ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀਆਂ ਭੇਟ
ਸੰਤੋਖ ਗਿੱਲ
ਗੁਰੂਸਰ ਸੁਧਾਰ, 16 ਨਵੰਬਰ
ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ 4ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਸ਼ਹੀਦ ਦੇ ਜੱਦੀ ਪਿੰਡ ਵਿੱਚ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਸ਼ਹੀਦ ਸਰਾਭਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ, ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਤੇ ਸੀਟੂ ਦੇ ਸੂਬਾਈ ਆਗੂ ਰਾਜਜਸਵੰਤ ਸਿੰਘ ਤਲਵੰਡੀ ਦੀ ਅਗਵਾਈ ਵਿੱਚ ਮਜ਼ਦੂਰ ਆਗੂਆਂ ਨੇ ਪਿੰਡ ਸਰਾਭਾ ਦੇ ਮੁੱਖ ਚੌਕ ਵਿੱਚ ਸ਼ਹੀਦ ਸਰਾਭਾ ਦੇ ਬੁੱਤ ’ਤੇ ਹਾਰ ਪਾ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਾਥੀ ਗੋਰਾ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਮਿਸਾਲ ਕੁਰਬਾਨੀਆਂ ਤੋਂ ਬਾਅਦ ਪ੍ਰਾਪਤ ਕੀਤੀ ਆਜ਼ਾਦੀ ਨੂੰ ਫ਼ਿਰਕਾਪ੍ਰਸਤ ਸ਼ਕਤੀਆਂ ਵੱਲੋਂ ਖ਼ਤਰਾ ਪੈਦਾ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇਸ਼ ਦੇ ਸੰਵਿਧਾਨ ਦਾ ਭੋਗ ਪਾਉਣ ਦੇ ਸੁਫ਼ਨੇ ਦੇਖ ਰਹੀ ਹੈ। ਭਾਕਿਯੂ ਏਕਤਾ (ਡਕੌਂਦਾ) ਦੇ ਸੂਬਾਈ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਅਤੇ ਸਥਾਨਕ ਪ੍ਰਧਾਨ ਹਰਦੀਪ ਸਿੰਘ ਸਰਾਭਾ ਦੀ ਅਗਵਾਈ ਵਿੱਚ ਕਿਸਾਨ ਆਗੂਆਂ ਨੇ ਸ਼ਹੀਦ ਦੇ ਜੱਦੀ ਪਿੰਡ ਵਿੱਚ ਸ਼ਹੀਦ ਸਰਾਭਾ ਦੇ ਬੁੱਤ ’ਤੇ ਸ਼ਰਧਾਂਜਲੀ ਭੇਟ ਕਰਨ ਮਗਰੋਂ ਕਿਸਾਨ ਆਗੂ ਜਗਰੂਪ ਸਿੰਘ ਹਸਨਪੁਰ, ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਵੱਡੀ ਗਿਣਤੀ ਕਿਸਾਨ ਆਗੂਆਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਤੱਕ ਮਾਰਚ ਕੀਤਾ। ਸ਼ਹੀਦ ਦੇ ਜੱਦੀ ਘਰ ਦੇ ਨੇੜੇ ਹੀ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਨਕਲਾਬੀ ਕੇਂਦਰ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਗ਼ਦਰੀ ਸ਼ਹੀਦਾਂ ਦਾ ਸਾਮਰਾਜ ਅਤੇ ਫ਼ਿਰਕਾਪ੍ਰਸਤੀ ਮੁਕਤ ਸਮਾਜਵਾਦ ਦਾ ਸੁਫ਼ਨਾ ਹਾਲੇ ਅਧੂਰਾ ਹੈ। ਉਨ੍ਹਾਂ ਦੇਸ਼ ਵਿੱਚ ਹਕੀਕੀ ਕਿਰਤੀ ਰਾਜ ਦੀ ਸਥਾਪਨਾ ਲਈ ਇੱਕ ਹੋਰ ਗ਼ਦਰ ਦਾ ਸੱਦਾ ਦਿੱਤਾ। ਉੱਧਰ ਇਨਕਲਾਬੀ ਜਨਤਕ ਜਥੇਬੰਦੀਆਂ ਵੱਲੋਂ ਪਹਿਲੇ ਲਾਹੌਰ ਸਾਜਿ਼ਸ਼ ਕੇਸ ਵਿੱਚ 16 ਨਵੰਬਰ 1915 ਨੂੰ ਬਰਤਾਨਵੀ ਸਰਕਾਰ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਜਗਤ ਸਿੰਘ ਸੁਰ ਸਿੰਘ, ਹਰਨਾਮ ਸਿੰਘ ਸਿਆਲਕੋਟੀ, ਬਖ਼ਸ਼ੀਸ਼ ਸਿੰਘ ਗਿੱਲਵਾਲੀ, ਵਿਸ਼ਨੂੰ ਗਣੇਸ਼ ਪਿੰਗਲੇ, ਸੁਰੈਣ ਸਿੰਘ ਛੋਟਾ ਗਿੱਲਵਾਲੀ ਅਤੇ ਸੁਰੈਣ ਸਿੰਘ ਵੱਡਾ ਗਿੱਲਵਾਲੀ ਨੂੰ ਪਿੰਡ ਸਰਾਭਾ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਉੱਪਰ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ।