤੇ ਨੇੜਲੇ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੈਨਾ ਦੀ 2 ਪੈਰਾ ਦੇ ਨਾਇਬ ਸੂਬੇਦਾਰ ਰਾਕੇਸ਼ ਕੁਮਾਰ ਬੀਤੇ ਦਿਨ ਅਤਿਵਾਦੀਆਂ ਨਾਲ ਮੁਕਾਬਲੇ ’ਚ ਸ਼ਹੀਦ ਹੋ ਗਏ ਸਨ ਜਦਕਿ ਤਿੰਨ ਹੋਰ ਜਵਾਨ ਜ਼ਖ਼ਮੀ ਹੋ ਗਏ। ਮੁਕਾਬਲਾ ਉਸ ਸਮੇਂ ਸ਼ੁਰੂ ਹੋਇਆ, ਜਦੋਂ ਸੈਨਾ ਤੇ ਪੁਲੀਸ ਦੀ ਸਾਂਝੀ ਟੀਮ ਨੇ ਕੇਸਵਾਂ ਦੇ ਜੰਗਲੀ ਖੇਤਰ ’ਚ ਅਤਿਵਾਦੀਆਂ ਦੀ ਘੇਰਾਬੰਦੀ ਕੀਤੀ। ਨਾਇਬ ਸੂਬੇਦਾਰ ਦੀ ਦੇਹ ਕਿਸ਼ਤਵਾੜ ਤੋਂ ਜੰਮੂ ਸਥਿਤ ਹਵਾਈ ਸੈਨਾ ਦੇ ਕੇਂਦਰ ’ਤੇ ਲਿਜਾਈ ਗਈ, ਜਿੱਥੇ ਵ੍ਹਾਈਟ ਨਾਈਟ ਕੋਰ ਦੇ ਜਨਰਲ ਆਫੀਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਨਵੀਨ ਸਚਦੇਵਾ ਤੇ ਸੈਨਾ ਦੇ ਹੋਰ ਜਵਾਨਾਂ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਮਗਰੋਂ ਨਾਇਬ ਸੂਬੇਦਾਰ ਦੀ ਦੇਹ ਹੈਲੀਕਾਪਟਰ ਰਾਹੀਂ ਹਿਮਾਚਲ ਪ੍ਰਦੇਸ਼ ਦੇ ਮੰਡੀ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਲਿਜਾਈ ਗਈ।
ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਤੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਨਾਇਬ ਸੂਬੇਦਾਰ ਰਾਕੇਸ਼ ਕੁਮਾਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਰਾਕੇਸ਼ ਕੁਮਾਰ ਇੱਥੋਂ ਦੇ ਪਿੰਡ ਬਰਨੋਗ ਦਾ ਰਹਿਣ ਵਾਲਾ ਸੀ। ਉਸ ਦੀ ਦੇਹ ਪਿੰਡ ਪਹੁੰਚਣ ’ਤੇ ਸਥਾਨਕ ਲੋਕਾਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ
ਸ਼ਿਵ ਸੈਨਾ ਡੋਗਰਾ ਫਰੰਟ ਵੱਲੋਂ ਰੋਸ ਮੁਜ਼ਾਹਰਾ
ਜੰਮੂ:
ਕਿਸ਼ਤਵਾੜ ’ਚ ਅਤਿਵਾਦੀਆਂ ਨਾਲ ਮੁਕਾਬਲੇ ’ਚ ਜੇਸੀਓ ਦੇ ਸ਼ਹੀਦ ਹੋਣ ਦੀ ਘਟਨਾ ਦੇ ਰੋਸ ਵਜੋਂ ਅੱਜ ਸ਼ਿਵ ਸੈਨਾ ਡੋਗਰਾ ਫਰੰਟ ਨੇ ਇੱਥੇ ਰੋਸ ਮੁਜ਼ਾਹਰਾ ਕਰਦਿਆਂ ਪਾਕਿਸਤਾਨ ਦੇ ਝੰਡੇ ਸਾੜੇ ਅਤੇ ਲਗਾਤਾਰ ਹੋ ਰਹੇ ਅਤਿਵਾਦੀ ਹਮਲਿਆਂ ’ਚ ਜਵਾਨਾਂ ਦੀ ਮੌਤ ਸਬੰਧੀ ਵ੍ਹਾਈਟ ਪੇਪਰ ਲਿਆਉਣ ਦੀ ਮੰਗ ਕੀਤੀ। ਜਥੇਬੰਦੀ ਨੇ ਇਨ੍ਹਾਂ ਹਮਲਿਆਂ ਦੀ ਨਿੰਦਾ ਕੀਤੀ ਹੈ। ਜਥੇਬੰਦੀ ਦੇ ਪ੍ਰਧਾਨ ਅਸ਼ੋਕ ਗੁਪਤਾ ਨੇ ਕਿਹਾ ਕਿ ਪਿਛਲੇ ਦੌਰਾਨ ਜੰਮੂ ਖਿੱਤੇ ਅੰਦਰ ਕੀਤਾ ਗਿਆ ਇਹ ਤੀਜਾ ਅਤਿਵਾਦੀ ਹਮਲਾ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਕਿਸੇ ਮਸਲੇ ਦਾ ਹੱਲ ਨਹੀਂ ਹੈ ਕਿਉਂਕਿ ਭਾਰਤ-ਪਾਕਿਸਤਾਨ ਵਿਚਾਲੇ ਇਸ ਦਾ ਕੋਈ ਸਾਂਝਾ ਆਧਾਰ ਨਹੀਂ ਹੈ। -ਪੀਟੀਆਈ