ਪੱਤਰਕਾਰ ਦਿਲਬਾਗ ਸਿੰਘ ਗਿੱਲ ਨਮਿੱਤ ਸ਼ਰਧਾਂਜਲੀ ਸਮਾਗਮ
ਪੱਤਰ ਪ੍ਰੇਰਕ
ਅੰਮ੍ਰਿਤਸਰ, 2 ਅਕਤੂਬਰ
ਅਦਾਰਾ ‘ਪੰਜਾਬੀ ਟ੍ਰਿਬਿਊਨ’ ਦੇ ਅਟਾਰੀ ਤੋਂ ਪੱਤਰਕਾਰ ਅਤੇ ਬਾਲ ਸਾਹਿਤ ਲੇਖਕ ਦਿਲਬਾਗ ਸਿੰਘ ਗਿੱਲ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ ਜਿਨ੍ਹਾਂ ਨਮਿੱਤ ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਅੱਜ ਇੱਥੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਗੁਰਦੁਆਰਾ ਕਬੀਰ ਪਾਰਕ ਵਿੱਚ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਅਤੇ ਪੰਜਾਬੀ ਦੀ ਸਾਹਿਤਕ ਪੱਤਰਕਾਰੀ ਵਿੱਚ ਪਾਏ ਨਿੱਗਰ ਯੋਗਦਾਨ ਕਰਕੇ ਦਿਲਬਾਗ ਸਿੰਘ ਗਿੱਲ ਕਦੇ ਵੀ ਲੋਕ ਚੇਤਿਆਂ ਵਿੱਚੋਂ ਮਨਫ਼ੀ ਨਹੀਂ ਹੋਣਗੇ। ਪ੍ਰੋ. ਡਾ. ਊਧਮ ਸਿੰਘ ਸਾਹੀ ਨੇ ਗਿੱਲ ਹੁਰਾਂ ਨਾਲ ਬਿਤਾਏ ਵੇਲੇ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਕੋਲ ਗੱਲ ਕਰਨ, ਸੁਣਨ ਅਤੇ ਸਮਝਣ ਦੀ ਕਮਾਲ ਦੀ ਜੁਗਤ ਸੀ।
ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ, ਅਦਾਰਾ ਪੰਜਾਬੀ ਟ੍ਰਿਬਿਊਨ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਭੇਜੇ ਸੋਕ ਸੰਦੇਸ਼ ਵੀ ਪੜ੍ਹੇ ਗਏ। ਇਸ ਸਮੇਂ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਲਾਂਬਾ, ਮਨਮੋਹਨ ਸਿੰਘ ਢਿੱਲੋਂ, ਦਵਿੰਦਰ ਸਿੰਘ ਭੰਗੂ, ਗੁਰਮੀਤ ਸਿੰਘ ਸੰਧੂ, ਜਗਤਾਰ ਛਿੱਤ, ਮੁਖਤਾਰ ਗਿੱਲ, ਧਰਵਿੰਦਰ ਔਲਖ, ਸਤਨਾਮ ਮੂਧਲ, ਡਾ. ਕਸ਼ਮੀਰ ਸਿੰਘ, ਅਜੀਤ ਸਿੰਘ ਨਬੀਪੁਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤਕਾਰ ਅਤੇ ਰਿਸ਼ਤੇਦਾਰ ਹਾਜ਼ਰ ਸਨ।