ਬਹੁ-ਧਰੁਵੀ ਦੁਨੀਆ ਵੱਲ ਵਧਣ ਦਾ ਰੁਝਾਨ ਪਰ ਉਦਯੋਗਿਕ ਅਰਥਚਾਰੇ ਹਾਲੇ ਵੀ ਅਹਿਮ: ਜੈਸ਼ੰਕਰ
ਮੁੰਬਈ, 10 ਨਵੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਇਸ ਸਮੇਂ ਬਹੁਤ ਜ਼ਿਆਦਾ ਵਿਭਿੰਨਤਾ ਤੇ ਬਹੁ-ਧਰੁਵੀ ਦੁਨੀਆ ਵੱਲ ਵਧਣ ਦਾ ਰੁਝਾਨ ਬਣਿਆ ਹੋਇਆ ਹੈ ਪਰ ਪੁਰਾਣੇ ਉਦਯੋਗਿਕ ਅਰਥਚਾਰਿਆਂ ਦਾ ਦੌਰ ਖਤਮ ਨਹੀਂ ਹੋਇਆ ਅਤੇ ਹਾਲੇ ਵੀ ਇਹ ਨਿਵੇਸ਼ ਦਾ ਮੁੱਖ ਟੀਚਾ ਬਣੇ ਹੋਏ ਹਨ।
ਜੈਸ਼ੰਕਰ ਨੇ ਇੱਥੇ ਆਦਿੱਤਿਆ ਬਿਰਲਾ ਗਰੁੱਪ ਦੀ ਸਕਾਲਰਸ਼ਿਪ ਸਕੀਮ ਦੇ ਸਿਲਵਰ ਜੁਬਲੀ ਸਮਾਗਮ ਮੌਕੇ ਕਿਹਾ ਕਿ ਡੋਨਲਡ ਟਰੰਪ ਦੀ ਰਾਸ਼ਟਰਪਤੀ ਵਜੋਂ ਵਾਪਸੀ ਮਗਰੋਂ ਬਹੁਤੇ ਮੁਲਕ ਅਮਰੀਕਾ ਨੂੰ ਲੈ ਕੇ ਥੋੜ੍ਹੇ ਘਬਰਾਏ ਹੋਏ ਹਨ ਪਰ ਭਾਰਤ ਉਨ੍ਹਾਂ ਵਿੱਚੋਂ ਇੱਕ ਨਹੀਂ ਹੈ।
ਆਲਮੀ ਸ਼ਕਤੀ ਦੀ ਗਤੀਸ਼ੀਲਤਾ ਸਬੰਧੀ ਸਵਾਲ ’ਤੇ ਵਿਦੇਸ਼ ਮੰਤਰੀ ਨੇ ਕਿਹਾ, ‘‘ਹਾਂ, ਬਦਲਾਅ ਹੋਇਆ ਹੈ। ਅਸੀਂ ਖ਼ੁਦ ਇਸ ਬਦਲਾਅ ਦੀ ਉਦਾਹਰਨ ਹਾਂ। ਜੇਕਰ ਤੁਸੀਂ ਸਾਡੇ ਆਰਥਿਕ ਵਜ਼ਨ ਨੂੰ ਦੇਖਦੇ ਹੋ ਤਾਂ ਤੁਸੀਂ ਸਾਡੀ ਆਰਥਿਕ ਦਰਜਾਬੰਦੀ ਨੂੰ ਦੇਖਦੇ ਹੋ। ਤੁਸੀਂ ਭਾਰਤੀ ਕਾਰਪੋਰੇਟ ਜਗਤ, ਉਸ ਦੀ ਪਹੁੰਚ, ਉਸ ਦੀ ਮੌਜੂਦਗੀ ਤੇ ਭਾਰਤੀ ਪੇਸ਼ੇਵਰਾਂ ਨੂੰ ਦੇਖਦੇ ਹੋ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੁਨਰ-ਤਵਾਜ਼ਨ ਹੋਇਆ ਹੈ।’’ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹਾ ਹੋਣਾ ਲਾਜ਼ਮੀ ਵੀ ਸੀ। ਜੈਸ਼ੰਕਰ ਨੇ ਆਖਿਆ, ‘‘ਬਸਤੀਵਾਦੀ ਕਾਲ ਮਗਰੋਂ ਦੇਸ਼ਾਂ ਨੂੰ ਆਜ਼ਾਦੀ ਮਿਲੀ ਅਤੇ ਉਨ੍ਹਾਂ ਨੇ ਆਪਣੀਆਂ ਨੀਤੀਆਂ ਖ਼ੁਦ ਚੁਣਨੀਆਂ ਸ਼ੁਰੂ ਕਰ ਦਿੱਤੀਆਂ ਸਨ। ਫਿਰ ਉਨ੍ਹਾਂ ਦਾ ਅੱਗੇ ਵਧਣਾ ਵੀ ਤੈਅ ਸੀ। ਇਸ ਵਿੱਚ ਕੁਝ ਤੇਜ਼ੀ ਨਾਲ ਤੇ ਕੁਝ ਹੌਲੀ ਹੌਲੀ ਅੱਗੇ ਵਧੇ। ਕੁਝ ਬਿਹਤਰ ਤਰੀਕੇ ਨਾਲ ਅੱਗੇ ਵਧੇ ਅਤੇ ਉੱਥੇ ਸ਼ਾਸਨ ਤੇ ਅਗਵਾਈ ਦੀ ਗੁਣਵੱਤਾ ’ਚ ਸੁਧਾਰ ਹੋਇਆ।’’
ਵਿਦੇਸ਼ ਮੰਤਰੀ ਮੁਤਾਬਕ, ‘‘ਹੁਣ ਜ਼ਿਆਦਾ ਵਿਭਿੰਨਤਾ ਭਰਪੂਰ ਬਹੁ-ਧਰੁਵੀ ਦੁਨੀਆ ਵੱਲ ਰੁਝਾਨ ਹੈ ਪਰ ਇਕ ਅਜਿਹਾ ਦੌਰ ਵੀ ਹੈ ਜਦੋਂ ਮੁਲਕ ਅਸਲ ਵਿੱਚ ਅੱਗੇ ਵਧਦੇ ਹਨ। ਮੇਰਾ ਮਤਲਬ ਹੈ, ਇਹ ਉਸ ਤਰ੍ਹਾਂ ਹੈ ਜਿਵੇਂ ਕਾਰਪੋਰੇਟ ਜਗਤ ’ਚ ਵੀ ਹੋਇਆ।’’ ਇਸ ਦੇ ਨਾਲ ਹੀ ਜੈਸ਼ੰਕਰ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਪੱਛਮ ’ਚ ਉਦਯੋਗਿਕ ਅਰਥਚਾਰਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਉਹ ਨਿਵੇਸ਼ ਦੇ ਮੁੱਖ ਟੀਚੇ ਬਣੇ ਹੋਏ ਹਨ। -ਪੀਟੀਆਈ