ਕਾਂਗਰਸ ਵੱਲੋਂ ਇੰਦਰਾ ਗਾਂਧੀ ਨੂੰ ਸ਼ਰਧਾਂਜਲੀਆਂ
ਨਵੀਂ ਦਿੱਲੀ, 31 ਅਕਤੂਬਰ
ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ’ਤੇ ਅੱਜ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਜ਼ਬੂਤ ਤੇ ਪ੍ਰਗਤੀਸ਼ੀਲ ਭਾਰਤ ਦੀ ਉਸਾਰੀ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਭਾਰਤ ਦੀ ਪਹਿਲੀ ਤੇ ਆਖ਼ਰੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਸ ਦੇ ਅੰਗਰੱਖਿਅਕਾਂ ਵੱਲੋਂ 31 ਅਕਤੂਬਰ 1984 ਵਿੱਚ ਕਤਲ ਕਰ ਦਿੱਤਾ ਗਿਆ ਸੀ। ਕਾਂਗਰਸੀ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਪਾਰਟੀ ਦੇ ਕਈ ਹੋਰ ਸੀਨੀਅਰ ਆਗੂਆਂ ਨੇ ਇੱਥੇ ‘ਸ਼ਕਤੀ ਸਥਲ’ ’ਤੇ ਪਹੁੰਚ ਕੇ ਇੰਦਰਾ ਗਾਂਧੀ ਦੀ ਸਮਾਧੀ ’ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਖੜਗੇ, ਸੋਨੀਆ ਗਾਂਧੀ, ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਤੇ ਹੋਰ ਕਾਂਗਰਸੀ ਆਗੂਆਂ ਨੇ ਇੰਦਰਾ ਗਾਂਧੀ ਦੀ ਨੰਬਰ ਇੱਕ ਸਫਦਰਜੰਗ ਰੋਡ ਰਿਹਾਇਸ਼ ’ਤੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। -ਪੀਟੀਆਈ
ਮੇਰੀ ਦਾਦੀ ਹੈ ਮੇਰੀ ਤਾਕਤ: ਰਾਹੁਲ ਗਾਂਧੀ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਹੀ ਉਨ੍ਹਾਂ ਦੀ ਤਾਕਤ ਹੈ। ਰਾਹੁਲ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਹਮੇਸ਼ਾ ਉਸ ਦੇਸ਼ ਦੀ ਰੱਖਿਆ ਕਰਨਗੇ ਜਿਸ ਲਈ ਉਨ੍ਹਾਂ ਦੀ ਦਾਦੀ ਨੇ ਆਪਣਾ ‘ਸਭ ਕੁੱਝ ਕੁਰਬਾਨ’ ਕਰ ਦਿੱਤਾ ਹੈ। ਇੰਦਰਾ ਗਾਂਧੀ ਦੀ ਬਰਸੀ ’ਤੇ ਰਾਹੁਲ ਗਾਂਧੀ ਨੇ ‘ਐਕਸ’ ਉੱਤੇ ਕਿਹਾ, ‘‘ਮੇਰੀ ਤਾਕਤ, ਮੇਰੀ ਦਾਦੀ ਹੈ। ਮੈਂ ਹਮੇਸ਼ਾ ਭਾਰਤ ਦੀ ਰੱਖਿਆ ਕਰਦਾ ਰਹਾਂਗਾ ਜਿਸ ਲਈ ਤੁਸੀਂ ਹਰ ਕੁਰਬਾਨੀ ਦਿੱਤੀ ਹੈ। ਤੁਹਾਡੀਆਂ ਯਾਦਾਂ ਹਮੇਸ਼ਾ ਮੇਰੇ ਦਿਲ ਵਿੱਚ ਮੇਰੇ ਨਾਲ ਰਹਿਣਗੀਆਂ।’’ ਰਾਹੁਲ ਦੇ ਚਚੇਰੇ ਭਰਾ ਅਤੇ ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਨੇ ਵੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, ‘‘ਮੇਰੀ ਦਾਦੀ ਮਰਹੂਮ ਇੰਦਰਾ ਗਾਂਧੀ ਜੀ ਨੂੰ ਕੋਟਿ ਕੋਟਿ ਪ੍ਰਣਾਮ।’’ -ਪੀਟੀਆਈ