ਸੀਪੀਐੱਮ ਆਗੂ ਸੀਤਾਰਾਮ ਯੇਚੁਰੀ ਨੂੰ ਸ਼ਰਧਾਂਜਲੀਆਂ
ਨਵੀਂ ਦਿੱਲੀ, 14 ਸਤੰਬਰ
ਸੀਪੀਐੱਮ ਦੇ ਜਨਰਲ ਸਕੱਤਰ ਤੇ ਸੀਨੀਅਰ ਕਮਿਊਨਿਸਟ ਨੇਤਾ ਸੀਤਾਰਾਮ ਯੇਚੁਰੀ ਦੀ ਮ੍ਰਿਤਕ ਦੇਹ ਅੱਜ ‘ਲਾਲ ਸਲਾਮ’ ਦੇ ਨਾਅਰਿਆਂ ਵਿਚਾਲੇ ਉਨ੍ਹਾਂ ਦੀ ਰਿਹਾਇਸ਼ ਤੋਂ ਪਾਰਟੀ ਹੈੱਡਕੁਆਰਟਰ ਏਕੇਜੀ ਭਵਨ ਲਿਜਾਂਦੀ ਗਈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਸੀਪੀਆਈ (ਐੱਮ) ਦੇ ਲਾਲ ਝੰਡੇ ’ਚ ਲਿਪਟੀ ਯੇਚੁਰੀ ਦੀ ਦੇਹ ਪਾਰਟੀ ਹੈੱਡਕੁਆਰਟਰ ’ਚ ਰੱਖੀ ਗਈ, ਜਿੱਥੇ ਪੋਲਿਟ ਬਿਊਰੋ ਮੈਂਬਰਾਂ ਪ੍ਰਕਾਸ਼ ਕਰਾਤ, ਬ੍ਰਿੰਦਾ ਕਰਾਤ, ਪਿਨਾਰਾਈ ਵਿਜਯਨ ਅਤੇ ਐੱਮਏ ਬੇਬੀ ਸਮੇਤ ਪਾਰਟੀ ਦੇ ਕਈ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕਾਂਗਰਸ ਸੰਸਦੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਵੀ ਪਾਰਟੀ ਦੇ ਹੋਰ ਆਗੂਆਂ ਨਾਲ ਯੇਚੁਰੀ ਨੂੰ ਆਖਰੀ ਸ਼ਰਧਾਂਜਲੀ ਦੇਣ ਏਕੇਜੀ ਭਵਨ ਪੁੱਜੀ। ਉਨ੍ਹਾਂ ਨਾਲ ਜੈਰਾਮ ਰਮੇਸ਼, ਰਾਜੀਵ ਸ਼ੁਕਲਾ ਤੇ ਪਾਰਟੀ ਦੇ ਹੋਰ ਆਗੂ ਵੀ ਸਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਮਨੀਸ਼ ਸਿਸੋਦੀਆ, ਸੰਜੇ ਸਿੰਘ, ਰਾਘਵ ਚੱਢਾ ਤੇ ਗੋਪਾਲ ਰਾਏ, ਐੱਨਸੀਪੀ (ਐੱਸਪੀ) ਦੇ ਪ੍ਰਧਾਨ ਸ਼ਰਦ ਪਵਾਰ, ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ, ਕਾਂਗਰਸ ਆਗੂ ਮਨੀਸ਼ੰਕਰ ਅਈਅਰ, ਸਚਿਨ ਪਾਇਲਟ, ਡੀਐੱਮਕੇ ਆਗੂ ਉਦੈਨਿਧੀ ਸਟਾਲਿਨ, ਟੀਆਰ ਬਾਬੂ, ਦਯਾਨਿਧੀ ਮਾਰਨ, ਆਰਜੇਡੀ ਦੇ ਸੰਸਦ ਮੈਂਬਰ ਮਨੋਜ ਝਾਅ, ਸੀਪੀਆਈ ਦੇ ਜਨਰਲ ਸਕੱਤਰ ਡੀ. ਰਾਜਾ ਤੇ ਪਾਰਟੀ ਆਗੂ ਐਨੀ ਰਾਜਾ ਅਤੇ ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਵੀ ਮਰਹੂਮ ਖੱਬੇਪੱਖੀ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸੇ ਤਰ੍ਹਾਂ ਚੀਨੀ ਰਾਜਦੂਤ ਸ਼ੂ ਫੇਈਹੌਂਗ, ਰਾਜਦੂਤ ਵੀਅਤਨਾਮ ਨਗੁਏਨ ਥਾਨ੍ਹ ਹਾਈ, ਫਲਸਤੀਨੀ ਰਾਜਦੂਤ ਅਦਨਾਨ ਅਬੂ ਅਲਹਾਇਜਾ ਤੇ ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਮਾਧਵ ਕੁਮਾਰ ਨੇਪਾਲ ਤੋਂ ਇਲਾਵਾ ਸਾਬਕਾ ਸੀਆਈਸੀ ਵਜਾਹਤ ਹਬੀਬੁੱਲ੍ਹਾ ਤੇ ਮਸ਼ਹੂਰ ਇਤਿਹਾਸਕਾਰ ਰੋਮਿਲਾ ਥਾਪਰ ਨੇ ਵੀ ਯੇਚੁਰੀ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ