‘ਟੇਲੈਂਟ ਹੰਟ’ ਪ੍ਰੋਗਰਾਮ ਤਹਿਤ 120 ਗੇਂਦਬਾਜ਼ਾਂ ਦੇ ਟਰਾਇਲ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 12 ਜੂਨ
ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਸਕੱਤਰ ਦਿਲਸ਼ੇਰ ਖੰਨਾ ਦੀ ਦੇਖਰੇਖ ਹੇਠ ਪੰਜਾਬ ਭਰ ਵਿਚ ਤੇਜ਼ ਗੇਂਦਬਾਜ਼ਾਂ ਦੀ ਖੋਜ ‘ਚ ਸ਼ੁਰੂ ਕੀਤੀ ਗਈ ਮੁਹਿੰਮ ‘ਟੇਲੈਂਟ ਹੰਟ’ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੋਪੜ ਦੇ 120 ਗੇਂਦਬਾਜ਼ਾਂ ਨੇ ਅੱਜ ਹੁਸ਼ਿਆਰਪੁਰ ‘ਚ ਟਰਾਇਲ ਦਿੱਤਾ। ਇਹ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸਕੱਤਰ ਡਾ. ਰਮਨ ਘਈ ਨੇ ਅੱਜ ਇੱਥੇ ਦੱਸਿਆ ਕਿ ਪੇਂਡੂ ਅਤੇ ਦੇਹਾਤੀ ਖੇਤਰਾਂ ‘ਚ ਰਹਿੰਦੇ ਤੇਜ਼ ਗੇਂਦਬਾਜ਼ਾਂ ਨੂੰ ਅੱਗੇ ਲਿਆਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਚੋਣ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਹਰਵਿੰਦਰ ਸਿੰਘ, ਮਨਪ੍ਰੀਤ ਗੋਨੀ, ਗਗਨਦੀਪ ਸਿੰਘ ਅਤੇ ਦੀਪਕ ਚੋਪੜਾ ਦੀ ਦੇਖਰੇਖ ਹੇਠ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੁਣੇ ਗਏ ਖਿਡਾਰੀਆਂ ਨੂੰ ਪੀ.ਸੀ.ਏ ਸਟੇਡੀਅਮ ਮੋਹਾਲੀ ਵਿਚ ਟ੍ਰੇਨਿੰਗ ਦੇ ਕੇ ਪੰਜਾਬ ਦੀ ਟੀਮ ਲਈ ਤਿਆਰ ਕੀਤਾ ਜਾਵੇਗਾ। ਟ੍ਰੇਨਿੰਗ ਦਾ ਸਾਰਾ ਖਰਚਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੁਆਰਾ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਕੋਚ ਦਲਜੀਤ ਸਿੰਘ, ਜ਼ਿਲ੍ਹਾ ਟਰੇਨਰ ਕੁਲਦੀਪ ਧਾਮੀ, ਸਹਾਇਕ ਕੋਚ ਦਲਜੀਤ ਧੀਮਾਨ, ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕਲਿਆਣ ਅਤੇ ਬਲਵਿੰਦਰ ਨਿੱਕੂ ਮੌਜੂਦ ਸਨ।