ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਸ਼ਰਧਾਂਜਲੀ ਤੇ ਸਨਮਾਨ ਸਮਾਗਮ
ਪੱਤਰ ਪ੍ਰੇਰਕ
ਯਮੁਨਾਨਗਰ, 31 ਜੁਲਾਈ
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸਮਾਜਿਕ ਸਮਰਸਤਾ ਮੰਚ ਵੱਲੋਂ ਸਥਾਨਕ ਡੀਏਵੀ ਗਰਲਜ਼ ਕਾਲਜ ਵਿੱਚ ਸ਼ਰਧਾਂਜਲੀ ਅਤੇ ਪ੍ਰਤਿਭਾ ਸਨਮਾਨ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪ੍ਰਾਂਤ ਪ੍ਰਚਾਰ ਪ੍ਰਧਾਨ ਰਾਜੇਸ਼ ਕੁਮਾਰ ਮੁੱਖ ਬੁਲਾਰੇ ਅਤੇ ਹਿਸਾਰ ਦੇ ਚੌਧਰੀ ਚਰਨ ਸਿੰਘ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਲਦੇਵ ਰਾਜ ਕੰਬੋਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਕਾਰਪੋਰੇਟਰ ਸਵਿਤਾ ਅਨਿਲ ਕੰਬੋਜ ਅਤੇ ਮੀਨਾ ਦੇਵੀ ਵਿਸ਼ੇਸ਼ ਮਹਿਮਾਨ ਸਨ। ਸਮਾਗਮ ਦੀ ਪ੍ਰਧਾਨਗੀ ਸਮਾਜ ਸੇਵੀ ਹਰਜੀਤ ਸਿੰਘ ਮੋਗਾ ਨੇ ਕੀਤੀ। ਪ੍ਰੋਗਰਾਮ ਵਿੱਚ ਵੱਖ-ਵੱਖ ਖੇਤਰਾਂ ਵਿੱਚ ਜ਼ਿਕਰਯੋਗ ਕੰਮ ਕਰਨ ਵਾਲੇ ਅਤੇ ਪ੍ਰਤੀਕੂਲ ਹਾਲਾਤਾਂ ਵਿੱਚ ਕੰਮ ਕਰ ਕੇ ਸਮਾਜਿਕ ਜੀਵਨ ਵਿੱਚ ਵਿਸ਼ੇਸ਼ ਸਥਾਨ ਹਾਸਲ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਬੁਲਾਰੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਜੱਲ੍ਹਿਆਂਵਾਲਾ ਗੋਲੀਬਾਰੀ ਦੇ ਸਮੇਂ ਊਧਮ ਸਿੰਘ ਮੌਕੇ ’ਤੇ ਮੌਜੂਦ ਸੀ। ਸ਼ਹੀਦ ਊਧਮ ਸਿੰਘ ਨੇ ਭਾਰਤੀਆਂ ’ਤੇ ਹੋਏ ਇਸ ਜ਼ੁਲਮ ਦਾ ਬਦਲਾ ਲੈਣ ਲਈ ਸਾਲਾਂ ਤੱਕ ਇੰਤਜ਼ਾਰ ਕੀਤਾ। ਗਰੀਬ ਪਰਿਵਾਰ ਹੋਣ ਕਾਰਨ ਊਧਮ ਸਿੰਘ ਨੇ ਕਈ ਛੋਟੀਆਂ-ਛੋਟੀਆਂ ਨੌਕਰੀਆਂ ਕਰ ਕੇ ਅਮਰੀਕਾ, ਇੰਗਲੈਂਡ ਅਤੇ ਹੋਰ ਦੇਸ਼ਾਂ ਦੀ ਯਾਤਰਾ ਕੀਤੀ। ਸਖ਼ਤ ਮਿਹਨਤ ਕੀਤੀ ਅਤੇ ਆਪਣੇ ਸੰਕਲਪ ਨੂੰ ਪੂਰਾ ਕਰਨ ਲਈ ਉਸ ਨੇ ਕਿਤਾਬ ਵਿੱਚ ਛੁਪਾ ਕੇ ਰੱਖਿਆ ਪਿਸਤੌਲਨਾਲ ਇੰਗਲੈਂਡ ਵਿੱਚ ਜਨਰਲ ਓਡਵਾਇਰ ਨੂੰ ਗੋਲੀ ਮਾਰ ਕੇ ਆਪਣਾ ਸੰਕਲਪ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਦੇਸ਼ ਭਗਤੀ ਦਾ ਸੰਕਲਪ ਲੈਣਾ ਚਾਹੀਦਾ ਹੈ। ਮੁੱਖ ਮਹਿਮਾਨ ਬਲਦੇਵ ਰਾਜ ਨੇ ਕਿਹਾ ਕਿ ਭਾਰਤ ਦੇ ਬਚਪਨ ਨੂੰ ਬੁਰਾਈਆਂ ਤੋਂ ਬਚਾ ਕੇ ਨਵੀਂ ਦਿਸ਼ਾ ਦੇਣ ਦੀ ਲੋੜ ਹੈ। ਅੱਜ ਬੱਚੇ ਮੋਬਾਈਲ ਦੇਖਣ ਦੀ ਆਦਤ ਵਿੱਚ ਫਸ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿਰੜੀ ਊਧਮ ਸਿੰਘ ਦੀਆਂ ਕੁਰਬਾਨੀਆਂ ਨਾਲ ਭਰਪੂਰ ਕਹਾਣੀਆਂ ਸੁਣਾਉਣੀਆਂ ਚਾਹੀਦੀਆਂ ਹਨ। ਪ੍ਰੋਗਰਾਮ ਦੀ ਵਿਸ਼ੇਸ਼ ਮਹਿਮਾਨ ਮੀਨਾ ਦੇਵੀ ਨੇ ਕਿਹਾ ਕਿ ਊਧਮ ਸਿੰਘ ਨੇ ਬਚਪਨ ਵਿੱਚ ਆਪਣੀ ਮਾਂ ਅਤੇ ਭਰਾ ਨੂੰ ਗੁਆਉਣ ਤੋਂ ਬਾਅਦ ਵੀ ਸਖ਼ਤ ਮਿਹਨਤ ਕੀਤੀ, ਉਹ ਵੀ ਫ਼ੌਜ ਵਿੱਚ ਭਰਤੀ ਹੋ ਗਿਆ। ਕੌਂਸਲਰ ਸਵਿਤਾ ਕੰਬੋਜ ਨੇ ਦੇਸ਼ ਭਗਤੀ ਦੀ ਕਵਿਤਾ ਸੁਣਾ ਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੇਅਰ ਮਦਨ ਚੌਹਾਨ, ਦੇਵੇਂਦਰ ਚਾਵਲਾ, ਜ਼ਿਲ੍ਹਾ ਸੰਘਚਾਲਕ ਮਾਨ ਸਿੰਘ ਆਰੀਆ, ਸਹਿ-ਜ਼ਿਲ੍ਹਾ ਸੰਘਚਾਲਕ ਸੇਵਾ ਰਾਮ, ਸਹਿ-ਜ਼ਿਲ੍ਹਾ ਕਾਰਜਵਾਹਕ ਗੌਰਵ ਗੋਇਲ, ਸਮਾਜਿਕ ਸਦਭਾਵਨਾ ਮੰਚ ਦੇ ਵਿਭਾਗ ਦੇ ਕੋਆਰਡੀਨੇਟਰ ਸੁਰਿੰਦਰ ਹਾਜ਼ਰ ਸਨ।