ਸਮਾਜ ਸੇਵੀ ਪਰਮਿੰਦਰ ਚੀਮਾ ਨੂੰ ਸ਼ਰਧਾਂਜਲੀਆਂ ਭੇਟ
ਦੇਵਿੰਦਰ ਸਿੰਘ ਜੱਗੀ
ਪਾਇਲ, 28 ਮਈ
ਸਮਾਜ ਸੇਵੀ ਤੇ ਟਰਾਂਸਪੋਰਟਰ ਸਵ. ਪਰਮਿੰਦਰ ਸਿੰਘ ਚੀਮਾ ਦੀ ਅੰਤਿਮ ਅਰਦਾਸ ਮੌਕੇ ਸਮਾਜਿਕ, ਧਾਰਮਿਕ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਕੋਹਾੜਕਾ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਕੌਂਸਲਰ ਜਤਿੰਦਰ ਪਾਠਕ, ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਪਰਮਿੰਦਰ ਸਿੰਘ ਚੀਮਾ ਗਰੀਬਾਂ ਦੇ ਮਸੀਹਾਂ ਤੇ ਧਾਰਮਿਕ ਖਿਆਲਾਂ ਵਾਲੇ ਇਨਸਾਨ ਸਨ। ਇਸ ਸ਼ਰਧਾਂਜਲੀ ਸਮਾਗਮ ’ਚ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ, ਇੰਜਨੀਅਰ ਜਗਦੇਵ ਸਿੰਘ ਬੋਪਾਰਾਏ, ਐੱਸਪੀ ਅਮਨ ਬਰਾੜ, ਐੱਸਪੀ ਹਰਕਮਲ ਕੌਰ ਬਰਾੜ, ਚੇਅਰਮੈਨ ਸਤਿਨਾਮ ਸਿੰਘ ਸੋਨੀ, ਚੇਅਰਮੈਨ ਬੰਤ ਸਿੰਘ ਦੋਬੁਰਜੀ ਆਦਿ ਹਾਜ਼ਰ ਸਨ। ਸਵਰਗੀ ਚੀਮਾ ਦੇ ਪਰਿਵਾਰ ਵੱਲੋਂ ਮਨੁੱਖਤਾ ਦੀ ਸੇਵਾ ਦੇ ਕੇਂਦਰ ਹਸਨਪੁਰ ਨੂੰ 5 ਲੱਖ ਰੁਪਏ, ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਖੰਨਾ ਤੇ ਗੁਰਦੁਆਰਾ ਸਾਹਿਬ ਅਲੂਣਾ ਤੋਲਾ ਨੂੰ 51-51 ਹਜ਼ਾਰ ਰੁਪਏ, ਸਰਕਾਰੀ ਸਕੂਲ ਅਲੂਣਾ ਤੋਲਾ ਤੇ ਮਸਜਿਦ ਨੂੰ 21-21 ਹਜ਼ਾਰ ਰੁਪਏ ਰਾਸ਼ੀ ਭੇਟ ਕੀਤੀ।