ਜਲੰਧਰ ਵਿੱਚ ਦੇਸ ਰਾਜ ਕਾਲੀ ਨਮਿਤ ਸ਼ਰਧਾਂਜਲੀ ਸਮਾਗਮ
ਨਿੱਜੀ ਪੱਤਰ ਪਰੇਕ
ਜਲੰਧਰ, 7 ਸਤੰਬਰ
ਉੱਘੇ ਲੇਖਕ, ਪੱਤਰਕਾਰ, ਕਹਾਣੀਕਾਰ ਤੇ ਨਾਵਲਕਾਰ ਮਰਹੂਮ ਦੇਸ ਰਾਜ ਕਾਲੀ ਦੀ ਯਾਦ ਵਿੱਚ ਅੱਜ ਗੁਰਦੁਆਰਾ ਅਰਬਨ ਅਸਟੇਟ ਫੇਜ਼ 2 ਵਿੱਚ ਅੰਤਿਮ ਅਰਦਾਸ ਤੇ ਸ਼ਰਧਾਂਜ਼ਲੀ ਸਮਾਗਮ ਕੀਤਾ ਗਿਆ, ਜਿਥੇ ਵੱਖ ਵੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਦੇ ਹੋਏ ਮਰਹੂਮ ਸਾਥੀ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ।
ਇਸ ਸਮਾਗਮ ਵਿੱਚ ਪੰਜਾਬ ਦੇ ਉੱਘੇ ਸਾਹਿਤਕਾਰ, ਲੇਖਕ, ਪੱਤਰਕਾਰ, ਸਾਹਿਤਕਾਰ, ਸਮਾਜ ਸੇਵੀ, ਚਿੰਤਨਸ਼ੀਲ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ ਅਤੇ ਮਰਹੂਮ ਦੇਸ ਰਾਜ ਕਾਲੀ ਦੀ ਪਤਨੀ ਅੰਜਲੀ, ਬੇਟੀਆਂ ਯੁਨੀਸ਼ ਗੱਪੂ, ਸ਼ਾਲੂ ਸ਼ਿਵਾਲਿਕਾ ਤੇ ਬੇਟੇ ਕਰਨ ਨਾਲ ਦੁੱਖ ਸਾਂਝਾ ਕੀਤਾ। ਸਮਾਗਮ ਨੂੰ ਕਵੀ ਡਾ. ਸੁਰਜੀਤ ਪਾਤਰ, ਵਿਦਵਾਨ ਡਾ. ਸੁਖਦੇਵ ਸਿਰਸਾ, ਡਾ. ਸਰਬਜੀਤ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਆਰ.ਐਮ.ਪੀ.ਆਈ ਦੇ ਆਗੂ ਮੰਗਤ ਰਾਮ ਪਾਸਲਾ, ਵਿਦਵਾਨ ਲੇਖਕ ਆਲੋਚਕ ਡਾ. ਮਨਮੋਹਨ, ਚਰਨਜੀਤ ਸਿੰਘ ਅਟਵਾਲ, ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਐਸ.ਸੀ.ਐਸ.ਟੀ. ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਥਾਪਾ, ਪੱਤਰਕਾਰ ਜਤਿੰਦਰ ਪੰਨੂ ਤੇ ਦੀਪਕ ਬਾਲੀ ਨੇ ਸੰਬੋਧਨ ਕੀਤਾ।
ਇਸ ਮੌਕੇ ਸਾਹਿਤ ਅਕਾਦਮੀ ਵੱਲੋਂ ਡਾ. ਸਰਬਜੀਤ ਕੌਰ ਸੋਹਲ ਨੇ ਦੱਸਿਆ ਕਿ ਦੇਸ ਰਾਜ ਕਾਲੀ ਦੀ ਸਮੁੱਚੀ ਰਚਨਾਵਲੀ ਨੂੰ ਢੁਕਵੀਆਂ ਜਿਲਦਾਂ ’ਚ ਸੰਭਾਲਿਆ ਜਾਵੇਗਾ। ਇਸ ਮੌਕੇ ਪਰਿਵਾਰ ਵੱਲੋਂ ਕਵੀ ਮੱਖਣ ਮਾਨਅਤੇ ਡਾ. ਸੈਲੇਸ਼ ਨੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਸੰਗਤ ਰਾਮ ਨੇ ਅਦਾ ਕੀਤੀ।