For the best experience, open
https://m.punjabitribuneonline.com
on your mobile browser.
Advertisement

ਫ਼ਲਸਤੀਨ ’ਚ ਨਸਲਘਾਤ ਦਾ ਸ਼ਿਕਾਰ ਹੋਣ ਵਾਲੇ ਪਰਿਵਾਰਾਂ ਨੂੰ ਸ਼ਰਧਾਂਜਲੀਆਂ

09:12 AM Jun 09, 2024 IST
ਫ਼ਲਸਤੀਨ ’ਚ ਨਸਲਘਾਤ ਦਾ ਸ਼ਿਕਾਰ ਹੋਣ ਵਾਲੇ ਪਰਿਵਾਰਾਂ ਨੂੰ ਸ਼ਰਧਾਂਜਲੀਆਂ
ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਹੁਦੇਦਾਰ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਜੂਨ
ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਦੀ ਮੀਟਿੰਗ ਵਿੱਚ ਕਵੀ ਡਾ. ਸੁਰਜੀਤ ਪਾਤਰ, ਲੋਕ-ਪੱਖੀ ਗਾਇਕ ਕੁਲਦੀਪ ਜਲੂਰ, ਮੋਹਨਜੀਤ, ਹਰਬੰਸ ਹੀਓਂ, ਇੰਦਰਜੀਤ ਕੁਰੜ, ਸੁਖਜੀਤ ਤੇ ਬਲਬੀਰ ਬਾਸੀ ਸਮੇਤ ਬੀਤੇ ਦਿਨੀਂ ਵਿਛੜੇ ਸਮੂਹ ਲੇਖਕਾਂ, ਸੰਘਰਸ਼ਸ਼ੀਲ ਲੋਕਾਂ ਅਤੇ ਫ਼ਲਸਤੀਨ ਅੰਦਰ ਨਸਲਘਾਤ ਦਾ ਸ਼ਿਕਾਰ ਹੋ ਰਹੇ ਪਰਿਵਾਰਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਕਮੇਟੀ ਦੇ ਭਲਕੇ 9 ਜੂਨ ਨੂੰ ਦਾਣਾ ਮੰਡੀ ਬਰਨਾਲਾ ਵਿੱਚ ਹੋ ਰਹੇ ਸੁਰਜੀਤ ਪਾਤਰ ਸ਼ਰਧਾਂਜਲੀ ਅਤੇ ਸਨਮਾਨ ਸਮਾਗਮ ’ਚ ਸਾਹਿਤਕਾਰਾਂ, ਲੇਖਕਾਂ, ਰੰਗਕਰਮੀਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸ਼ੀਤਲ ਸਿੰਘ ਸੰਘਾ ਤੋਂ ਇਲਾਵਾ ਮੀਟਿੰਗ ’ਚ ਹਾਜ਼ਰ ਸਮੂਹ ਕਮੇਟੀ ਮੈਂਬਰਾਂ ਨੇ ਵਿਚਾਰ ਕਰ ਕੇ ਸਰਗਰਮੀਆਂ ’ਚ ਨਿਰੰਤਰਤਾ ਲਿਆਉਣ ਲਈ ਵਿਸ਼ੇਸ਼ ਉੱਦਮ ਜੁਟਾਉਣ ਤੇ ਉਨ੍ਹਾਂ ਨੂੰ ਅਮਲੀਜਾਮਾ ਪਹਿਨਾਉਣ ਦਾ ਫ਼ੈਸਲਾ ਕੀਤਾ।
ਦੇਸ਼ ਭਗਤ ਯਾਦਗਾਰ ਹਾਲ ਦੇ ਮੁੱਖ ਦੁਆਰ ਨੇੜੇ ਸ਼ਹੀਦ ਊਧਮ ਸਿੰਘ ਵੈੱਲਫੇਅਰ ਟਰੱਸਟ ਅਤੇ ਸੈਂਟਰ ਬਰਮਿੰਘਮ ਦੇ ਸਹਿਯੋਗ ਨਾਲ ਬਣਾਏ ਪਾਰਕ ਵਿੱਚ ਲਾਈਟ, ਸਾਊਂਡ ਅਤੇ ਕਿਤਾਬਾਂ ਦੇ ਆਲ੍ਹਣੇ ਬਣਾ ਕੇ ਲੋਕਾਂ ਨੂੰ ਹਾਲ ਦੀ ਲਾਇਬ੍ਰੇਰੀ, ਮਿਊਜ਼ੀਅਮ ਅਤੇ ਪੁਸਤਕ ਸਭਿਆਚਾਰ ਵੱਲ ਆਕਰਸ਼ਤ ਕਰਨ ਦਾ ਫ਼ੈਸਲਾ ਕੀਤਾ ਗਿਆ। ਹਾਲ ਦੇ ਰੀਡਿੰਗ ਰੂਮ, ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਵਿੱਚ ਲੋੜੀਂਦੇ ਕਾਰਜ ਨੇਪਰੇ ਚਾੜ੍ਹਨ ਦਾ ਵੀ ਫੈਸਲਾ ਕੀਤਾ ਗਿਆ।

Advertisement

Advertisement
Advertisement
Author Image

sukhwinder singh

View all posts

Advertisement