ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 31 ਜਨਵਰੀ
ਟੋਹਾਣਾ ਕਿਸਾਨ ਮਹਾਂਪੰਚਾਇਤ ਵਿੱਚ ਜਾਂਦੇ ਸਮੇਂ ਸੜਕ ਹਾਦਸੇ ਵਿੱਚ ਫੌਤ ਹੋਏ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਬਸੰਤ ਸਿੰਘ ਕੋਠਾ ਗੁਰੂ, ਕਰਮ ਸਿੰਘ, ਸਰਬਜੀਤ ਕੌਰ, ਬਲਵੀਰ ਕੌਰ ਤੇ ਜਸਵੀਰ ਕੌਰ ਦੀ ਯਾਦ ’ਚ ਅੱਜ ਦਾਣਾ ਮੰਡੀ ਕੋਠਾ ਗੁਰੂ ਵਿੱਚ ਪੰਜਾਬ ਭਰ ਤੋਂ ਪੁੱਜੇ ਹਜ਼ਾਰਾਂ ਕਿਸਾਨਾਂ, ਔਰਤਾਂ ਤੇ ਮਜ਼ਦੂਰਾਂ ਨੇ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੇ ਸ਼ੁਰੂ ’ਚ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਿਆ ਤੇ ਉਨ੍ਹਾਂ ਦੇ ਅਧੂਰੇ ਕਾਰਜ ਪੂਰੇ ਕਰਨ ਬਾਰੇ ਆਵਾਜ਼ ਬੁਲੰਦ ਕੀਤੀ ਗਈ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਨ੍ਹਾਂ ਦੇ ਬੇਵਕਤੀ ਸਦੀਵੀਂ ਵਿਛੋੜੇ ਦਾ ਦੁੱਖ ਪਰਿਵਾਰਾਂ ਤੇ ਨਗਰ ਵਾਸੀਆਂ ਨਾਲ ਸਾਂਝਾ ਕੀਤਾ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨਾਂ ਤੇ ਕਿਰਤੀ ਵਰਗਾਂ ’ਤੇ ਕਾਰਪੋਰੇਟ ਘਰਾਣਿਆਂ ਤੇ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਵਿਰੁੱਧ ਸੰਘਰਸ਼ਾਂ ਨੂੰ ਹੋਰ ਵਿਸ਼ਾਲ ਤੇ ਤੇਜ਼ ਕਰਨਾ ਹੀ ਇਨ੍ਹਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਉਨ੍ਹਾਂ ਐਲਾਨ ਕੀਤਾ ਕਿ ਸ਼ਹੀਦਾਂ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ 13 ਫਰਵਰੀ ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਜਿਉਂਦ ਵਿੱਚ ਜ਼ਮੀਨੀ ਸੰਗਰਾਮ ਕਾਨਫਰੰਸ ਕੀਤੀ ਜਾਵੇਗੀ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਖੇਤੀ ਮੰਡੀਕਰਨ ਨੀਤੀ ਖਰੜੇ ਨੂੰ ਰੱਦ ਕਰਨ ਦੀ ਮੰਗ ਲਈ 8 ਤੇ 9 ਫਰਵਰੀ ਨੂੰ ਦੇਸ਼ ਭਰ ’ਚ ਸੰਸਦ ਮੈਂਬਰਾਂ ਨੂੰ ਵੱਡੇ ਜਨਤਕ ਵਫ਼ਦਾਂ ਰਾਹੀਂ ਮੰਗ ਪੱਤਰ ਸੌਂਪੇ ਜਾਣੇਗੇ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਤੋਂ ਵੱਡੀ ਗਿਣਤੀ ਆਗੂ ਤੇ ਹੋਰ ਲੋਕ ਹਾਜ਼ਰ ਹੋਏ।