For the best experience, open
https://m.punjabitribuneonline.com
on your mobile browser.
Advertisement

ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਜਨਮ ਦਿਨ ਮੌਕੇ ਸ਼ਰਧਾਂਜਲੀਆਂ

10:05 AM May 25, 2024 IST
ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਜਨਮ ਦਿਨ ਮੌਕੇ ਸ਼ਰਧਾਂਜਲੀਆਂ
ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਆਗੂ। -ਫੋਟੋ: ਗਿੱਲ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਮਈ
ਦੇਸ਼ ਦੀ ਆਜ਼ਾਦੀ ਲਈ 19 ਸਾਲਾਂ ਦੀ ਉਮਰ ਵਿੱਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਮੌਕੇ ਅੱਜ ਸਥਾਨਕ ਗਦਰੀ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ’ਤੇ ਹਾਰ ਪਾ ਕੇ ਇਨਕਲਾਬੀ ਨਾਅਰਿਆਂ ਨਾਲ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ, ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲੁਧਿਆਣਾ ਦੇ ਨੁਮਾਇੰਦੇ ਹਾਜ਼ਰ ਸਨ।
ਉਕਤ ਜਥੇਬੰਦੀਆਂ ਦੇ ਨੁਮਾਇੰਦਿਆਂ ਐਡਵੋਕੇਟ ਹਰਪ੍ਰੀਤ ਜ਼ੀਰਖ, ਡਾ. ਹਰਬੰਸ ਗਰੇਵਾਲ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਬਹੁਤ ਹੀ ਛੋਟੀ ਉਮਰ ਵਿੱਚ ਅਮਰੀਕਾ ਦੀ ਧਰਤੀ ’ਤੇ ਡਾਲਰਾਂ ਨੂੰ ਛੱਡ ਕੇ ਦੇਸ਼ ਦੀ ਜੰਗ ਏ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੋ ਗਿਆ ਸੀ। ਉਸ ਨੇ ਗ਼ਦਰ ਪਾਰਟੀ ਦੇ ਬਹੁਤ ਹੀ ਅਹਿਮ ਕੰਮ ਆਪਣੇ ਹਿੱਸੇ ਲਏ ਸਨ। ਮੌਜੂਦਾ ਸਮੇਂ ਵਿੱਚ ਨੌਜਵਾਨਾਂ ਸਾਹਮਣੇ ਵੀ ਅਜਿਹੀ ਸਥਿਤੀ ਹੈ ਚੰਗੇ ਭਵਿੱਖ ਦੀ ਤਲਾਸ਼ ’ਚ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ, ਨੌਜਵਾਨਾਂ ਨੂੰ ਕਰਤਾਰ ਸਿੰਘ ਸਰਾਭੇ ਦੀ ਜ਼ਿੰਦਗੀ ਤੋਂ ਸਿੱਖਣ ਦੀ ਲੋੜ ਹੈ। ਦੇਸ਼ ਵਿੱਚ ਦਰਪੇਸ਼ ਸਮੱਸਿਆਵਾਂ ਤੋਂ ਭੱਜਣ ਦੀ ਬਜਾਏ ਇਹਨਾਂ ਦਾ ਟਾਕਰਾ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ 26 ਮਈ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਨਾਟਕ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਉੱਘੇ ਨਾਟਕਕਾਰ ਡਾ. ਸਾਹਿਬ ਸਿੰਘ ਵੱਲੋਂ ਨਾਟਕ ‘ਲੱਛੂ ਕਬਾੜੀਆ’ ਦੀ ਪੇਸ਼ਕਾਰੀ ਕੀਤੀ ਜਾਵੇਗੀ।

Advertisement

ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਬਾਰੇ ਕਿਤਾਬਚੇ ਵੰਡੇ

ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਗ਼ਦਰ ਲਹਿਰ ਦੇ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਮੌਕੇ ਭਾਈ ਘਨ੍ਹੱਈਆ ਜੀ ਚੈਰੀਟੇਬਲ ਹਸਪਤਾਲ ਬੱਦੋਵਾਲ ਵਿਚ ਐੱਸ.ਸੀ, ਬੀ.ਸੀ, ਭਲਾਈ ਮੰਚ ਪਮਾਲ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਸਮਾਗਮ ਕਰਵਾਇਆ ਗਿਆ। ਸੰਸਥਾ ਦੇ ਮੁਖੀ ਬਾਬਾ ਜਸਪਾਲ ਸਿੰਘ ਦੀ ਅਗਵਾਈ ਹੇਠ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਬਾਰੇ ਕਿਤਾਬਚੇ ਵੰਡੇ ਗਏ। ਭਲਾਈ ਮੰਚ ਦੇ ਪ੍ਰਧਾਨ ਜਤਿੰਦਰ ਸਿੰਘ ਪਮਾਲ ਨੇ ਸ਼ਰਧਾਂਜਲੀ ਭੇਟ ਕੀਤੀ।

ਸਰਾਭਾ ਮਾਰਕੀਟ ਐਸੋਸੀਏਸ਼ਨ ਨੇ ਸਮਾਗਮ ਕਰਵਾਇਆ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਐਸੋਸੀਏਸ਼ਨ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਗਿੱਲ ਰੋਡ ਵਿਖੇ ਮਨਾਇਆ ਗਿਆ। ਇਸ ਮੌਕੇ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਨੇ ਸ਼ਹੀਦ ਸਰਾਭਾ ਦੀ ਤਸਵੀਰ ’ਤੇ ਫੁੱਲ ਮਲਾਵਾਂ ਭੇਟ ਕੀਤੀਆਂ। ਸ੍ਰੀ ਸਲੂਜਾ ਨੇ ਕਿਹਾ ਇਨ੍ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਦੇਸ਼ ਵਾਸੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਦੱਸੇ ਮਾਰਗ ’ਤੇ ਚੱਲਣ ਦਾ ਪ੍ਰਣ ਲੈਣਾ ਚਾਹੀਦਾ ਹੈ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਤੋਂ ਮੰਗ ਕੀਤੀ ਗਈ ਕਿ ਸ਼ਹੀਦ ਦੇ ਨਾਮ ’ਤੇ ਬਣੀ ਇਸ ਮਾਰਕੀਟ ਵਿੱਚ ਕਿਸੇ ਢੁਕਵੀ ਥਾਂ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਬੁੱਤ ਵੀ ਲਗਾਇਆ ਜਾਵੇ।

Advertisement
Author Image

joginder kumar

View all posts

Advertisement
Advertisement
×