ਨਗਰ ਕੌਂਸਲ ਪ੍ਰਧਾਨ ਦੀ ਯਾਦ ਵਿੱਚ ਬਣਾਏ ਪਾਰਕ ’ਚੋਂ ਦਰੱਖ਼ਤ ਵੱਢੇ
ਕੇ.ਪੀ ਸਿੰਘ
ਗੁਰਦਾਸਪੁਰ, 15 ਨਵੰਬਰ
ਇੱਥੋਂ ਦੇ ਗੀਤਾ ਭਵਨ ਮੰਦਰ ਦੇ ਪਿੱਛੇ ਨਗਰ ਕੌਂਸਲ ਦੇ ਪ੍ਰਧਾਨ ਰਹੇ ਮਰਹੂਮ ਗੁਰਦੀਪ ਸਿੰਘ ਰਿਆੜ ਦੀ ਯਾਦ ਵਿੱਚ ਬਣਾਏ ਗਏ ਪਾਰਕ ਵਿੱਚ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਲਗਾਏ ਗਏ ਕਈ ਦਰੱਖਤ ਸ਼ਰਾਰਤੀ ਅਨਸਰਾਂ ਨੇ ਵੱਢ ਦਿੱਤੇ ਹਨ। ਇਹ ਪਾਰਕ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਬਣਾਇਆ ਗਿਆ ਹੈ ਤੇ ਇਸ ਦੇ ਰੱਖ ਰਖਾਅ ਦੀ ਜ਼ਿੰਮੇਵਾਰੀ ਵੀ ਕੌਂਸਲ ਵੱਲੋਂ ਹੀ ਚੁੱਕੀ ਗਈ ਹੈ। ਪਾਰਕ ਦੀ ਸੁੰਦਰ ਦਿੱਖ ਲਈ ਇੱਥੇ ਲਾਈਟਾਂ ਵੀ ਲਗਾਈਆਂ ਗਈਆਂ ਹਨ ਪਰ ਬੂਟੇ ਵੱਢਣ ਵਾਲਿਆਂ ਨੇ ਦਰੱਖਤ ਕੱਟਦੇ ਸਮੇਂ ਬਜਿਲੀ ਦਾ ਲਾਈਟਾਂ ਵਾਲਾ ਪੋਲ ਵੀ ਤੋੜ ਦਿੱਤਾ।
ਦੇਰ ਸ਼ਾਮ ਪਾਰਕ ਵਿੱਚ ਦੇਖਿਆ ਗਿਆ ਕਿ ਕੁਝ ਦਰੱਖਤ ਸਿਰਫ਼ ਛਾਂਗੇ ਗਏ ਸਨ ਪਰ ਕੁਝ ਵੱਢ ਹੀ ਦਿੱਤੇ ਗਏ ਸਨ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਮੁਹੱਲੇ ਦੇ ਰਹਿਣ ਵਾਲੇ ਲੋਕ ਹੀ ਅਕਸਰ ਦਰੱਖਤ ਵੱਢ ਦਿੰਦੇ ਹਨ। ਸਾਲ ਭਰ ਪਹਿਲਾਂ ਵੀ ਇਨ੍ਹਾਂ ਵੱਲੋਂ ਇੱਕ ਕਾਫ਼ੀ ਵੱਡਾ ਦਰੱਖਤ ਵੱਢਿਆ ਗਿਆ ਸੀ ਪਰ ਲੜਾਈ ਝਗੜੇ ਤੋਂ ਬਚਣ ਲਈ ਕੋਈ ਇਨ੍ਹਾਂ ਦੇ ਖ਼ਿਲਾਫ਼ ਗਵਾਹੀ ਦੇਣ ਨੂੰ ਤਿਆਰ ਨਹੀਂ ਹੁੰਦਾ। ਹੈਰਾਨੀ ਦੀ ਗੱਲ ਇਹ ਸੀ ਕਿ ਦਰੱਖਤ ਵੱਢਦੇ ਸਮੇਂ ਇਸ ਵਿਅਕਤੀ ਵੱਲੋਂ ਇੱਕ ਬਜਿਲੀ ਦਾ ਪੋਲ ਵੀ ਤੋੜ ਦਿੱਤਾ ਗਿਆ । ਵੱਢੇ ਗਏ ਦਰਖਤਾਂ ਵਿੱਚੋਂ ਇੱਕ ਰੀਠੇ ਦਾ ਦਰੱਖਤ ਵੀ ਦੱਸਿਆ ਜਾ ਰਿਹਾ ਹੈ ਜੇ ਉਹ ਬਹੁਤ ਘੱਟ ਪਾਇਆ ਜਾਂਦਾ ਹੈ ।
ਜੰਗਲਾਤ ਵਿਭਾਗ ਦੇ ਅਧਿਕਾਰੀ ਬਖ਼ਸ਼ੀਸ਼ ਸਿੰਘ ਨੇ ਕਿਹਾ ਕਿ ਇਹ ਪਾਰਕ ਨਗਰ ਕੌਂਸਲ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਅਤੇ ਜੇਕਰ ਕਿਸੇ ਨੇ ਦਰੱਖਤ ਵੱਢੇ ਜਾਂ ਪੋਲ ਤੋੜਿਆ ਹੈ ਤਾਂ ਉਸ ਤੇ ਕਾਰਵਾਈ ਕਰਨ ਦਾ ਅਧਿਕਾਰ ਵੀ ਨਗਰ ਕੌਂਸਲ ਨੂੰ ਹੀ ਹੈ। ਨਗਰ ਕੌਂਸਲ ਗੁਰਦਾਸਪੁਰ ਦੇ ਕਾਰਜ ਸਾਧਕ ਅਫ਼ਸਰ ਭੁਪਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰੁੱਖ ਵੱਢੇ ਜਾਣ ਅਤੇ ਪੋਲ ਤੋੜਨ ਦੀ ਜਾਣਕਾਰੀ ਮਿਲੀ ਹੈ ਅਤੇ ਉਹ ਖ਼ੁਦ ਮੌਕੇ ’ਤੇ ਜਾ ਕੇ ਮੁਆਇਨਾ ਕਰਨਗੇ ਅਤੇ ਦੋਸ਼ੀ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।