ਯਾਦਾਂ ਦੀ ਸਾਂਝ ਪਾਉਂਦਿਆਂ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ
ਹਰਦਮ ਮਾਨ
ਸਰੀ : ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬੀ ਦੇ ਮਹਾਨ ਸ਼ਾਇਰ ਸੁਰਜੀਤ ਪਾਤਰ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਪ੍ਰਗਟ ਕਰਨ ਲਈ ਬੀਤੇ ਦਿਨ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੰਚ ਦੇ ਪ੍ਰਧਾਨ ਜਸਵਿੰਦਰ ਦੀ ਪ੍ਰਧਾਨਗੀ ਵਿੱਚ ਹੋਈ ਇਸ ਮੀਟਿੰਗ ਵਿੱਚ ਮੰਚ ਦੇ ਮੈਂਬਰਾਂ ਨੇ ਸੁਰਜੀਤ ਪਾਤਰ ਦੀ ਸ਼ਾਇਰੀ, ਉਨ੍ਹਾਂ ਦੇ ਜੀਵਨ, ਉਨ੍ਹਾਂ ਦੀ ਨਿਮਰ ਇਨਸਾਨੀ ਸ਼ਖ਼ਸੀਅਤ ਅਤੇ ਉਨ੍ਹਾਂ ਨਾਲ ਆਪੋ ਆਪਣੀ ਸਾਂਝ ਦੀ ਗੱਲਬਾਤ ਕੀਤੀ।
ਸਾਇਰ ਜਸਵਿੰਦਰ ਨੇ ਮਰਹੂਮ ਸੁਰਜੀਤ ਪਾਤਰ ਨਾਲ ਆਪਣੀ ਲੰਮੇ ਸਮੇਂ ਦੀ ਸਾਂਝ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਪੁਸਤਕ ‘ਹਵਾ ’ਚ ਲਿਖੇ ਹਰਫ਼’ ਪੜ੍ਹ ਕੇ ਹੀ ਅਸਲ ਵਿੱਚ ਉਸ ਨੂੰ ਸ਼ਾਇਰੀ ਦੀ ਸੋਝੀ ਹੋਈ। ਉਨ੍ਹਾਂ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਸੁਰਜੀਤ ਪਾਤਰ ਨੂੰ ਮਿਲੇ ਅਤੇ ਪਾਤਰ ਸਾਹਿਬ ਨੇ ਕਿਹਾ ਕਿ ‘ਜਸਵਿੰਦਰ ਤੇਰੇ ਅੰਦਰ ਕਵਿਤਾ ਹੈ’ ਤਾਂ ਏਨੇ ਵੱਡੇ ਸ਼ਾਇਰ ਦੇ ਇਹ ਸ਼ਬਦ ਉਨ੍ਹਾਂ ਦੀ ਸ਼ਾਇਰੀ ਲਈ ਵਰਦਾਨ ਸਾਬਤ ਹੋਏ ਅਤੇ ਉਸ ਦਿਨ ਤੋਂ ਉਨ੍ਹਾਂ ਆਪਣੇ ਆਪ ਨੂੰ ਕਵੀ ਮੰਨ ਲਿਆ ਸੀ। ਉਨ੍ਹਾਂ ਦੱਸਿਆ ਕਿ ਸੁਰਜੀਤ ਪਾਤਰ ਨਾਲ ਉਨ੍ਹਾਂ ਨੇ ਅਨੇਕਾਂ ਕਵੀ ਦਰਬਾਰਾਂ ਵਿੱਚ ਸ਼ਮੂਲੀਅਤ ਕੀਤੀ ਅਤੇ ਪਾਤਰ ਸਾਹਿਬ ਵੱਲੋਂ ਉਨ੍ਹਾਂ ਨੂੰ ਬੇਹੱਦ ਪਿਆਰ ਮਿਲਦਾ ਰਿਹਾ।
ਸ਼ਾਇਰ ਕ੍ਰਿਸ਼ਨ ਭਨੋਟ ਨੇ ਕਿਹਾ ਕਿ ਪੰਜਾਬੀ ਵਿੱਚ ਚਾਰ ਸ਼ਾਇਰਾਂ (ਅੰਮ੍ਰਿਤਾ ਪ੍ਰੀਤਮ, ਪ੍ਰੋਫੈਸਰ ਮੋਹਨ ਸਿੰਘ, ਸ਼ਿਵ ਕੁਮਾਰ ਅਤੇ ਸੁਰਜੀਤ ਪਾਤਰ) ਨੂੰ ਬੇਹੱਦ ਮਾਣ ਅਤੇ ਮਕਬੂਲੀਅਤ ਮਿਲੀ ਹੈ ਅਤੇ ਸੁਰਜੀਤ ਪਾਤਰ ਦਾ ਇਨ੍ਹਾਂ ਚਾਰਾਂ ਵਿੱਚ ਉੱਘੜਵਾਂ ਨਾਮ ਹੈ। ਰਾਜਵੰਤ ਰਾਜ ਨੇ ਕਿਹਾ ਕਿ ਉਹ ਸਾਹਿਤ ਪ੍ਰਤੀ ਬੇਹੱਦ ਸਮਰਪਿਤ ਸਨ ਕਿ 80 ਸਾਲ ਦੀ ਉਮਰ ਵਿੱਚ ਵੀ ਅਣਥੱਕ ਕਾਮੇ ਵਾਂਗ ਸਾਹਿਤਕ ਖੇਤਰ ਵਿੱਚ ਰੋਜ਼ਾਨਾ ਵਿਚਰਦੇ ਸਨ।
ਪ੍ਰੀਤ ਮਨਪ੍ਰੀਤ ਨੇ ਕਿਹਾ ਕਿ ਨਾਭਾ ਕਵਿਤਾ ਉਤਸਵ ਵਿੱਚ ਸੁਰਜੀਤ ਪਾਤਰ ਨਾਲ ਉਸ ਦੀ ਮੁਲਾਕਾਤ ਹੋਈ ਸੀ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਨੇ ਬਹੁਤ ਪ੍ਰਭਾਵਿਤ ਕੀਤਾ। ਉਨ੍ਹਾਂ ਦੀ ਮਹਾਨ ਸ਼ਾਇਰੀ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ। ਗੁਰਮੀਤ ਸਿੱਧੂ ਨੇ ਪਾਤਰ ਦੀ ਕਵਿਤਾ ਦੀ ਮਹਾਨਤਾ ਬਾਰੇ ਗੱਲਬਾਤ ਕੀਤੀ ਅਤੇ ਕੈਨੇਡਾ ਵਿਖੇ ਉਨ੍ਹਾਂ ਨਾਲ ਹੋਈਆਂ ਮੁਲਾਕਾਤਾਂ ਦਾ ਜ਼ਿਕਰ ਕੀਤਾ। ਦਸਮੇਸ਼ ਗਿੱਲ ਫਿਰੋਜ਼ ਨੇ ਵੀ ਸੁਰਜੀਤ ਪਾਤਰ ਨੂੰ ਪੰਜਾਬੀ ਦਾ ਮਹਾਨ ਅਤੇ ਮਕਬੂਲ ਸ਼ਾਇਰ ਦੱਸਿਆ। ਦਵਿੰਦਰ ਗੌਤਮ ਨੇ ਕਿਹਾ ਕਿ ਜਦੋਂ ਉਹ ਰਣਧੀਰ ਕਾਲਜ ਕਪੂਰਥਲਾ ਵਿਖੇ ਪੜ੍ਹਨ ਸਮੇਂ ਬਿਹਤਰੀਨ ਕਵੀ ਚੁਣਿਆ ਗਿਆ ਤਾਂ ਉਸ ਨੂੰ ਇਨਾਮ ਵਿੱਚ ਮਿਲੀਆਂ ਚਾਰ ਕਿਤਾਬਾਂ ਵਿੱਚ ਦੋ ਕਿਤਾਬਾਂ ਸੁਰਜੀਤ ਪਾਤਰ ਦੀਆਂ ਸਨ ਅਤੇ ਉਨ੍ਹਾਂ ਦੀਆਂ ਇਹ ਕਿਤਾਬਾਂ ਪੜ੍ਹ ਕੇ ਹੀ ਉਸ ਨੂੰ ਪਤਾ ਲੱਗਿਆ ਕਿ ਸ਼ਾਇਰੀ ਕੀ ਹੁੰਦੀ ਹੈ। ਡਾ. ਰਣਦੀਪ ਮਲਹੋਤਰਾ ਅਤੇ ਪਰਖਜੀਤ ਸਿੰਘ ਨੇ ਪਾਤਰ ਦੀਆਂ ਰਚਨਾਵਾਂ ਨੂੰ ਆਪਣੀ ਸੁਰੀਲੀ ਆਵਾਜ਼ ਵਿੱਚ ਪੇਸ਼ ਕਰਕੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ।
ਸੰਪਰਕ: +1 604 308 6663
ਡਾ. ਸੁਰਜੀਤ ਪਾਤਰ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ
ਇਟਲੀ: ਪੰਜਾਬੀ ਦੇ ਸਿਰਮੌਰ ਕਵੀ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਦੇ ਬੇਵਕਤੀ ਅਕਾਲ ਚਲਾਣੇ ਉੱਪਰ ਰੱਖੀ ਗਈ ਸ਼ੋਕ ਸਭਾ ਵਿੱਚ ਯੂਰਪੀ ਪੰਜਾਬੀ ਲੇਖਕ ਭਾਈਚਾਰੇ ਅਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਨੇ ਕਿਹਾ ਕਿ ਸੁਰਜੀਤ ਪਾਤਰ ਜਿਹੀਆਂ ਸ਼ਖ਼ਸੀਅਤਾਂ ਵਾਰ ਵਾਰ ਪੈਦਾ ਨਹੀਂ ਹੁੰਦੀਆਂ। ਸਭਾ ਦੇ ਮੁੱਖ ਸਲਾਹਕਾਰ ਦਲਜਿੰਦਰ ਰਹਿਲ ਨੇ ਕਿਹਾ ਕਿ ਸੁਰਜੀਤ ਪਾਤਰ ਇੱਕ ਯੁੱਗ ਕਵੀ ਸਨ ਜਿਨ੍ਹਾਂ ਨੂੰ ਯੁੱਗਾਂ ਯੁਗਾਂਤਰਾਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਸੁਰਜੀਤ ਪਾਤਰ ਸੁਹਜ, ਸੰਜਮ, ਸਲੀਕੇ ਨਾਲ ਗੜੁੱਚ ਅਦਬੀ ਸ਼ਖ਼ਸੀਅਤ ਸਨ ਜਿਨ੍ਹਾਂ ਨੂੰ ਪੰਜਾਬੀ ਸਾਹਿਤਕ ਜਗਤ ਵਿੱਚ ਸਦਾ ਸਤਿਕਾਰ ਨਾਲ ਚੇਤੇ ਰੱਖਿਆ ਜਾਵੇਗਾ।
ਇੰਗਲੈਂਡ ਤੋਂ ਕੁਲਵੰਤ ਕੌਰ ਢਿੱਲੋਂ ਨੇ ਸੁਰਜੀਤ ਪਾਤਰ ਨੂੰ ਭਰੇ ਮਨ ਨਾਲ ਯਾਦ ਕਰਦਿਆਂ ਕਿਹਾ ਕਿ ਅਜਿਹਾ ਸ਼ਾਇਰ ਹੋਣਾ ਸਾਡੇ ਸਭ ਲਈ ਮਾਣ ਵਾਲੀ ਗੱਲ ਹੈ। ਜਰਮਨੀ ਤੋਂ ਅਮਜ਼ਦ ਆਰਫ਼ੀ, ਨੀਲੂ ਜਰਮਨੀ, ਗਰੀਸ ਤੋਂ ਗੁਰਪ੍ਰੀਤ ਕੌਰ ਗਾਇਦੂ, ਇਟਲੀ ਤੋਂ ਪ੍ਰੋ. ਜਸਪਾਲ ਸਿੰਘ, ਰਾਣਾ ਅਠੌਲਾ, ਸਿੱਕੀ ਝੱਜੀ ਪਿੰਡ ਵਾਲਾ, ਯਾਦਵਿੰਦਰ ਸਿੰਘ ਬਾਗੀ, ਕਰਮਜੀਤ ਕੌਰ ਰਾਣਾ, ਜਸਵਿੰਦਰ ਕੌਰ ਮਿੰਟੂ, ਸਤਵੀਰ ਸਾਂਝ, ਰਾਜੂ ਹਠੂਰੀਆ, ਨਿਰਵੈਲ ਸਿੰਘ, ਗੁਰਮੀਤ ਸਿੰਘ ਮੱਲੀ, ਪਰੇਮਪਾਲ ਸਿੰਘ, ਨਰਿੰਦਰ ਪੰਨੂ ਆਦਿ ਨੇ ਵੀ ਡਾ. ਸੁਰਜੀਤ ਪਾਤਰ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਖ਼ਬਰ ਸਰੋਤ: ਸਾਹਿਤ ਸੁਰ ਸੰਗਮ ਸਭਾ ਇਟਲੀ