ਗਾਇਕ ਸੁਰਿੰਦਰ ਛਿੰਦਾ ਨੂੰ ਸ਼ਰਧਾਂਜਲੀਆਂ ਭੇਟ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਅਗਸਤ
ਪੰਜਾਬੀ ਲੋਕ ਗਾਇਕੀ ਦੇ ਥੰਮ੍ਹ ਸੁਰਿੰਦਰ ਛਿੰਦਾ ਨੂੰ ਅੱਜ ਇੱਥੇ ਅੰਤਿਮ ਅਰਦਾਸ ਮੌਕੇ ਉਸ ਦੇ ਪ੍ਰਸੰਸਕਾਂ ਨੇ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜੇ ਸੁਰਿੰਦਰ ਛਿੰਦਾ ਦੇ ਜੱਦੀ ਪਿੰਡ ਇਆਲੀ ਵਿੱਚ ਪੰਚਾਇਤ ਵੱਲੋਂ ਥਾਂ ਦਿੱਤੀ ਜਾਵੇਗੀ ਤਾਂ ਸਰਕਾਰ ਵੱਲੋਂ ਅਜਾਇਬਘਰ ਰੂਪੀ ਢੁਕਵੀਂ ਯਾਦਗਾਰ ਬਣਾਈ ਜਾਵੇਗੀ। ਉਨ੍ਹਾਂ ਯਾਦਗਾਰ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸੁਰਿੰਦਰ ਛਿੰਦਾ ਨਾਲ ਆਪਣੀ ਪੁਰਾਣੀ ਸਾਂਝ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਆਪਣੇ ਅਪਣੱਤ ਭਰੇ, ਮਿਲਾਪੜੇ ਤੇ ਹਸਮੁੱਖ ਸੁਭਾਅ ਨਾਲ ਪਹਿਲੀ ਵਾਰ ਹੀ ਮਿਲਣ ਵਾਲੇ ਨੂੰ ਆਪਣਾ ਬਣਾ ਲੈਂਦਾ ਸੀ। ਲੋਕ ਸਭਾ ਮੈਂਬਰ ਤੇ ਗਾਇਕ ਹੰਸ ਰਾਜ ਹੰਸ ਨੇ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਮੇਡੀਅਨ ਜਸਵਿੰਦਰ ਭੱਲਾ ਅਤੇ ਅਦਾਕਾਰ ਹੌਬੀ ਧਾਲੀਵਾਲ ਨੇ ਸੰਬੋਧਨ ਕੀਤਾ। ਲੋਕ ਸਭਾ ਮੈਂਬਰ ਤੇ ਗਾਇਕ ਮੁਹੰਮਦ ਸਦੀਕ, ਗੀਤਕਾਰ ਬਾਬੂ ਸਿੰਘ ਮਾਨ, ਗੋਲਡਨ ਸਟਾਰ ਮਲਕੀਤ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਸੁਰਿੰਦਰ ਛਿੰਦਾ ਦੇ ਪੁੱਤਰਾਂ ਮਨਿੰਦਰ ਛਿੰਦਾ ਤੇ ਸ਼ਿਵ ਸਿਮਰਨ ਛਿੰਦਾ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਅਸ਼ੋਕ ਪਰਾਸ਼ਰ ਪੱਪੀ, ਕੁਲਵੰਤ ਸਿੰਘ ਤੇ ਦੇਵ ਮਾਨ (ਸਾਰੇ ਵਿਧਾਇਕ), ਮਹੇਸ਼ਇੰਦਰ ਸਿੰਘ ਗਰੇਵਾਲ, ਮਲਕੀਤ ਸਿੰਘ ਦਾਖਾ ਤੇ ਹੀਰਾ ਸਿੰਘ ਗਾਬੜੀਆ (ਸਾਰੇ ਸਾਬਕਾ ਮੰਤਰੀ), ਸ਼ਮਸ਼ੇਰ ਸੰਧੂ, ਪ੍ਰੋ ਗੁਰਭਜਨ ਗਿੱਲ, ਕ੍ਰਿਸ਼ਨ ਕੁਮਾਰ ਬਾਵਾ, ਅਮਰਜੀਤ ਸਿੰਘ ਟਿੱਕਾ ਆਦਿ ਮੌਜੂਦ ਸਨ।