ਟ੍ਰਿਬਿਊਨ ਦੇ ਸਹਾਇਕ ਸੰਪਾਦਕ ਦੀ ਵਿਸ਼ੇਸ਼ ਟ੍ਰਿਬਿਊਨਲ ਅੱਗੇ ਪੇਸ਼ੀ
ਗੁਰਦੇਵ ਸਿੰਘ ਸਿੱਧੂ
ਸਰਕਾਰ ਬਨਾਮ ਸੁਖਦੇਵ ਵਗੈਰਾ ਮੁਲਜ਼ਮਾਨ’ ਮੁਕੱਦਮਾ, ਜਿਸ ਨੂੰ ਆਮ ਤੌਰ ਉੱਤੇ ਲਾਹੌਰ ਸਾਜ਼ਿਸ਼ ਮੁਕੱਦਮੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਸਰਕਾਰ ਨੇ ਮਈ 1930 ਵਿੱਚ ਸਪੈਸ਼ਲ ਮੈਜਿਸਟ੍ਰੇਟ ਤੋਂ ਵਾਪਸ ਲੈ ਕੇ ਵਿਸ਼ੇਸ਼ ਟ੍ਰਿਬਿਊਨਲ ਦੇ ਹਵਾਲੇ ਕਰ ਦਿੱਤਾ। ਟ੍ਰਿਬਿਊਨਲ ਨੇ ਲਗਭਗ ਦੋ ਮਹੀਨੇ ਦੀ ਸੁਣਵਾਈ ਉਪਰੰਤ 10 ਜੁਲਾਈ ਨੂੰ ਮੁਲਜ਼ਮਾਂ ਖਿਲਾਫ਼ ਦਸ ਦੋਸ਼ ਆਇਦ ਕੀਤੇ ਜਿਨ੍ਹਾਂ ਵਿੱਚ ਇੱਕ ‘ਸ਼ਹਿਨਸ਼ਾਹੇ-ਹਿੰਦ ਕੋ ਬ੍ਰਿਟਿਸ਼ ਇੰਡੀਆ ਯਾ ਉਸ ਕੇ ਕਿਸੀ ਹਿੱਸਾ ਕੀ ਫਰਮਾ ਰਵਾਈ ਸੇ ਮਹਿਰੂਮ ਕਰਨੇ ਕੀ ਸਾਜ਼ਿਸ਼’ ਰਚਣ ਦਾ ਸੀ। ਜਿਨ੍ਹਾਂ 21 ਮੁਲਜ਼ਮਾਂ ਖ਼ਿਲਾਫ਼ ਦੋਸ਼ ਲਾਏ ਗਏ ਸਨ, ਉਨ੍ਹਾਂ ਵਿੱਚੋਂ 6 ਭਗੌੜੇ ਸਨ ਅਤੇ ਇਨ੍ਹਾਂ ਵਿੱਚੋਂ ਹੀ ਇੱਕ ਸੀ ਭਗਵਤੀ ਚਰਨ। ਭਗਵਤੀ ਚਰਨ ਦੀ ਤ੍ਰਾਸਦੀ ਇਹ ਸੀ ਕਿ ਉਹ ਨੌਜਵਾਨ ਭਾਰਤ ਸਭਾ ਅਤੇ ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਮਿਥੇ ਟੀਚਿਆਂ ਦੀ ਪ੍ਰਾਪਤੀ ਲਈ ਯਤਨ ਕਰਨ ਵਿੱਚ ਜਿੰਨਾ ਸੁਹਿਰਦ ਸੀ, ਉਸ ਦੇ ਬਹੁਤੇ ਸਾਥੀ ਉਸ ਉੱਤੇ ਓਨੀ ਹੀ ਬੇਭਰੋਸਗੀ ਰੱਖਦੇ ਸਨ। ਅਜਿਹੀ ਸਥਿਤੀ ਪੈਦਾ ਕਰਨ ਦਾ ਜ਼ਿੰਮੇਵਾਰ ਨੈਸ਼ਨਲ ਕਾਲਜ ਦਾ ਪ੍ਰੋਫੈਸਰ ਜੈ ਚੰਦਰ ਸੀ। ਭਗਵਤੀ ਚਰਨ ਉਮਰ, ਸਿੱਖਿਆ ਅਤੇ ਤਜਰਬੇ ਪੱਖੋਂ ਸਾਰੇ ਸਹਿਕਰਮੀਆਂ ਵਿੱਚੋਂ ਉੱਪਰ ਅਤੇ ਗ਼ਲਤ ਨੂੰ ਗ਼ਲਤ ਕਹਿਣ ਦੀ ਜੁਰੱਅਤ ਰੱਖਦਾ ਸੀ। ਉਸ ਦੀ ਇਸ ਕਾਬਲੀਅਤ ਕਾਰਨ ਹੀ ਪ੍ਰੋ. ਜੈ ਚੰਦਰ ਉਸ ਨਾਲ ਈਰਖਾ ਕਰਦਾ ਸੀ। ਉਸ ਨੇ ਬੜੀ ਹੁਸ਼ਿਆਰੀ ਨਾਲ ਭਗਵਤੀ ਚਰਨ ਦੇ ਪੁਲੀਸ ਨਾਲ ਰਲਿਆ ਹੋਣ ਦੀ ‘ਸ਼ੁਰਲੀ’ ਛੱਡੀ ਜਿਸ ਨੇ ਸਾਥੀਆਂ ਦੇ ਮਨਾਂ ਵਿੱਚ ਭਗਵਤੀ ਚਰਨ ਬਾਰੇ ਸ਼ੰਕੇ ਪੈਦਾ ਕਰ ਦਿੱਤੇ। ਫਲਸਰੂਪ ਉਸ ਨੂੰ ਜਥੇਬੰਦੀ ਵੱਲੋਂ ਵਿਉਂਤੇ ਕਾਰਜਾਂ ਬਾਰੇ ਜਾਣਕਾਰੀ ਨਹੀਂ ਸੀ ਦਿੱਤੀ ਜਾਂਦੀ। ਇਸ ਸਭ ਕੁਝ ਨੂੰ ਸਮਝਦਾ ਹੋਇਆ ਵੀ ਭਗਵਤੀ ਚਰਨ ਸਿਰੜ ਅਤੇ ਦ੍ਰਿੜਤਾ ਨਾਲ ਜਥੇਬੰਦੀ ਦੇ ਅੰਗ ਸੰਗ ਖੜ੍ਹਾ ਸੀ ਅਤੇ ਜਥੇਬੰਦੀ ਵੱਲੋਂ ਸੌਂਪੇ ਜਾਣ ਵਾਲੇ ਹਰ ਕੰਮ ਨੂੰ ਬਿਨਾਂ ਮੱਥੇ ਵੱਟ ਪਾਏ ਨਿਭਾਉਂਦਾ ਸੀ। ਸਿਰਫ਼ ਭਗਤ ਸਿੰਘ ਸੀ ਜੋ ਜੈ ਚੰਦਰ ਦੇ ਵਿਹਾਰ ਦੇ ਪਿਛੋਕੜ ਨੂੰ ਸਮਝਦਾ ਹੋਣ ਕਾਰਨ ਭਗਵਤੀ ਚਰਨ ਨਾਲ ਸਨੇਹ ਭਾਵ ਨਾਲ ਵਰਤਦਾ ਸੀ। ਭਗਤ ਸਿੰਘ ਦੀ ਇੱਛਾ ਅਨੁਸਾਰ ਜਥੇਬੰਦੀ ਦੇ ਦਸਤਾਵੇਜ਼ ਭਗਵਤੀ ਚਰਨ ਖ਼ੁਦ ਜਾਂ ਭਗਤ ਸਿੰਘ ਦੇ ਸਲਾਹ ਮਸ਼ਵਰੇ ਨਾਲ ਲਿਖਦਾ ਅਤੇ ਫਿਰ ਛਪਵਾਉਂਦਾ। ਸਰਕਾਰ ਸਮਝਦੀ ਸੀ ਕਿ ਸਾਜ਼ਿਸ਼ ਰਚਣ ਲਈ ਢੁੱਕਵਾਂ ਮਾਹੌਲ ਸਿਰਜਣ ਵਿੱਚ ਇਨ੍ਹਾਂ ਪ੍ਰਕਾਸ਼ਨਾਵਾਂ ਦਾ ਵੱਡਾ ਹੱਥ ਸੀ, ਇਸ ਲਈ ਉਸ ਦੀ ਨਜ਼ਰ ਵਿੱਚ ਭਗਵਤੀ ਚਰਨ ਵੀ ਦੂਜੇ ਦੋਸ਼ੀਆਂ ਨਾਲੋਂ ਘੱਟ ਖ਼ਤਰਨਾਕ ਨਹੀਂ ਸੀ। ਦੋ ਸੁਲਤਾਨੀ ਗਵਾਹਾਂ - ਜੈ ਗੋਪਾਲ ਅਤੇ ਹੰਸ ਰਾਜ ਵੋਹਰਾ - ਦੇ ਬਿਆਨਾਂ ਤੋਂ ਭਗਵਤੀ ਚਰਨ ਵੱਲੋਂ ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ ਦਾ ਮੈਨੀਫੈਸਟੋ ਛਪਵਾਉਣ ਵਾਸਤੇ ਟ੍ਰਿਬਿਊਨ ਦਫਤਰ ਜਾਣ ਦਾ ਪਤਾ ਲੱਗਾ ਤਾਂ ਪੁਲੀਸ ਨੇ ਪੁੱਛ-ਪੜਤਾਲ ਕਰਦਿਆਂ ਇਹ ਪਤਾ ਲਾਇਆ ਕਿ ਭਗਵਤੀ ਚਰਨ ਟ੍ਰਿਬਿਊਨ ਦਫਤਰ ਵਿੱਚ ਅਖ਼ਬਾਰ ਦੇ ਸਹਾਇਕ ਸੰਪਾਦਕ ਸ. ਜੰਗ ਬਹਾਦਰ ਸਿੰਘ ਨੂੰ ਮਿਲਿਆ ਸੀ। ਭਾਵੇਂ ਇਸ ਮੈਨੀਫੈਸਟੋ ਦੀ ਛਪਾਈ ਟ੍ਰਿਬਿਊਨ ਪ੍ਰੈੱਸ ਵਿੱਚ ਨਹੀਂ ਸੀ ਹੋਈ ਪਰ ਸਰਕਾਰੀ ਵਕੀਲ ਦੀ ਸੋਚ ਸੀ ਕਿ ਜੰਗ ਬਹਾਦਰ ਸਿੰਘ ਦੇ ਬਿਆਨ ਨੂੰ ਮੁਲਜ਼ਮਾਂ ਦੁਆਰਾ ਰਲ ਕੇ ਸਾਜ਼ਿਸ਼ ਘੜਨ ਦੇ ਆਧਾਰ ਵਜੋਂ ਵਰਤਿਆ ਜਾ ਸਕੇਗਾ। ਫਲਸਰੂਪ, ਜੰਗ ਬਹਾਦਰ ਸਿੰਘ ਨੂੰ ਗਵਾਹ ਇਸਤਗਾਸਾ ਨੰਬਰ 347 ਬਣਾ ਕੇ ਉਸ ਨੂੰ 5 ਅਗਸਤ 1930 ਨੂੰ ਵਿਸ਼ੇਸ਼ ਟ੍ਰਿਬਿਊਨਲ ਸਾਹਮਣੇ ਗਵਾਹੀ ਦੇਣ ਲਈ ਸੱਦਿਆ ਗਿਆ।
ਮਿਥੀ ਤਰੀਕ ਨੂੰ ਜੰਗ ਬਹਾਦਰ ਸਿੰਘ ਟ੍ਰਿਬਿੂਨਲ ਅੱਗੇ ਹਾਜ਼ਰ ਹੋਇਆ ਤਾਂ ਉਸ ਨੂੰ ਗਵਾਹਾਂ ਵਾਲੇ ਕਟਹਿਰੇ ਵਿੱਚ ਖੜ੍ਹਾ ਕੇ ਸੱਚੋ ਸੱਚ ਬੋਲਣ ਦੀ ਸਹੁੰ ਚੁਕਾਈ ਗਈ। ਸ. ਜੰਗ ਬਹਾਦਰ ਸਿੰਘ ਨੇ ਆਪਣੇ ਵੱਲੋਂ ਤਾਂ ਕੁਝ ਨਹੀਂ ਸੀ ਕਹਿਣਾ, ਸਰਕਾਰੀ ਵਕੀਲ ਜਾਂ ਅਦਾਲਤ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਦਾ ਉੱਤਰ ਦੇਣਾ ਸੀ। ਇਸ ਲਈ ਸਰਕਾਰੀ ਵਕੀਲ ਅਤੇ ਗਵਾਹ ਦਰਮਿਆਨ ਇਉਂ ਸਵਾਲ ਜਵਾਬ ਸ਼ੁਰੂ ਹੋਏ:
ਸਰਕਾਰੀ ਵਕੀਲ: ਕੀ 1928 ਈਸਵੀ ਦੇ ਗਰਮੀਆਂ ਦੇ ਮੌਸਮ ਸਮੇਂ ਭਗਵਤੀ ਚਰਨ ਨਾਉਂ ਦਾ ਕੋਈ ਸ਼ਖ਼ਸ ਮੈਨੀਫੈਸਟੋ ਨਾਂ ਦਾ ਰਸਾਲਾ ਤੁਹਾਡੇ ਛਾਪੇਖਾਨੇ ਵਿੱਚੋਂ ਛਪਵਾਉਣ ਜਾਂ ਅਖ਼ਬਾਰ ਵਿੱਚ ਛਪਵਾਉਣ ਦੀ ਗਰਜ਼ ਨਾਲ ਆਇਆ ਸੀ?
ਜੰਗ ਬਹਾਦਰ ਸਿੰਘ ਨਹੀਂ ਸੀ ਚਾਹੁੰਦਾ ਕਿ ਅਦਾਲਤ ਉਸ ਵੱਲੋਂ ਦਿੱਤੀ ਕਿਸੇ ਜਾਣਕਾਰੀ ਨੂੰ ਭਗਵਤੀ ਚਰਨ ਜਾਂ ਕਿਸੇ ਹੋਰ ਮੁਲਜ਼ਮ ਨੂੰ ਦੋਸ਼ੀ ਸਿੱਧ ਕਰਨ ਲਈ ਇਸਤੇਮਾਲ ਕਰੇ। ਇਸ ਲਈ ਉਸ ਨੇ ਇਸ ਸਵਾਲ ਦਾ ਉੱਤਰ ਨਾ ਦੇਣਾ ਹੀ ਬਿਹਤਰ ਸਮਝਿਆ ਅਤੇ ਇਸ ਨਾਂਹ ਲਈ ਉਸ ਨੇ ਆਧਾਰ ਬਣਾਇਆ ਮੁਲਜ਼ਮਾਂ ਦੀ ਗ਼ੈਰਹਾਜ਼ਰੀ ਨੂੰ। ਉਸ ਨੇ ਉੱਤਰ ਦਿੱਤਾ: ਜਦੋਂ ਤੱਕ ਮੁਲਜ਼ਮ ਮੇਰੇ ਉੱਤੇ ਜਿਰਾਹ ਕਰਨ ਜਾਂ ਮੇਰੇ ਬਿਆਨ ਦੀ ਜਾਂਚ ਪੜਤਾਲ ਕਰਨ ਲਈ ਹਾਜ਼ਰ ਨਾ ਹੋਵੇ, ਮੈਂ ਬਤੌਰ ਗਵਾਹ ਕਿਸੇ ਸਵਾਲ ਦਾ ਜਵਾਬ ਦੇਣਾ ਜਾਂ ਬਤੌਰ ਗਵਾਹ ਕੋਈ ਬਿਆਨ ਦੇਣਾ ਜ਼ਮੀਰ ਦੇ ਖ਼ਿਲਾਫ਼ ਸਮਝਦਾ ਹਾਂ। ਮੈਂ ਕਹਾਂਗਾ ਕਿ ਮੇਰੀ ਜ਼ਮੀਰ ਇਸ ਦੀ ਇਜਾਜ਼ਤ ਨਹੀਂ ਦਿੰਦੀ।
ਇਹ ਖੜਕਵਾਂ ਉੱਤਰ ਸੁਣ ਕੇ ਸਰਕਾਰੀ ਵਕੀਲ ਦੇ ਕੰਨ ਖੜ੍ਹੇ ਹੋ ਗਏ। ਉਸ ਨੂੰ ਜੰਗ ਬਹਾਦਰ ਸਿੰਘ ਵੱਲੋਂ ਅਜਿਹੇ ਉੱਤਰ ਦੀ ਉੱਕਾ ਹੀ ਉਮੀਦ ਨਹੀਂ ਸੀ। ਫਲਸਰੂਪ ਉਸ ਨੇ ਗਵਾਹ ਨੂੰ ਦਬਕਾਉਣ ਲਈ ਉਸ ਵਿਰੁੱਧ ਵਰਤੇ ਜਾ ਸਕਦੇ ਕਾਨੂੰਨ ਗਿਣਾਉਣੇ ਸ਼ੁਰੂ ਕੀਤੇ: ਓਥਜ਼ ਐਕਟ ਦੀ ਧਾਰਾ 14, ਜ਼ਾਬਤਾ ਫ਼ੌਜਦਾਰੀ ਦੀਆਂ ਧਾਰਾਵਾਂ 485, 480, 486 ਆਦਿ ਅਤੇ ਤਾਜ਼ੀਰਾਤੇ ਹਿੰਦ ਦੀ ਧਾਰਾ 179। ਇਸ ਮੌਕੇ ਜੱਜ ਸਰਕਾਰੀ ਵਕੀਲ ਦੀ ਪਿੱਠ ਉੱਤੇ ਆਇਆ।
ਅਦਾਲਤ: ਹੁਣ ਜਦੋਂ ਸਾਰੇ ਕਾਨੂੰਨ ਤੁਹਾਡੇ ਧਿਆਨ ਵਿੱਚ ਲਿਆ ਦਿੱਤੇ ਗਏ ਹਨ ਕੀ ਤੁਸੀਂ ਸਰਕਾਰੀ ਵਕੀਲ ਵੱਲੋਂ ਪੁੱਛੇ ਗਏ ਸਵਾਲ ਦਾ ਸਵਾਬ ਦੇਣ ਲਈ ਤਿਆਰ ਹੋ?
ਜੰਗ ਬਹਾਦਰ ਸਿੰਘ: ਅਫ਼ਸੋਸ ਹੈ ਕਿ ਮੈਂ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦਾ। ਮੈਂ ਆਪਣੀ ਜ਼ਮੀਰ ਦੇ ਖ਼ਿਲਾਫ਼ ਨਹੀਂ ਚੱਲ ਸਕਦਾ।
ਸਰਕਾਰੀ ਵਕੀਲ ਕਸੂਤਾ ਫਸਿਆ ਅਨੁਭਵ ਕਰਨ ਲੱਗਾ, ਗੱਲ ਅੱਗੇ ਨਹੀਂ ਸੀ ਤੁਰ ਰਹੀ। ਉਸ ਨੇ ਆਪਣਾ ਪੱਖ ਮਜ਼ਬੂਤ ਕਰਨ ਲਈ ਜ਼ਾਬਤਾ ਫ਼ੌਜਦਾਰੀ ਦੀ ਦਫ਼ਾ 514 ਦੀ ਵਿਸਥਾਰਪੂਰਬਕ ਵਿਆਖਿਆ ਕੀਤੀ। ਉਸ ਨੇ ਸਪਸ਼ਟ ਕੀਤਾ ਕਿ ਅਦਾਲਤ ਨੂੰ ਸਚਾਈ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ ਗਵਾਹ ਨੂੰ ਆਪਣੀ ਜਾਣਕਾਰੀ ਅਦਾਲਤ ਸਾਹਮਣੇ ਬਿਆਨ ਕਰਨੀ ਲਾਜ਼ਮੀ ਹੈ ਅਤੇ ਬਿਨਾਂ ਕੋਈ ਠੋਸ ਕਾਰਨ ਦੱਸਿਆਂ ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਗਵਾਹ ਨੂੰ ਉਪਰੋਕਤ ਧਾਰਾਵਾਂ ਅਧੀਨ ਹੋਰ ਛੋਟੀਆਂ ਸਜ਼ਾਵਾਂ ਤੋਂ ਛੁੱਟ 6 ਮਹੀਨੇ ਦੀ ਸਾਧਾਰਨ ਕੈਦ ਜਾਂ ਇੱਕ ਹਜ਼ਾਰ ਰੁਪਏ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ। ਉਸ ਨੇ ਇਹ ਵੀ ਭਰੋਸਾ ਦਿਵਾਇਆ ਕਿ ਜੰਗ ਬਹਾਦਰ ਸਿੰਘ ਦੀ ਗਵਾਹੀ ਨੂੰ ਸਿਰਫ਼ ਭਗਵਤੀ ਚਰਨ ਦੇ ਮਾਮਲੇ ਵਿੱਚ ਹੀ ਵਿਚਾਰ ਅਧੀਨ ਲਿਆਂਦਾ ਜਾਵੇਗਾ ਅਤੇ ਇਸ ਗਵਾਹੀ ਨੂੰ ਕਿਸੇ ਹੋਰ ਮੁਲਜ਼ਮ ਦੇ ਮਾਮਲੇ ਨਾਲ ਜੋੜ ਕੇ ਨਹੀਂ ਦੇਖਿਆ ਜਾਵੇਗਾ। ਇਸ ਵਿਆਖਿਆ ਉਪਰੰਤ ਜੰਗ ਬਹਾਦਰ ਸਿੰਘ ਨੇ ਤਸੱਲੀ ਮਹਿਸੂਸ ਕੀਤੀ ਕਿਉਂਕਿ ਭਗਵਤੀ ਚਰਨ ਦਾ ਨਾਂ ਬੇਸ਼ੱਕ ਮੁਲਜ਼ਮਾਂ ਦੀ ਸੂਚੀ ਵਿੱਚ ਸ਼ਾਮਲ ਸੀ ਪਰ ਉਹ ਪੁਲੀਸ ਦੇ ਕਾਬੂ ਹੀ ਨਹੀਂ ਸੀ ਆਇਆ। ਦੂਜਾ, ਉਸ ਨੇ ਅਦਾਲਤ ਸਾਹਮਣੇ ਸੱਚ ਬੋਲਣ ਦੀ ਸਹੁੰ ਵੀ ਚੁੱਕੀ ਸੀ। ਸੋ ਉਸ ਨੇ ਸਰਕਾਰੀ ਵਕੀਲ ਦੇ ਸਵਾਲ ਦਾ ਜਵਾਬ ਦੇਣ ਦਾ ਮਨ ਬਣਾਇਆ ਪਰ ਮਨ ਹੀ ਮਨ ਫ਼ੈਸਲਾ ਕੀਤਾ ਕਿ ਉਹ ਬਿਆਨ ਦੇਵੇਗਾ ਪਰ ਸੋਚ ਵਿਚਾਰ ਕੇ ਬੜੇ ਹੀ ਨਪੇ ਤੁਲੇ ਸ਼ਬਦਾਂ ਵਿੱਚ। ਸਰਕਾਰੀ ਵਕੀਲ ਨੇ ਗਵਾਹ ਨੂੰ ਕੁਝ ਪਲ ਸੋਚਣ ਦਾ ਸਮਾਂ ਦੇ ਕੇ ਫਿਰ ਆਪਣਾ ਸਵਾਲ ਦੁਹਰਾਇਆ ਜਿਸ ਨਾਲ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਸਰਕਾਰੀ ਵਕੀਲ: ਕੀ 1928 ਈਸਵੀ ਦੇ ਗਰਮੀਆਂ ਦੇ ਮੌਸਮ ਸਮੇਂ ਭਗਵਤੀ ਚਰਨ ਨਾਉਂ ਦਾ ਕੋਈ ਸ਼ਖ਼ਸ ਮੈਨੀਫੈਸਟੋ ਨਾਂ ਦਾ ਰਸਾਲਾ ਤੁਹਾਡੇ ਛਾਪੇਖਾਨੇ ਵਿੱਚੋਂ ਛਪਵਾਉਣ ਜਾਂ ਅਖ਼ਬਾਰ ਵਿੱਚ ਛਪਵਾਉਣ ਦੀ ਗਰਜ਼ ਨਾਲ ਆਇਆ ਸੀ?
ਜੰਗ ਬਹਾਦਰ ਸਿੰਘ: ਮੇਰਾ ਖ਼ਿਆਲ ਹੈ 1928 ਈ. ਵਿੱਚ ਇੱਕ ਆਦਮੀ ਟ੍ਰਿਬਿਊਨ ਅਖ਼ਬਾਰ ਵਿੱਚ ਛਪਵਾਉਣ ਵਾਸਤੇ ਇਹ ਰਸਾਲਾ ਮੇਰੇ ਪਾਸ ਲਿਆਇਆ ਸੀ।
ਸਰਕਾਰੀ ਵਕੀਲ: ਕੀ ਤੁਸੀਂ ਉਹ ਰਸਾਲਾ ਲੈ ਲਿਆ ਸੀ ਜਾਂ ਉਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ?
ਜੰਗ ਬਹਾਦਰ ਸਿੰਘ: ਮੈਂ ਉਹ ਰਸਾਲਾ ਲੈ ਲਿਆ ਅਤੇ ਉਸ ਨੂੰ ਸ਼ੁਰੂ ਤੋਂ ਅਖੀਰ ਤੱਕ ਪੜ੍ਹਿਆ ਕਿਉਂਕਿ ਉਸ ਵਿੱਚ ਇਤਰਾਜ਼ਯੋਗ ਫਿਕਰੇ ਸਨ, ਇਸ ਲਈ ਮੈਂ ਉਹ ਐਡੀਟਰ ਸਾਹਿਬ ਦੇ ਰੂਬਰੂ ਪੇਸ਼ ਕਰ ਦਿੱਤਾ। ਉਨ੍ਹਾਂ ਨੂੰ ਵੀ ਉਹ ਫਿਕਰੇ ਇਤਰਾਜ਼ਯੋਗ ਜਾਪੇ ਅਤੇ ਫ਼ੈਸਲਾ ਹੋਇਆ ਕਿ ਇਸ ਨੂੰ ਛਾਪਿਆ ਨਾ ਜਾਏ। ਮੇਰੇ ਖ਼ਿਆਲ ਵਿੱਚ ਇਹ ਰਸਾਲਾ ਉਸੇ ਸ਼ਖ਼ਸ ਨੂੰ ਵਾਪਸ ਕਰ ਦਿੱਤਾ ਗਿਆ ਜੋ ਇਸ ਨੂੰ ਲਿਆਇਆ ਸੀ। 3, ਐਗਜੀਬਿਟ ਪੀ.ਐਕਸ. ਪੜ੍ਹ ਕੇ ਮੈਂ ਕਹਿ ਸਕਦਾ ਹਾਂ ਕਿ ਜੋ ਰਸਾਲਾ ਮੇਰੇ ਪਾਸ ਲਿਆਂਦਾ ਗਿਆ ਸੀ ਉਸ ਦਾ ਮਜ਼ਮੂਨ ਵੀ ਇਹੀ ਸੀ। ਮੈਨੂੰ ਇਹ ਠੀਕ ਤੌਰ ’ਤੇ ਯਾਦ ਨਹੀਂ ਕਿ ਮੇਰੇ ਪਾਸ ਰਸਾਲਾ ਲਿਆਉਣ ਵਾਲੇ ਵਿਅਕਤੀ ਨੇ ਆਪਣਾ ਨਾਮ ਭਗਵਤੀ ਚਰਨ ਦੱਸਿਆ ਸੀ ਜਾਂ ਬੀ.ਸੀ. ਵੋਹਰਾ। ਮੇਰੇ ਪਾਸ ਏਨੇ ਆਦਮੀ ਆਉਂਦੇ ਹਨ ਕਿ ਮੈਂ ਉਨ੍ਹਾਂ ਦੇ ਨਾਮ ਯਾਦ ਨਹੀਂ ਰੱਖ ਸਕਦਾ। ਮੈਂ ਆਪਣੇ ਪਾਸ ਰਸਾਲਾ ਲਿਆਉਣ ਵਾਲੇ ਵਿਅਕਤੀ ਦੀ ਸ਼ਨਾਖਤ ਨਹੀਂ ਕਰ ਸਕਾਂਗਾ। ਐਡੀਟਰ ਸਾਹਿਬ, ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ, ਜਿਨ੍ਹਾਂ ਪਾਸ ਮੈਂ ਰਸਾਲਾ ਲੈ ਗਿਆ ਸੀ, ਗਾਲਬਨ ਸੀਨੀਅਰ ਅਸਿਸਟੈਂਟ ਐਡੀਟਰ ਪੰਡਿਤ ਪਿਆਰੇ ਮੋਹਨ ਸਾਹਿਬ ਸਨ ਜੋ ਉਨ੍ਹੀਂ ਦਿਨੀਂ ਐਡੀਟਰ ਸਾਹਿਬ ਦੀ ਗ਼ੈਰਹਾਜ਼ਰੀ ਵਿੱਚ ਉਨ੍ਹਾਂ ਦੀ ਥਾਂ ਕੰਮ ਕਰਦੇ ਸਨ।
ਗਵਾਹ ਦੇ ਬਿਆਨ ਉੱਤੇ ਜਿਰਾਹ ਤਾਂ ਨਾ ਹੋਈ ਪਰ ਜੰਗ ਬਹਾਦਰ ਸਿੰਘ ਨੇ ਸਰਕਾਰੀ ਵਕੀਲ ਨੂੰ ਇਹ ਯਾਦ ਕਰਾਉਣਾ ਜ਼ਰੂਰੀ ਸਮਝਿਆ ਕਿ ਉਸ ਨੇ ਇਹ ਗਵਾਹੀ ਸਰਕਾਰੀ ਵਕੀਲ ਵੱਲੋਂ ਇਹ ਭਰੋਸਾ ਦੇਣ ਉੱਤੇ ਦਿੱਤੀ ਹੈ ਕਿ ਇਹ ਗਵਾਹੀ ਸਿਰਫ਼ ਭਗੌੜੇ ਮੁਲਜ਼ਮ ਭਗਵਤੀ ਚਰਨ ਦੇ ਖ਼ਿਲਾਫ਼ ਹੀ ਵਰਤੀ ਜਾਵੇਗੀ ਅਤੇ ਇਸ ਨੂੰ ਕਿਸੇ ਹੋਰ ਮੁਲਜ਼ਮ ਦੇ ਖ਼ਿਲਾਫ਼ ਨਹੀਂ ਵਰਤਿਆ ਜਾਵੇਗਾ।
ਭਗਵਤੀ ਚਰਨ ਮੁਕੱਦਮੇ ਦੀ ਸੁਣਵਾਈ ਦੌਰਾਨ ਪੁਲੀਸ ਦੇ ਹੱਥ ਨਹੀਂ ਸੀ ਆਇਆ। ਇਸ ਲਈ ਸਰਕਾਰੀ ਵਕੀਲ ਦੁਆਰਾ ਜੰਗ ਬਹਾਦਰ ਸਿੰਘ ਨੂੰ ਮਜਬੂਰ ਕਰ ਕੇ ਉਸ ਪਾਸੋਂ ਲਈ ਗਵਾਹੀ ਕਿਸੇ ਕੰਮ ਨਾ ਆਈ।
ਸੰਪਰਕ: 94170-49417