For the best experience, open
https://m.punjabitribuneonline.com
on your mobile browser.
Advertisement

ਟ੍ਰਿਬਿਊਨ ਫਲਾਈਓਵਰ: 59 ਫ਼ੀਸਦ ਲੋਕਾਂ ਵੱਲੋਂ ਉਸਾਰੀ ਦਾ ਵਿਰੋਧ

09:00 AM Apr 10, 2024 IST
ਟ੍ਰਿਬਿਊਨ ਫਲਾਈਓਵਰ  59 ਫ਼ੀਸਦ ਲੋਕਾਂ ਵੱਲੋਂ ਉਸਾਰੀ ਦਾ ਵਿਰੋਧ
ਟ੍ਰਿਬਿਊਨ ਚੌਕ ਤੋਂ ਲੰਘਦੇ ਹੋਏ ਵਾਹਨ ਚਾਲਕ। -ਫੋਟੋ: ਨਿਤਿਨ ਮਿੱਤਲ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 9 ਅਪਰੈਲ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਆਵਾਜਾਈ ਸਮੱਸਿਆ ਦੇ ਹੱਲ ਲਈ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਫਲਾਈਓਵਰ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਸੀ। ਇਸ ਦਾ ਕੁਝ ਲੋਕਾਂ ਨੇ ਵਿਰੋਧ ਕੀਤਾ ਤਾਂ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਦੇ ਲੋਕਾਂ ਤੋਂ ਸਲਾਹ ਲਈ ਸੀ। ਇਸ ਵਿੱਚ 59 ਫ਼ੀਸਦ ਲੋਕਾਂ ਨੇ ਟ੍ਰਿਬਿਊਨ ਫਲਾਈਓਵਰ ਬਣਾਉਣ ਦਾ ਵਿਰੋਧ ਕੀਤਾ ਸੀ ਜਦੋਂਕਿ ਸਿਰਫ਼ 27 ਫ਼ੀਸਦ ਲੋਕ ਇਸ ਦੀ ਉਸਾਰੀ ਦੇ ਹੱਕ ਵਿੱਚ ਸਨ। ਇਸ ਦੌਰਾਨ 14 ਫ਼ੀਸਦ ਨੇ ਕੁਝ ਕਹਿਣ ਤੋਂ ਪਾਸਾ ਵੱਟ ਲਿਆ ਸੀ। ਇਸ ਦਾ ਪ੍ਰਗਟਾਵਾ ਰਨ ਕਲੱਬ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਿਛਲੇ ਹਫ਼ਤੇ ਟ੍ਰਿਬਿਊਨ ਫਲਾਈਓਵਰ ਸਬੰਧੀ ਸ਼ੁਰੂ ਹੋਈ ਸੁਣਵਾਈ ਦੌਰਾਨ ਕੀਤਾ ਗਿਆ।
ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਟ੍ਰਿਬਿਊਨ ਫਲਾਈਓਵਰ ਦੀ ਉਸਾਰੀ ਬਾਰੇ ਚੰਡੀਗੜ੍ਹੀਆਂ ਦੇ ਸੁਝਾਅ ਲੈਣ ਲਈ ਜਨਤਕ ਮੀਟਿੰਗ ਸੱਦੀ ਸੀ, ਜਿਸ ਵਿੱਚ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਤੇ ਸ਼ਹਿਰ ਦੇ ਲੋਕਾਂ ਨੂੰ ਸੁਝਾਅ ਦੇਣ ਲਈ ਸੱਦਿਆ ਗਿਆ ਸੀ। ਇਸ ਮੀਟਿੰਗ ਵਿੱਚ 78 ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਤੇ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ ਸੀ। ਇਸ ਵਿੱਚੋਂ 46 ਜਣੇ ਟ੍ਰਿਬਿਊਨ ਫਲਾਈਓਵਰ ਦੇ ਵਿਰੁੱਧ ਸਨ ਅਤੇ ਸਿਰਫ਼ 21 ਜਣੇ ਹੀ ਪੱਖ ਵਿੱਚ ਖੜ੍ਹੇ ਸਨ।
ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਨ ਕਲੱਬ ਵੱਲੋਂ ਦਾਇਰ ਕੀਤੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਯੂਟੀ ਪ੍ਰਸ਼ਾਸਨ ਵੱਲੋਂ ਜ਼ੀਰਕਪੁਰ ਤੇ ਟ੍ਰਿਬਿਊਨ ਚੌਕ ਨੂੰ ਜੋੜਨ ਵਾਲੀ ਸੜਕ ’ਤੇ ਪ੍ਰਸਤਾਵਿਤ ਫਲਾਈਓਵਰ ਦੀ ਉਸਾਰੀ ਦੌਰਾਨ ਦੱਖਣ ਮਾਰਗ ਤੇ ਪੂਰਵ ਮਾਰਗ ’ਤੇ 700 ਦਰੱਖਤਾਂ ਨੂੰ ਕੱਟਣ ਦੇ ਫ਼ੈਸਲੇ ’ਤੇ ਰੋਕ ਲਗਾ ਦਿੱਤੀ ਸੀ। ਉਸ ਮਾਮਲੇ ’ਤੇ ਕਾਫ਼ੀ ਸਮੇਂ ਬਾਅਦ ਹੁਣ 2 ਅਪਰੈਲ 2024 ਤੋਂ ਮੁੜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਸ਼ੁਰੂ ਹੋਈ ਹੈ।
ਚੰਡੀਗੜ੍ਹ ਹੈਰੀਟੇਜ ਕੰਜ਼ਰਵੇਸ਼ਨ ਕਮੇਟੀ ਵੱਲੋਂ ਜੂਨ 2018 ਵਿੱਚ ਹੀ ਮੀਟਿੰਗ ਕਰ ਕੇ ਟ੍ਰਿਬਿਊਨ ਫਲਾਈਓਵਰ ਨੂੰ ਸ਼ਹਿਰੀ ਖੇਤਰ ਵਿੱਚ ਵੱਡੀ ਦਖ਼ਲਅੰਦਾਜ਼ੀ ਕਰਾਰ ਦਿੱਤਾ ਗਿਆ ਸੀ। ਕਮੇਟੀ ਨੇ ਟ੍ਰਿਬਿਊਨ ਫਲਾਈਓਵਰ ਦੀ ਉਸਾਰੀ ਨਾਲ ਸ਼ਹਿਰ ਦੀ ਦਿੱਖ ਨਾਲ ਹੋਣ ਵਾਲੀ ਛੇੜਛਾੜ ’ਤੇ ਵੀ ਚਿੰਤਾ ਜ਼ਾਹਰ ਕੀਤੀ ਸੀ। ਦੂਜੇ ਪਾਸੇ, ਇਕ ਸੀਨੀਅਰ ਆਰਕੀਟੈਕਟ ਦਾ ਕਹਿਣਾ ਹੈ ਕਿ ਟ੍ਰਿਬਿਊਨ ਫਲਾਈਓਵਰ ਦੀ ਉਸਾਰੀ ਚੰਡੀਗੜ੍ਹ ਮਾਸਟਰ ਪਲਾਨ-2031 ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਕਈ ਦੇਸ਼ ਟਰੈਫਿਕ ਸਮੱਸਿਆ ਦੇ ਨਬਿੇੜੇ ਲਈ ਫਲਾਈਓਵਰ ਦੀ ਉਸਾਰੀ ਕਰਨ ਤੋਂ ਪਾਸਾ ਵੱਟ ਰਹੇ ਹਨ ਤਾਂ ਚੰਡੀਗੜ੍ਹ ਵਿੱਚ ਫਲਾਈਓਵਰ ਦੀ ਉਸਾਰੀ ਕਿਵੇਂ ਕਰ ਸਕਦਾ ਹੈ। ਚੰਡੀਗੜ੍ਹ ਹੈਰੀਟੇਜ ਕਮੇਟੀ ਦੇ ਸਾਬਕਾ ਮੈਂਬਰ ਨੇ ਟ੍ਰਿਬਿਊਨ ਫਲਾਈਓਵਰ ਦਾ ਵਿਰੋਧ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×