ਧਰਤੀ ਦੀ ਕੰਬਣੀ
11:38 AM Oct 15, 2023 IST
ਪਿਆ ਖਲਾਰਾ, ਉਲਝਿਆ ਤਾਣਾ
Advertisement
ਲੋਕਾਂ ਦੇ ਕੁਝ ਪਿਆ ਨਾ ਪੱਲੇ,
ਵੋਟ ਡੁਗਡੁਗੀ ਵਜਾਵੇ ਨੇਤਾ
ਲੋਕੀਂ ਆਖਣ ਬੱਲੇ-ਬੱਲੇ।
ਸਭ ਦੇ ਅੰਦਰ ਸ਼ੋਰ ਹੈ ਡਾਢਾ
ਸੰਤਾਲੀ ਦੇ ਹੁਣ ਜਾਪਣ ਹੱਲੇ,
ਧਰਤੀ ਵੀ ਹੈ ਕੰਬਦੀ ਲੱਗਦੀ
ਝੂਠਾ ਉੱਪਰ, ਸੱਚਾ ਥੱਲੇ।
ਜੇਲ੍ਹੋਂ ਛੁੱਟਿਆ ਨੇਤਾ ਤੱਕਣ
ਲੋਕੀਂ ਲੱਗਦੇ ਹੋ ਗਏ ਝੱਲੇ,
ਹਰਮਨ ਪਿਆਰਾ ਉਸ ਕੀ ਹੋਣਾ
ਲੋਕਾਂ ਦੀ ਜੋ ਰੂਹ ਨੂੰ ਸੱਲ੍ਹੇ।
ਅੰਧਕਾਰ ਨੂੰ ਚੀਰਨ ਖ਼ਾਤਰ
ਕਿਹੜਾ ਵਾਰਸ ਥਾਂ ਜੋ ਮੱਲੇ,
ਤਾਕਤਾਂ ਵਾਲੇ ਜ਼ੁਲਮ ਕਮਾਉਂਦੇ
ਸ਼ਾਇਰ ਹੁੰਦਾ ਲੋਕਾਂ ਵੱਲੇ।
ਕਿੱਧਰ ਗਏ ਨੇ ਅਕਲਾਂ ਵਾਲੇ
ਕਿਹੋ ਜਿਹੇ ਸੁਦਾਗਰ ਘੱਲੇ,
ਦਿਨੇਂ ਵਿਖਾਉਂਦੇ ਸੁਪਨੇ ਲੋਕੀਂ
ਵੰਡਦੇ ਫਿਰਦੇ ਮੁੰਦੀਆਂ-ਛੱਲੇ।
ਸੰਪਰਕ: 98151-23900
ਗੱਲ ਕਰਿਆ ਕਰ
ਪਰਵੀਨ ਕੌਰ ਸਿੱਧੂ
ਉਹ ਕਹਿੰਦਾ...
ਤੂੰ ਗੱਲ ਕਰਿਆ ਕਰ...
ਚੁੱਪ ਨਾ ਰਿਹਾ ਕਰ...
ਉਹ ਅਕਸਰ ਕਹਿੰਦਾ!
ਪਰ ਉਸ ਨੂੰ ਕੀ ਪਤਾ
ਮੇਰੇ ਗੱਲ ਕਰਨ ’ਤੇ,
ਅਕਸਰ ਬਵਾਲ ਹੋ ਜਾਂਦਾ ਹੈ,
ਕਿਉਂਕਿ ਮੈਂ...
ਗੱਲਾਂ ਨੂੰ ਮੱਖਣ ਨਹੀਂ ਸੀ ਲਗਾ ਸਕਦੀ,
ਸਿੱਧੀ, ਸਾਫ਼ ਤੇ ਸਪਸ਼ਟ ਗੱਲ ਕਰਕੇ,
ਮੈਂ ਅਕਸਰ ਸਭ ਦੀਆਂ ਨਜ਼ਰਾਂ ਵਿੱਚ,
ਗ਼ਲਤ ਸਾਬਤ ਹੋ ਜਾਂਦੀ...
ਫਿਰ ਮੈਂ ਚੁੱਪ ਰਹਿਣਾ ਸ਼ੁਰੂ ਕੀਤਾ,
ਤਾਂ ਵੀ ਛੁਟਕਾਰਾ ਨਾ ਹੋਇਆ,
ਕਦੀ ਕਹਿੰਦੇ ਆਕੜ ਕਰਦੀ,
ਕਦੀ ਕਹਿੰਦੇ ਛਿੱਡਾ ਰੱਖਦੀ,
ਤੇ ਮੈਂ ਅਕਸਰ ਹੀ...
ਫਿਰ ਗੱਲਾਂ ਦਾ ਸ਼ਿਕਾਰ ਹੋ ਜਾਂਦੀ,
ਜਾਂ ਇੰਝ ਕਹਿ ਲਵੋ ਦੋਸਤੋ!
ਮੈਂ ਸਭ ਦੀਆਂ ਨਜ਼ਰਾਂ ਵਿੱਚ
ਰੜਕਣ ਲੱਗਦੀ...
ਹੁਣ ਸਮਝ ਨਹੀਂ ਆਉਂਦੀ ਕਿ ਕੀ ਕਰਾਂ?
ਤਾਂ ਹੀ ਫਿਰ... ਲਫ਼ਜ਼ਾਂ ਨਾਲ ਯਾਰੀ ਲਾ ਲਈ,
ਇਹ ਮੈਨੂੰ ਕੁਝ ਨਹੀਂ ਕਹਿੰਦੇ,
ਮੇਰੇ ਨਾਲ ਪਿਆਰ ਨਾਲ ਰਹਿੰਦੇ,
ਮੈਨੂੰ ਗੱਲ ਕਰਨ ਦਾ ਮੌਕਾ ਦਿੰਦੇ,
ਜੇ ਕੁਝ ਸਮਝ ਨਾ ਆਉਂਦਾ,
ਤਾਂ... ਕੁਝ ਅੱਖਰ ਪੜ੍ਹ ਲੈਂਦੀ,
ਮੈਂ ਹੁਣ ਤੁਰਦੀ ਹਾਂ, ਦੌੜਦੀ ਹਾਂ,
ਲਫ਼ਜ਼ਾਂ ਰਾਹੀਂ ਸਭ ਬੋਲਦੀ ਹਾਂ,
ਮੇਰੇ ਲਫ਼ਜ਼ਾਂ ਨੂੰ ਪੜ੍ਹ ਕੇ,
ਉਹ ਖ਼ੁਸ਼ ਹੋ ਜਾਂਦਾ ਹੈ,
ਉਸ ਨੂੰ ਲੱਗਦਾ ਹੈ...
ਮੈਂ ਉਸ ਨਾਲ ਗੱਲਾਂ ਕਰਦੀ ਹਾਂ,
ਹੱਸਦੀ ਹਾਂ, ਖੇਡਦੀ ਹਾਂ,
ਤੇ ਉਹ ਮੈਨੂੰ ਕਲਾਵੇ ਵਿੱਚ ਭਰ ਕੇ,
ਪਿਆਰ ਨਾਲ ਸੀਨੇ ਲਗਾਉਂਦਾ ਹੈ,
ਹਾਂ, ਮੇਰਾ ਵਜੂਦ ਹੁਣ ਮੇਰੇ ਨਾਲ,
ਖ਼ੁਸ਼ ਰਹਿੰਦਾ ਹੈ...
ਤੇ ਮੈਂ... ਅੰਬਰਾਂ ਦੇ ਵਿੱਚ,
ਅੱਖਰਾਂ ਦੇ ਸਹਾਰੇ ਉੱਡ ਜਾਂਦੀ ਹਾਂ,
ਪਰਬਤ, ਅਕਾਸ਼, ਰੁੱਖਾਂ ਤੇ ਪੰਛੀਆਂ ਨਾਲ,
ਬਾਤਾਂ ਪਾਉਂਦੀ ਹਾਂ...
ਮੈਂ ਜਿਉਂਦੀ ਹਾਂ, ਆਪਣੇ ਲਈ ਵੀ ਹੁਣ,
ਨਹੀਂ ਤਾਂ ਹੋਰਾਂ ਲਈ ਜੀਅ-ਜੀਅ ਕੇ,
ਮੈਂ ਤਾਂ ਖ਼ੁਦ ਨੂੰ ਭੁੱਲ ਹੀ ਗਈ ਸੀ।
ਸੰਪਰਕ: 81465-36200
Advertisement
Advertisement