ਟਰਾਈ-ਸਿਟੀ: ਮੀਂਹ ਨੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹੀ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 30 ਜੁਲਾਈ
ਟਰਾਈ-ਸਿਟੀ ਦੇ ਇਲਾਕੇ ਵਿੱਚ ਅੱਜ ਪਏ ਭਰਵੇਂ ਮੀਂਹ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉਥੇ ਹੀ ਕਈ ਥਾਵਾਂ ’ਤੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ। ਮੁਹਾਲੀ ਦੇ ਸੈਕਟਰ-70 ਅਤੇ ਸੈਕਟਰ-71 ਨੂੰ ਵੰਡਦੀ ‘ਬੀ’ ਸੜਕ ਅਤੇ ਅੰਦਰਲੀ ਸੜਕ ਨੇ ਮੀਂਹ ਪੈਣ ਮਗਰੋਂ ਤਲਾਬ ਦਾ ਰੂਪ ਧਾਰਨ ਕਰ ਲਿਆ। ਮਟੌਰ ਟੀ-ਪੁਆਇੰਟ ਤੋਂ ਇਨ੍ਹਾਂ ਸੈਕਟਰਾਂ ਨੂੰ ਜਾਣ ਵਾਲੀ ਸੜਕ ’ਤੇ ਗੋਡੇ-ਗੋਡੇ ਪਾਣੀ ਖੜ੍ਹਾ ਹੋਣ ਕਾਰਨ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਟੀਡੀਆਈ ਅਤੇ ਗੇਟਵੇਅ ਸਿਟੀ ਤੋਂ ਏਅਰਪੋਰਟ ਰੋਡ ਉੱਤੇ ਵੀ ਕਾਫ਼ੀ ਥਾਵਾਂ ’ਤੇ ਮੀਂਹ ਦਾ ਪਾਣੀ ਜਮ੍ਹਾਂ ਹੋਇਆ ਦੇਖਿਆ ਗਿਆ। ਇੰਜ ਹੀ ਬਲੌਂਗੀ ਤੋਂ ਮੁਹਾਲੀ ਜਾਣ ਵਾਲੀ ਸੜਕ ’ਤੇ ਗਊਸ਼ਾਲਾ ਦੇ ਬਾਹਰ ਪੁਲ ਉੱਤੇ ਪਾਣੀ ਜਮ੍ਹਾ ਹੋਣ ਕਾਰਨ ਰਾਹਗੀਰਾਂ ਨੂੰ ਚਿੱਕੜ ’ਚੋਂ ਲੰਘਣਾ ਪਿਆ। ਸੀਨੀਅਰ ਯੂਥ ਆਗੂ ਰਾਜਾ ਕੰਵਰਜੋਤ ਸਿੰਘ ਨੇ ਦੱਸਿਆ ਕਿ ਫੇਜ਼-4 ਤੋਂ ਰਿਹਾਇਸ਼ੀ ਖੇਤਰ ਫੇਜ਼-2 ਨੂੰ ਜਾਣ ਵਾਲੀ ਸੜਕ ’ਤੇ ਮੀਂਹ ਦਾ ਪਾਣੀ ਇਕੱਠਾ ਹੋਣ ਕਾਰਨ ਸਥਾਨਕ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਅੱਜ ਦੇ ਹਾਲਾਤ ਦੇਖ ਕੇ ਇੰਜ ਜਾਪਿਆ ਕਿ ਪ੍ਰਸ਼ਾਸਨ ਵੱਲੋਂ ਜਲ ਨਿਕਾਸੀ ਪ੍ਰਬੰਧਾਂ ਲਈ ਮਹਿਜ਼ ਖਾਨਾਪੂਰਤੀ ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਦੀ ਮਿਨੀ ਰਾਜਧਾਨੀ ਦਾ ਇਹ ਹਾਲ ਹੈ ਤਾਂ ਹੋਰਨਾਂ ਸ਼ਹਿਰਾਂ ਦੀ ਹਾਲਤ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਇੱਥੋਂ ਦੇ ਫੇਜ਼-4 ਅਤੇ ਫੇਜ਼-5 ਵਿੱਚ ਜਲ ਨਿਕਾਸੀ ਦਾ ਉਚਿਤ ਪ੍ਰਬੰਧ ਨਾ ਹੋਣ ਕਾਰਨ ਮੀਂਹ ਦਾ ਪਾਣੀ ਸੜਕਾਂ ’ਤੇ ਭਰ ਗਿਆ। ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਫੇਜ਼-4 ਦੇ ਪ੍ਰਧਾਨ ਸੁਖਦੀਪ ਸਿੰਘ ਨਿਆਂ ਨੇ ਦੱਸਿਆ ਕਿ ਇਨ੍ਹਾਂ ਇਲਾਕਿਆਂ ਦੇ ਵਸਨੀਕ ਸ਼ੁਰੂ ਤੋਂ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ।
ਨੌਜਵਾਨ ਆਗੂ ਆਸ਼ੂ ਵੈਦ ਨੇ ਦੱਸਿਆ ਕਿ ਜਲ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਪਿੰਡ ਮਟੌਰ, ਸੈਕਟਰ-70 ਅਤੇ ਸੈਕਟਰ-71 ਦੇ ਵਸਨੀਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੌਂਸਲਰਾਂ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਯਤਨ ਨਹੀਂ ਕੀਤੇ ਜਾ ਰਹੇ ਹਨ। ਜੇਕਰ ਅੱਜ ਥੋੜ੍ਹਾ ਸਮਾਂ ਹੋਰ ਬਾਰਿਸ਼ ਹੋ ਜਾਂਦੀ ਤਾਂ ਸ਼ਹਿਰ ਦੇ ਹਾਲਾਤ ਬੱਦਤਰ ਹੋ ਜਾਣੇ ਸਨ।
ਚੰਡੀਗੜ੍ਹ ’ਚ 30.4 ਐੱਮਐੱਮ ਮੀਂਹ ਪਿਆ
ਚੰਡੀਗੜ੍ਹ (ਟਨਸ): ਚੰਡੀਗੜ੍ਹ ਵਿੱਚ ਅੱਜ ਬਾਅਦ ਦੁਪਹਿਰ ਪਏ ਮੀਂਹ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਮਾਮੂਲੀ ਰਾਹਤ ਦਿੱਤੀ ਹੈ। ਮੀਂਹ ਪੈਣ ਕਰਕੇ ਲੋਕ ਵੀ ਮੀਂਹ ਦਾ ਆਨੰਦ ਮਾਣਦੇ ਦਿਖਾਈ ਦਿੱਤੇ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਇਕ ਘੰਟੇ ਵਿੱਚ 30.4 ਐੱਮਐੱਮ ਮੀਂਹ ਪਿਆ ਹੈ, ਜਦੋਂਕਿ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 36.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ 3 ਡਿਗਰੀ ਸੈਲਸੀਅਸ ਵੱਧ ਰਿਹਾ ਹੈ। ਉਥੇ ਹੀ ਘੱਟ ਤੋਂ ਘੱਟ ਤਾਪਮਾਨ 30.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ।