ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀਆਂ ਭੇਟ
ਪੱਤਰ ਪ੍ਰੇਰਕ
ਮਾਨਸਾ, 31 ਜੁਲਾਈ
ਸਰਵ ਭਾਰਤ ਨੌਜਵਾਨ ਸਭਾ ਮਾਨਸਾ ਵੱਲੋਂ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਵਸ ਮੌਕੇ ਕਾਨਫਰੰਸ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸੀਪੀਆਈ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਆਪਣੇ ਫ਼ਿਰਕੂ ਪ੍ਰਚਾਰ ਤੇ ਪ੍ਰਸਾਰ ਕਾਰਨ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਤੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਅਮਨ-ਕਾਨੂੰਨ ਖ਼ਤਰੇ ਦੇ ਵਿੱਚ ਹੈ। ਕਾਮਰੇਡ ਅਰਸ਼ੀ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਸੁਨਾਮ ਨੇ ਭਾਈਚਾਰਕ ਸਾਂਝ ਤੇ ਏਕਤਾ ਦੇ ਪ੍ਰਤੀਕ ਹੋਣ ਲਈ ਰਾਮ ਮੁਹੰਮਦ ਸਿੰਘ ਆਜ਼ਾਦ ਦਾ ਨਾਮ ਦੇ ਕੇ ਫ਼ਿਰਕਾਪ੍ਰਸਤ ਤਾਕਤਾਂ ਨੂੰ ਭਾਂਜ ਦਿੱਤੀ ਗਈ ਸੀ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ ਅਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਨੌਜਵਾਨ ਵਰਗ ਲਈ ਰੁਜ਼ਗਾਰ ਗਾਰੰਟੀ ਕਾਨੂੰਨ ਦੀ ਮੰਗ ਕੀਤੀ। ਰਜਿੰਦਰ ਸਿੰਘ ਹੀਰੇਵਾਲਾ, ਰੂਪ ਸਿੰਘ ਢਿੱਲੋਂ, ਵੇਦ ਪ੍ਰਕਾਸ਼, ਰਤਨ ਭੋਲਾ, ਕਰਨੈਲ ਸਿੰਘ, ਮਨਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।
ਜ਼ੀਰਾ (ਪੱਤਰ ਪ੍ਰੇਰਕ): ਐੱਸਐੱਸਐੱਮ ਗਲੋਬਲ ਅਤੇ ਐੱਸਐੱਸਐੱਮ ਪਬਲਿਕ ਸਕੂਲ ਕੱਸੋਆਣਾ ਵਿੱਚ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਚੇਅਰਮੈਨ ਕੰਵਲਜੀਤ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਦੌਰਾਨ ਸਕੂਲ ਦੇ ਚੇਅਰਮੈਨ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਵਿਦਿਆਰਥੀਆਂ ਨੇ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਦਰਸਾਉਂਦੇ
ਸ਼ਹਿਣਾ (ਪੱਤਰ ਪ੍ਰੇਰਕ): ਸਿੱਖਿਆ ਸੰਸਥਾ ਆਰਪੀ ਇੰਟਰਨੈਸ਼ਨਲ ਸਕੂਲ ਸ਼ਹਿਣਾ ਵਿੱਚ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸੰਸਥਾ ਦੇ ਚੇਅਰਮੈਨ ਪਵਨ ਕੁਮਾਰ ਧੀਰ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹਨ।
ਕਾਲਾਂਵਾਲੀ (ਪੱਤਰ ਪ੍ਰੇਰਕ): ਭਾਰਤ ਵਿਕਾਸ ਪਰਿਸ਼ਦ ਸ਼ਾਖਾ ਕਾਲਾਂਵਾਲੀ ਅਤੇ ਪ੍ਰਾਚੀਨ ਦੁਰਗਾ ਮੰਦਰ ਕਮੇਟੀ ਵੱਲੋਂ ਸ਼ਹਿਰ ਦੇ ਮਾਡਲ ਟਾਊਨ ਸਥਿਤ ਸ਼ਹੀਦ ਊਧਮ ਸਿੰਘ ਪਾਰਕ ਵਿੱਚ ਸ਼ਹੀਦ ਊਧਮ ਸਿੰਘ ਦੇ ਬੁੱਤ ’ਤੇ ਫੁੱਲ ਮਾਲਾਵਾਂ ਪਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਭਾਰਤ ਵਿਕਾਸ ਪਰਿਸ਼ਦ ਦੇ ਕਨਵੀਨਰਾਂ ਦਿਨੇਸ਼ ਜੈਨ ਅਤੇ ਹੀਰਾ ਸਿੰਘ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ’ਤੇ ਚਾਨਣਾ ਪਾਇਆ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਨਰੇਸ਼ ਸਿੰਗਲਾ ਸ਼ਸ਼ੀ, ਚਰਨ ਦਾਸ ਚੰਨੀ, ਦਿਨੇਸ਼ ਗਰਗ, ਹੀਰਾ ਸਿੰਘ ਅਰਨੇਜਾ, ਰਾਕੇਸ਼ ਜੈਨ, ਪਿਆਰੇ ਲਾਲ ਸਿੰਗਲਾ ਹਾਜ਼ਰ ਸਨ।
ਲੰਬੀ (ਪੱਤਰ ਪ੍ਰੇਰਕ): ਗੁਰੂ ਨਾਨਕ ਮੰਡੀ ਕਿੱਲਿਆਂਵਾਲੀ ਵਿੱਚ ਅੱਜ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਲੈਕਚਰ ਕਰਵਾਇਆ ਗਿਆ। ਇਸ ਮੌਕੇ ਪੀਜੀ ਡਿਪਾਰਟਮੈਂਟ ਆਫ ਬਿਜਨੈੱਸ ਮੈਨਜਮੈਂਟ ਅਤੇ ਕਾਮਰਸ ਵਿਭਾਗ ਵੱਲੋਂ ਕਰਵਾਏ ਲੈਚਕਰ ’ਚ ਪ੍ਰਿੰਸੀਪਲ ਡਾ. ਸੁਰਿੰਦਰ ਸਿੰਘ ਠਾਕੁਰ ਨੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਸੁਫ਼ਨੇ ਪੂਰੇ ਕਰਨ ਲਈ ਪ੍ਰੇਰਿਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਖੁਸ਼ਨਸੀਬ ਗੁਰਬਖਸ਼ੀਸ਼ ਕੌਰ ਨੇ ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਬਾਰੇ ਜਾਣਕਾਰੀ ਦਿੱਤੀ।
ਇਤਿਹਾਸਕ ਵਿਰਾਸਤਾਂ ਬਚਾਉਣ ਲਈ ਮੋਟਰਸਾਈਕਲ ਮਾਰਚ
ਮੋਗਾ (ਨਿੱਜੀ ਪੱਤਰ ਪ੍ਰੇਰਕ): ਨੌਜਵਨ ਭਾਰਤ ਸਭਾ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਪਿੰਡਾਂ ਤੋਂ ਸ਼ਹਿਰ ਤੱਕ ਮੋਟਰਸਾਈਕਲ ਮਾਰਚ ਕਰ ਕੇ ਸ਼ਹੀਦਾਂ ਦੀਆਂ ਇਤਿਹਾਸਕ ਵਿਰਾਸਤਾਂ ਸਾਂਭਣ ਲਈ ਮੋਗਾ ਦੇ ਐੱਸਡੀਐੱਮ ਸਾਰੰਗਪ੍ਰੀਤ ਸਿੰਘ ਔਜਲਾ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ, ਜ਼ਿਲ੍ਹਾ ਪ੍ਰਧਾਨ ਰਾਜਦੀਪ ਸਿੰਘ, ਸਤਨਾਮ ਸਿੰਘ ਡਾਲਾ, ਗੁਰਪ੍ਰੀਤ ਸਿੰਘ ਰੋਡੇ, ਬਰਿਜ ਰਾਜੇਆਣਾ, ਲਾਡੀ ਰਾਜੇਆਣਾ ਨੇ ਕਿਹਾ ਸ਼ਹੀਦ ਮਦਨ ਲਾਲ ਢੀਂਗਰਾ ਦਾ ਘਰ ਭੂ ਮਾਫੀਆ ਵੱਲੋਂ ਢਾਹ ਦਿੱਤਾ ਗਿਆ ਹੈ। ਬ੍ਰਿਟਿਸ਼ ਸਾਮਰਾਜ ਖ਼ਿਲਾਫ਼ ਅੰਦੋਲਨ ’ਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਤੂੜੀ ਬਾਜ਼ਾਰ ਫ਼ਿਰੋਜ਼ਪੁਰ ਵਿਚਲੇ ਇਤਿਹਾਸਕ ਗੁਪਤ ਟਿਕਾਣੇ ਉੱਤੇ ਨਾਜਾਇਜ਼ ਕਬਜ਼ਾ ਕੀਤਾ ਜਾ ਚੁੱਕਾ ਹੈ। ਮੋਗਾ ਰੀਗਲ ਸਿਨੇਮਾ ਗੋਲੀ ਕਾਂਡ ਸ਼ਹੀਦਾਂ ਦੀ ਯਾਦਗਾਰ ਅਤੇ ਲਾਇਬ੍ਰੇਰੀ ਵਿੱਚ ਵਿਕਸਤ ਕਰਾਉਣ ਲਈ ਵਿਦਿਆਰਥੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ। ਜਥੇਬੰਦੀ ਕਈ ਸਾਲਾਂ ਤੋਂ ਇਨ੍ਹਾਂ ਵਿਰਾਸਤਾਂ ਦੀ ਸੰਭਾਲ ਤੇ ਯਾਦਗਾਰੀ ਲਾਇਬ੍ਰੇਰੀਆਂ ਸਥਾਪਤ ਕਰਨ ਲਈ ਸੰਘਰਸ਼ ਕਰ ਰਹੀ ਹੈ।