For the best experience, open
https://m.punjabitribuneonline.com
on your mobile browser.
Advertisement

ਮੌਹੜਾ ਵਿੱਚ ਕਿਸਾਨਾਂ ਵੱਲੋਂ ਸ਼ੁਭਕਰਨ ਨੂੰ ਸ਼ਰਧਾਂਜਲੀਆਂ

08:19 AM Apr 01, 2024 IST
ਮੌਹੜਾ ਵਿੱਚ ਕਿਸਾਨਾਂ ਵੱਲੋਂ ਸ਼ੁਭਕਰਨ ਨੂੰ ਸ਼ਰਧਾਂਜਲੀਆਂ
ਮੌਹੜਾ ਅਨਾਜ ਮੰਡੀ ਵਿੱਚ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਸਾਨ ਆਗੂ।
Advertisement

ਰਤਨ ਸਿੰਘ ਢਿੱਲੋਂ
ਅੰਬਾਲਾ, 31 ਮਾਰਚ
ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਵੱਲੋਂ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਸਹਿਯੋਗ ਨਾਲ ਅੰਬਾਲਾ ਦੀ ਮੌਹੜਾ ਅਨਾਜ ਮੰਡੀ ਵਿੱਚ ਕਰਵਾਏ ਸ਼ਰਧਾਂਜਲੀ ਸਮਾਗਮ ’ਚ ਪੰਜਾਬ ਤੇ ਹਰਿਆਣਾ ਦੇ ਹਜ਼ਾਰਾਂ ਕਿਸਾਨਾਂ ਤੇ ਬੀਬੀਆਂ ਨੇ ਸ਼ਹੀਦ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਸ਼ਰਧਾਂਜਲੀ ਸਮਾਗਮ ਨੂੰ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਯੂਪੀ ਦੇ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ ਜਿਨ੍ਹਾਂ ਵਿੱਚ ਮਨਜੀਤ ਸਿੰਘ ਰਾਏ, ਨਵਦੀਪ ਸਿੰਘ ਦੇ ਪਿਤਾ ਜੈ ਸਿੰਘ ਜਲਬੇੜਾ ਤੇ ਭਾਨਾ ਸਿੰਘ ਸਿੱਧੂ ਆਦਿ ਸ਼ਾਮਲ ਸਨ। ਮਨਜੀਤ ਸਿੰਘ ਰਾਏ ਨੇ ਕਿਹਾ ਕਿ ਅੰਦੋਲਨ ਦੀ ਇਹ ਪ੍ਰਾਪਤੀ ਹੈ ਕਿ 46 ਦੇਸ਼ਾਂ ਨੇ ਡਬਲਯੂਟੀਓ ’ਚੋਂ ਬਾਹਰ ਆਉਣ ਲਈ ਲਿਖ ਕੇ ਦਿੱਤਾ ਹੈ। ਉਨ੍ਹਾਂ ਘਰਾਂ ਵਿਚ ਬੈਠੇ ਕਿਸਾਨਾਂ ਨੂੰ ਬਾਹਰ ਆਉਣ ਲਈ ਕਿਹਾ।
ਅਰਥ ਸ਼ਾਸਤਰੀ ਦਵਿੰਦਰ ਸ਼ਰਮਾ ਨੇ ਵਿਸਥਾਰ ਵਿਚ ਅੰਕੜੇ ਦੇ ਕੇ ਕਿਸਾਨਾਂ ਦੀ ਹੋਂਦ ਲਈ ਐੱਮਐੱਸਪੀ ਦੇ ਮਹੱਤਵ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹਰ ਉਤਪਾਦ ’ਤੇ ਕੀਮਤ ਲਿਖੀ ਜਾਂਦੀ ਹੈ ਉਸੇ ਤਰ੍ਹਾਂ ਕਿਸਾਨ ਦੇ ਉਤਪਾਦ ’ਤੇ ਵੀ ਕੀਮਤ ਲਿਖੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਐੱਮਐੱਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਨਾਲ ਸਰਕਾਰ ਦਾ ਕੋਈ ਨੁਕਸਾਨ ਨਹੀਂ ਹੋਣ ਲੱਗਾ।
ਸਮਾਗਮ ਤੋਂ ਪਹਿਲਾਂ ਸਰਵਣ ਸਿੰਘ ਪੰਧੇਰ ਅਤੇ ਭਾਕਿਯੂ (ਸ਼ਹੀਦ ਭਗਤ ਸਿੰਘ) ਦੇ ਪ੍ਰਧਾਨ ਅਮਰਜੀਤ ਸਿੰਘ ਮੌਹੜੀ ਨੇ ਮੀਡੀਆ ਨੂੰ ਸੰਬੋਧਨ ਕੀਤਾ। ਸ੍ਰੀ ਮੌਹੜੀ ਨੇ ਕਿਹਾ ਕਿ ਜੋ ਤਸ਼ੱਦਦ ਪੁਲੀਸ ਵੱਲੋਂ ਕਿਸਾਨਾਂ ’ਤੇ ਕੀਤਾ ਗਿਆ ਹੈ, ਉਸ ਦਾ ਖਮਿਆਜ਼ਾ ਸਰਕਾਰ ਨੂੰ ਚੋਣਾਂ ’ਚ ਭੁਗਤਣਾ ਪਵੇਗਾ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਵੱਲੋਂ 70 ਹਜ਼ਾਰ ਦੇ ਕਰੀਬ ਸੁਰੱਖਿਆ ਬਲਾਂ ਦੇ ਜਵਾਨ ਲਾ ਕੇ ਫੈਲਾਈ ਗਈ ਦਹਿਸ਼ਤ ਦੇ ਬਾਵਜੂਦ ਲੋਕ ਏਨੀ ਵੱਡੀ ਤਾਦਾਦ ਵਿਚ ਆਏ ਹਨ।
ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਅੱਜ ਦਾ ਸਮਾਗਮ ਸਰਕਾਰ ਦੇ ਮੂੰਹ ’ਤੇ ਚਪੇੜ ਹੈ ਜੋ ਇਹ ਕਹਿੰਦੇ ਸਨ ਕਿ ਅੰਦੋਲਨ ਇਕੱਲੇ ਪੰਜਾਬ ਦਾ ਹੈ, ਅੱਜ ਦੇਖ ਲੈਣ ਕਿ ਇਹ ਇਕੱਲੇ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਅੰਦੋਲਨ ਜੋ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਦੇ ਹਿੱਤ ਵਿਚ ਲੜਿਆ ਜਾ ਰਿਹਾ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਕੇਂਦਰ ਵਿੱਚ ਜਦੋਂ ਨਵੀਂ ਸਰਕਾਰ ਆਵੇਗੀ ਤੇ ਨਵਾਂ ਪ੍ਰਧਾਨ ਮੰਤਰੀ ਬਣੇਗਾ ਤਾਂ ਕਿਸਾਨਾਂ ਤੇ ਮਜ਼ਦੂਰਾਂ ਦਾ ਏਜੰਡਾ ਤੈਅ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਗ ਅੱਜ ਵੀ ਖੜ੍ਹੀ ਹੈ ਕਿ ਦਿੱਲੀ ਜਾ ਕੇ ਸ਼ਾਂਤੀਪੂਰਵਕ ਅੰਦੋਲਨ ਕਰਨ ਦਾ ਅਧਿਕਾਰ ਦਿੱਤਾ ਜਾਵੇ। ਸੀ-2-50 ਦੇ ਅਨੁਸਾਰ ਫਸਲਾਂ ਦੇ ਮੁੱਲ ਦਿੱਤੇ ਜਾਣ। ਕਿਸਾਨ ਮਜ਼ਦੂਰ ਦਾ ਕਰਜ਼ਾ ਖ਼ਤਮ ਕੀਤਾ ਜਾਵੇ, ਲਖੀਮਪੁਰ ਖੀਰੀ ਅਤੇ ਖਨੌਰੀ ਗੋਲੀ ਕਾਂਡ ਦਾ ਇਨਸਾਫ਼ ਦਿੱਤਾ ਜਾਵੇ। ਇਸ ਮੌਕੇ ਭਾਕਿਯੂ (ਸ਼ਹੀਦ ਭਗਤ ਸਿੰਘ) ਦੀ ਪੂਰੀ ਟੀਮ, ਕਿਸਾਨ ਆਗੂ ਸੁਰਜੀਤ ਸਿੰਘ ਫੂਲ, ਜਸਵਿੰਦਰ ਸਿੰਘ ਲੌਂਗੋਵਾਲ, ਸੁਖਜਿੰਦਰ ਸਿੰਘ ਖੋਸਾ, ਰਣਜੀਤ ਸਿੰਘ ਰਾਜੂ, ਮਨਿੰਦਰ ਸਿੰਘ ਨੌਟੀ, ਅਭਿਮੰਨਿਊ ਤੇ ਹੋਰ ਹਾਜ਼ਰ ਸਨ।

Advertisement

ਨਵਦੀਪ ਨੂੰ ਇਕ ਦਿਨ ਦੇ ਹੋਰ ਪੁਲੀਸ ਰਿਮਾਂਡ ’ਤੇ ਭੇਜਿਆ

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸੀਆਈਏ ਅੰਬਾਲਾ ਵੱਲੋਂ ਮੁਹਾਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਅਤੇ ਉਸ ਦੇ ਸਾਥੀ ਗੁਰਕੀਰਤ ਸਿੰਘ ਸ਼ਾਹਪੁਰ ਨੂੰ ਅੱਜ ਦੋ ਦਿਨ ਦਾ ਰਿਮਾਂਡ ਮੁੱਕਣ ’ਤੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਨਵਦੀਪ ਤੋਂ ਹੋਰ ਪੁੱਛ-ਪੜਤਾਲ ਲਈ ਇਕ ਦਿਨ ਦਾ ਪੁਲੀਸ ਰਿਮਾਂਡ ਦਿੰਦਿਆਂ ਗੁਰਕੀਰਤ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਐਡਵੋਕੇਟ ਰੋਹਿਤ ਜੈਨ ਅਨੁਸਾਰ ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਨਵਦੀਪ ਨੇ ਕੁਝ ਲੋਕਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ਲੋਕਾਂ ਨੂੰ ਰਾਜਸਥਾਨ ਤੋਂ ਫੜ ਕੇ ਚੰਡੀਗੜ੍ਹ ਤੋਂ ਫਾਰਚੂਨਰ ਗੱਡੀ ਦੀ ਆਰਸੀ ਅਤੇ ਗੁਲੇਲ ਬਰਾਮਦ ਕਰਨ ਤੋਂ ਇਲਾਵਾ ਕਿਸਾਨ ਅੰਦੋਲਨ ਲਈ ਵਿਦੇਸ਼ ਤੋਂ ਆ ਰਹੀ ਫੰਡਿੰਗ ਦੀ ਜਾਂਚ ਕਰਨੀ ਹੈ।

Advertisement
Author Image

sukhwinder singh

View all posts

Advertisement
Advertisement
×