For the best experience, open
https://m.punjabitribuneonline.com
on your mobile browser.
Advertisement

ਖ਼ੁਸ਼ਹਾਲੀ ਦੀ ਬਹਾਰ ਲਿਆਉਂਦੇ ਰੁੱਖ

08:08 AM Jul 27, 2024 IST
ਖ਼ੁਸ਼ਹਾਲੀ ਦੀ ਬਹਾਰ ਲਿਆਉਂਦੇ ਰੁੱਖ
Advertisement

ਅੰਮ੍ਰਿਤ ਕੌਰ ਬਡਰੁੱਖਾਂ
ਸਾਡੇ ਜੀਵਨ ਵਿੱਚ ਰੁੱਖਾਂ ਦੇ ਮਹੱਤਵ ਲਈ ਬਸ ਇੱਕੋ ਗੱਲ ਕਹਿਣੀ ਬਣਦੀ ਹੈ ਕਿ ਜੇ ਰੁੱਖ ਹਨ ਤਾਂ ਸਾਡਾ ਜੀਵਨ ਹੈ। ਰੁੱਖ ਹਰੇ ਭਰੇ ਹਨ ਤਾਂ ਅਸੀਂ ਵੀ ਖੁਸ਼ਹਾਲ ਹਾਂ। ਰੁੱਖ ਸੁੱਕ ਮੁੱਕ ਗਏ ਤਾਂ ਅਸੀਂ ਵੀ ਸੁੱਕ ਮੁੱਕ ਜਾਵਾਂਗੇ। ਅਸੀਂ ਭਾਵੇਂ ਧਿਆਨ ਦੇਈਏ ਜਾਂ ਨਾ ਅਸੀਂ ਰੁੱਖਾਂ ਨਾਲ ਅਤੇ ਰੁੱਖ ਸਾਡੇ ਨਾਲ ਭਾਵਨਾਤਮਕ ਤੌਰ ’ਤੇ ਵੀ ਜੁੜੇ ਹੋਏ ਹਨ। ਥੋੜ੍ਹਾ ਜਿਹਾ ਅੰਦਰੋਂ ਬਾਹਰੋਂ ਮਨ ਸ਼ਾਂਤ ਕਰ ਕੇ ਰੁੱਖਾਂ ਦੇ ਨੇੜੇ ਜਾਈਏ ਤਾਂ ਅਸੀਂ ਉਨ੍ਹਾਂ ਨਾਲ ਗੱਲਾਂ ਕਰਨ ਲੱਗ ਪੈਂਦੇ ਹਾਂ। ਉਹ ਵੀ ਸਾਡੀਆਂ ਗੱਲਾਂ ਦਾ ਜਵਾਬ ਦਿੰਦੇ ਪ੍ਰਤੀਤ ਹੁੰਦੇ ਹਨ।
ਇਹ ਤਾਂ ਵਿਗਿਆਨੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਰੁੱਖ ਖ਼ੁਸ਼ ਵੀ ਹੁੰਦੇ ਹਨ, ਦੁਖੀ ਵੀ ਹੁੰਦੇ ਹਨ ਅਤੇ ਜਦੋਂ ਸਾਡੇ ਵਰਗੇ ਅਕ੍ਰਿਤਘਣ ਮਨੁੱਖ ਉਨ੍ਹਾਂ ਦੀ ਛਾਂ ਹੇਠ ਬੈਠ ਕੇ ਹੀ ਉਨ੍ਹਾਂ ਨੂੰ ਵੱਢਣ ਦੀਆਂ ਯੋਜਨਾਵਾਂ ਬਣਾਉਂਦੇ ਹਨ ਤਾਂ ਉਹ ਡਰ ਵੀ ਜਾਂਦੇ ਹਨ ਤੇ ਉਦਾਸ ਵੀ ਹੁੰਦੇ ਹਨ। ਅਸੀਂ ਰੁੱਖਾਂ ਨੂੰ ਨੁਕਸਾਨ ਪਹੁੰਚਾ ਕੇ ਉਹ ਬਣ ਜਾਂਦੇ ਹਾਂ ਜਿਸ ਨੂੰ ਭਾਈ ਗੁਰਦਾਸ ਜੀ ਬੁਰਿਆਂ ਤੋਂ ਬੁਰੇ ਅਤੇ ਧਰਤੀ ਦਾ ਸਭ ਤੋਂ ਵੱਡਾ ਭਾਰ ਆਖਦੇ ਹਨ;
ਭਾਰੇ ਭੁਈਂ ਅਕਿਰਤਘਣ ਮੰਦੀ ਹੂ ਮੰਦੇ॥
ਜੇ ਅਸੀਂ ਥੋੜ੍ਹੇ ਜਿਹੇ ਸੁਚੇਤ ਹੋ ਕੇ ਆਲੇ-ਦੁਆਲੇ ਲੱਗੇ ਰੁੱਖਾਂ ਨੂੰ ਹਰ ਰੋਜ਼ ਧਿਆਨ ਨਾਲ ਦੇਖੀਏ ਤਾਂ ਰੁੱਖਾਂ ਦੀਆਂ ਬਹੁਤ ਸਾਰੀਆਂ ਭਾਵਨਾਵਾਂ ਸਾਨੂੰ ਸਮਝ ਵਿੱਚ ਆਉਣਗੀਆਂ। ਇੱਕ ਅੱਖੀਂ ਦੇਖੀ ਗੱਲ ਸਾਂਝੀ ਕਰਨ ਲੱਗੀ ਹਾਂ... ਦੋ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਇੱਕ-ਦੋ ਕੁ ਸਾਲ ਦੀ ਨਿੱਕੀ ਬੱਚੀ ਸਾਡੇ ਨਾਲ ਛੱਤ ’ਤੇ ਖੇਡਦੀ ਸੀ। ਛੱਤ ਦੇ ਜੰਗਲੇ ਨਾਲ ਨਿੰਮ ਦੀਆਂ ਟਾਹਣੀਆਂ ਲੱਗਦੀਆਂ ਸਨ। ਸਤੰਬਰ ਦਾ ਮਹੀਨਾ ਸੀ। ਉਸ ਬੱਚੀ ਦੇ ਚਿਹਰੇ ਨਾਲ ਨਿੰਮ ਦੀਆਂ ਟਾਹਣੀਆਂ ਛੂੰਹਦੀਆਂ ਤਾਂ ਉਹ ਬਹੁਤ ਖ਼ੁਸ਼ ਹੁੰਦੀ ਸੀ। ਉਸ ਦੀਆਂ ਅੱਖਾਂ ਹੱਸਦੀਆਂ ਸਨ। ਉਹ ਆਪਣੇ ਮੋਢੇ ਕੰਨਾਂ ਨਾਲ ਲਾ ਲੈਂਦੀ। ਖ਼ੁਸ਼ੀ ਵਿੱਚ ਕਿਲਕਾਰੀਆਂ ਮਾਰਦੀ, ਉਹ ਭੱਜ ਕੇ ਫਿਰ ਟਾਹਣੀਆਂ ਅਤੇ ਪੱਤਿਆਂ ਨਾਲ ਖੇਡਦੀ। ਅਸੀਂ ਟਾਹਣੀ ਫੜ ਕੇ ਪੱਤੇ ਉਸ ਦੇ ਕੰਨਾਂ ਨਾਲ, ਮੱਥੇ ਨਾਲ, ਗਰਦਨ ਨਾਲ, ਗੱਲ੍ਹਾਂ ਨਾਲ ਛੁਹਾਉਂਦੇ ਅਤੇ ਉਸ ਦੀ ਖ਼ੁਸ਼ੀ ਦੇਖਣ ਵਾਲੀ ਹੁੰਦੀ ਸੀ। ਉਹ ਹਰ ਰੋਜ਼ ਖੇਡਣ ਆਉਂਦੀ ਸੀ। ਉਸ ਦੀ ਖ਼ੁਸ਼ੀ ਨੂੰ ਦੇਖਦੇ ਹੋਏ ਅਸੀਂ ਉਸ ਨੂੰ ਛੱਤ ’ਤੇ ਹੀ ਲੈ ਜਾਂਦੇ। ਥੋੜ੍ਹੇ ਦਿਨਾਂ ਬਾਅਦ ਮੈਂ ਦੇਖਿਆ ਕਿ ਜਿਹੜੀ ਟਾਹਣੀ ਨਾਲ ਉਹ ਖੇਡਦੀ ਸੀ ਉਸ ਦੇ ਪੱਤੇ ਨਿੰਮ ਦੇ ਬਾਕੀ ਪੱਤਿਆਂ ਨਾਲੋਂ ਵੱਡੇ ਸਨ। ਉਹ ਟਾਹਣੀ ਤੇਜ਼ੀ ਨਾਲ ਵਧੀ ਸੀ ਅਤੇ ਜੰਗਲੇ ਦੇ ਅੰਦਰ ਵੱਲ ਨੂੰ ਕਾਫ਼ੀ ਝੁਕ ਗਈ ਸੀ। ਕਮਾਲ ਤਾਂ ਉਸ ਵੇਲੇ ਹੋਇਆ ਜਦੋਂ ਉਸ ਟਾਹਣੀ ਦੇ ਉੱਪਰ ਵੱਲ ਰੁੱਖ ਵਾਲੇ ਪਾਸੇ ਨੂੰ ਇੱਕ ਬੇਮੌਸਮਾ ਫੁੱਲਾਂ ਦਾ ਗੁੱਛਾ ਨਿਕਲ ਆਇਆ। ਫਿਰ ਮੈਨੂੰ ਆਸਕਰ ਵਾਈਲਡ ਦੀ ਲਿਖੀ ਕਹਾਣੀ ‘ਸਵਾਰਥੀ ਦਿਉ’ (The Selfish Giant) ਯਾਦ ਆਈ। ਉਸ ਵਿੱਚ ਵੀ ਬੱਚਿਆਂ ਦੇ ਖੇਡਣ ਨਾਲ ਸਾਰਾ ਬਾਗ਼ ਫੁੱਲਾਂ ਨਾਲ ਭਰ ਜਾਂਦਾ ਹੈ। ਉਸ ਵੇਲੇ ਇਹ ਕਹਾਣੀ ਕਾਲਪਨਿਕ ਲੱਗਦੀ ਸੀ। ਹੁਣ ਪੜ੍ਹ ਕੇ ਲੱਗਦਾ ਹੈ ਕਿ ਇਸ ਕਹਾਣੀ ਵਿੱਚ ਕਿੰਨਾ ਖ਼ੂਬਸੂਰਤ ਸੱਚ ਲਿਖਿਆ ਹੈ।
ਆਮ ਦੇਖਣ ਵਿੱਚ ਆਇਆ ਹੈ ਕਿ ਕਈ ਵਾਰ ਜਦੋਂ ਫ਼ਲਦਾਰ ਰੁੱਖਾਂ ਦੇ ਫ਼ਲ ਨਹੀਂ ਲੱਗਦੇ ਤਾਂ ਉਨ੍ਹਾਂ ਅੰਦਰ ਡਰ ਪੈਦਾ ਕੀਤਾ ਜਾਂਦਾ ਹੈ। ਕਈ ਬਜ਼ੁਰਗ ਬੀਬੀਆਂ ਨੂੰ ਇਹ ਕਹਿੰਦਿਆਂ ਸੁਣਿਆ ਹੈ ਕਿ ਵਾਰ ਵਾਰ ਉਸ ਰੁੱਖ ਕੋਲ ਇਹ ਆਖੋ ਕਿ ਹੁਣ ਇਹਨੂੰ ਵੱਢ ਦੇਣਾ ਹੈ ਜਾਂ ਪੁੱਟ ਦੇਣਾ ਹੈ ਤਾਂ ਉਸ ਨੂੰ ਅਗਲੇ ਸਾਲ ਨੂੰ ਫ਼ਲ ਲੱਗਣ ਲੱਗ ਪੈਂਦੇ ਹਨ। ਕਈ ਵਾਰ ਤਾਂ ਉਨ੍ਹਾਂ ਦੇ ਕੁਹਾੜੀ ਨਾਲ ਛੋਟੇ ਛੋਟੇ ਟੱਕ ਵੀ ਲਾ ਦਿੱਤੇ ਜਾਂਦੇ ਹਨ ਅਤੇ ਆਖਿਆ ਜਾਂਦਾ ਹੈ ਕਿ ਉਹ ਰੁੱਖ ਆਉਣ ਵਾਲੇ ਸਾਲ ਨੂੰ ਫ਼ਲ ਜ਼ਰੂਰ ਦੇਣ ਲੱਗ ਪੈਂਦਾ ਹੈ।
ਆਪਣੇ ਆਲੇ-ਦੁਆਲੇ ਅਸੀਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਦੇਖ ਅਤੇ ਮਹਿਸੂਸ ਕਰ ਸਕਦੇ ਹਾਂ। ਵਿਗਿਆਨੀਆਂ ਨੇ ਬਹੁਤ ਸਾਰੇ ਪ੍ਰਯੋਗ ਕੀਤੇ ਅਤੇ ਦੁਨੀਆ ਸਾਹਮਣੇ ਇਹ ਗੱਲਾਂ ਵਿਗਿਆਨਕ ਤਰੀਕੇ ਨਾਲ ਸਿੱਧ ਕੀਤੀਆਂ ਹਨ ਕਿ ਰੁੱਖ, ਵੇਲ-ਬੂਟੇ ਦੁਖ-ਸੁਖ, ਖ਼ੁਸ਼ੀ, ਸਨੇਹ, ਦਿਆਲਤਾ ਅਤੇ ਕਠੋਰਤਾ ਮਹਿਸੂਸ ਕਰਦੇ ਹਨ। ਉਨ੍ਹਾਂ ਉੱਤੇ ਸੰਗੀਤ ਦਾ ਬਹੁਤ ਚੰਗਾ ਅਸਰ ਦੇਖਣ ਨੂੰ ਮਿਲਿਆ ਹੈ। ਉਹ ਮਨੁੱਖ ਦੀਆਂ ਭਾਵਨਾਵਾਂ ਤੱਕ ਨੂੰ ਮਹਿਸੂਸ ਕਰ ਲੈਂਦੇ ਹਨ।
ਸਾਡੇ ਇਤਿਹਾਸ ਵਿੱਚੋਂ ਬਹੁਤ ਸਾਰੀਆਂ ਉਦਾਹਰਨਾਂ ਦੇਖੀਆਂ ਸੁਣੀਆਂ ਜਾਂਦੀਆਂ ਹਨ ਕਿ ਕਿਸ ਤਰ੍ਹਾਂ ਮਹਾਪੁਰਸ਼ਾਂ ਦੀ ਛੋਹ ਪ੍ਰਾਪਤ ਰੁੱਖ ਸਦੀਆਂ ਤੱਕ ਜਿਊਂਦੇ ਰਹਿ ਸਕਦੇ ਹਨ ਅਤੇ ਉਨ੍ਹਾਂ ਦੇ ਫ਼ਲਾਂ ਦਾ ਸੁਆਦ ਵੀ ਬਦਲ ਸਕਦਾ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੰਪਰਕ ਵਿੱਚ ਆਉਂਦਿਆਂ ਰੀਠਿਆਂ ਵਿਚਲੀ ਕੁੜੱਤਣ ਖ਼ਤਮ ਹੋ ਗਈ। ਇਸ ਤਰ੍ਹਾਂ ਦੀਆਂ ਹੋਰ ਉਦਾਹਰਨਾਂ ਵੀ ਮਿਲਦੀਆਂ ਹਨ।
ਰੁੱਖਾਂ ਦੇ ਸਾਨੂੰ ਬੇ-ਹਿਸਾਬ ਫਾਇਦੇ ਹਨ। ਜੇ ਅਸੀਂ ਇਨ੍ਹਾਂ ਤੋਂ ਫ਼ਲ ਲੈਂਦੇ ਹਾਂ, ਫੁੱਲਾਂ ਦੀਆਂ ਮਹਿਕਾਂ ਦਾ ਆਨੰਦ ਮਾਣਦੇ ਹਾਂ, ਤੰਦਰੁਸਤੀ ਇਨ੍ਹਾਂ ਤੋਂ ਲੈਂਦੇ ਹਾਂ, ਜ਼ਿੰਦਗੀ ਦੀਆਂ ਹੋਰ ਸੁੱਖ ਸਹੂਲਤਾਂ ਇਨ੍ਹਾਂ ਤੋਂ ਲੈਂਦੇ ਹਾਂ, ਸਾਡੇ ਪ੍ਰਾਣ ਇਨ੍ਹਾਂ ਦੀ ਮਿਹਰਬਾਨੀ ਨਾਲ ਚੱਲਦੇ ਹਨ ਤਾਂ ਫਿਰ ਸਾਡੇ ਵੀ ਇਨ੍ਹਾਂ ਪ੍ਰਤੀ ਕੁਝ ਫਰਜ਼ ਬਣਦੇ ਹਨ। ਜੋ ਸਾਡੇ ਲਈ ਨਿਭਾਉਣੇ ਬਹੁਤ ਜ਼ਰੂਰੀ ਹਨ। ਅਸੀਂ ਰੁੱਖ ਲਗਾ ਕੇ, ਉਨ੍ਹਾਂ ਦੀ ਸਾਂਭ-ਸੰਭਾਲ ਕਰਕੇ ਰੁੱਖਾਂ ਸਿਰ ਕੋਈ ਅਹਿਸਾਨ ਨਹੀਂ ਕਰਾਂਗੇ ਸਗੋਂ ਇਹ ਸਾਡੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਹੋਵੇਗੀ। ਰੁੱਖ ਮਨੁੱਖ ਤੋਂ ਬਿਨਾਂ ਵਧ ਫੁੱਲ ਸਕਦੇ ਹਨ ਪਰ ਮਨੁੱਖ ਨੂੰ ਰੁੱਖਾਂ ਬਿਨਾਂ ਇੱਕ ਮਿੰਟ ਵੀ ਨਹੀਂ ਸਰਦਾ।
ਰੁੱਖ ਸਾਨੂੰ ਢੇਰ ਸਾਰੀਆਂ ਨਿਆਮਤਾਂ ਨਾਲ ਨਿਵਾਜਦੇ ਹਨ। ਸਾਡੇ ਅੰਦਰ ਵੀ ਰੁੱਖਾਂ ਨੂੰ ਦੇਣ ਨੂੰ ਸਨੇਹ ਤੇ ਦਿਆਲਤਾ ਹੈ। ਉਨ੍ਹਾਂ ਦੀ ਸਾਂਭ-ਸੰਭਾਲ ਲਈ ਸਾਧਨ ਵੀ ਹਨ, ਫਿਰ ਅਸੀਂ ਕਿਉਂ ਕੰਜੂਸੀ ਕਰਦੇ ਹਾਂ। ਕਿਉਂ ਕਠੋਰਤਾ ਨੂੰ ਮੂਹਰੇ ਰੱਖ ਲੈਂਦੇ ਹਾਂ। ਸਾਡੇ ਵਿੱਚੋਂ ਕਈਆਂ ਨੂੰ ਆਦਤ ਹੁੰਦੀ ਹੈ ਕਿ ਤੁਰੇ ਜਾਂਦੇ ਹੀ ਰੁੱਖਾਂ ਦੇ ਪੱਤੇ ਸੂਤ ਲੈਂਦੇ ਹਨ। ਕੁਝ ਦੇਰ ਉਨ੍ਹਾਂ ਨੂੰ ਤੋੜਦੇ ਮਰੋੜਦੇ ਹਨ, ਫਿਰ ਸੁੱਟ ਦਿੰਦੇ ਹਨ। ਇਨ੍ਹਾਂ ਪੱਤਿਆਂ ਤੋਂ ਕੋਈ ਲਾਭ ਨਹੀਂ ਲਿਆ ਬਸ ਟਾਹਣੀਆਂ ਜ਼ਰੂਰ ਰੁੰਡ ਮਰੁੰਡ ਕਰ ਦਿੰਦੇ ਹਾਂ। ਜੇ ਇਨ੍ਹਾਂ ਨੂੰ ਕਿਸੇ ਲਾਭ ਲਈ ਵਰਤਿਆ ਜਾਵੇ ਤਾਂ ਠੀਕ ਹੈ ਪਰ ਇਨ੍ਹਾਂ ਦੀ ਬਰਬਾਦੀ ਕਰਨਾ, ਇਨ੍ਹਾਂ ਨੂੰ ਸਾੜਨਾ ਸਿਆਣਪ ਦੀ ਨਿਸ਼ਾਨੀ ਨਹੀਂ। ਕਦੇ ਵਿਹਲੇ ਸਮੇਂ ਮੋਬਾਈਲ ਤੋਂ ਨਿਗ੍ਹਾ ਹਟਾ ਕੇ ਕੁਝ ਦੇਰ ਲਈ ਹਵਾ ਵਿੱਚ ਲਹਿਰਾ ਰਹੀਆਂ ਟਾਹਣੀਆਂ ਵੱਲ ਦੇਖਣਾ ਕਿ ਉਹ ਕਿਸ ਤਰ੍ਹਾਂ ਆਪਸ ਵਿੱਚ ਗੱਲਾਂ ਕਰਦੀਆਂ, ਖੇਡਦੀਆਂ, ਮਸਤੀ ਕਰਦੀਆਂ ਪ੍ਰਤੀਤ ਹੋਣਗੀਆਂ। ਮਨ ਨੂੰ ਖ਼ੁਸ਼ੀ ਨਾਲ ਭਰ ਦਿੰਦੀਆਂ ਹਨ। ਜਦੋਂ ਕਦੇ ਹਵਾ ਨਾ ਚੱਲਦੀ ਹੋਵੇ, ਪੱਤਾ ਵੀ ਨਾ ਹਿਲਦਾ ਹੋਵੇ ਤਾਂ ਇਹ ਕਿਸੇ ਤਪੱਸਵੀ ਦੀ ਤਰ੍ਹਾਂ ਸਮਾਧੀ ਵਿੱਚ ਜਾਪਦੇ ਹਨ। ਜਿਵੇਂ ਪਤਾਲ ਤੋਂ ਅਕਾਸ਼ ਤੱਕ ਇਨ੍ਹਾਂ ਦੀ ਸਿੱਧੀ ਗੱਲਬਾਤ ਹੋਵੇ ਤੇ ਇਹ ਅਡੋਲ ਖੜ੍ਹੇ ਪਤਾਲ ਧਰਤੀ ਅਕਾਸ਼ ਦਾ ਸੁਨੇਹਾ ਸਾਹ ਰੋਕ ਕੇ ਸੁਣਦੇ ਹੋਣ।
ਰੁੱਖ ਸਾਡੇ ਜੀਵਨ ਨੂੰ ਖ਼ੁਸ਼ੀਆਂ, ਖੇੜੇ ਤੇ ਰਹਿਮਤਾਂ ਬਖ਼ਸ਼ਦੇ ਹਨ। ਇਨ੍ਹਾਂ ਦੇ ਫਾਇਦੇ ਗਿਣਾਏ ਨਹੀਂ ਜਾ ਸਕਦੇ। ਸਾਡੇ ਸੁਭਾਅ ਵਿੱਚ ਕੁਦਰਤੀ ਤੌਰ ’ਤੇ ਨਿੱਤ ਦੇ ਕੰਮਾਂ ਵਿੱਚ ਰੁੱਖਾਂ ਦਾ ਖ਼ਿਆਲ ਰੱਖਣਾ ਵੀ ਸ਼ਾਮਲ ਹੋਣਾ ਚਾਹੀਦਾ ਹੈ। ਸਾਡੇ ਵਿੱਚੋਂ ਬਹੁ-ਗਿਣਤੀ ਪਾਪ-ਪੁੰਨ ਦੀ ਧਾਰਨਾ ਵਿੱਚ ਯਕੀਨ ਰੱਖਦੀ ਹੈ। ਇਸ ਪੱਖ ਤੋਂ ਸੋਚਦਿਆਂ ਵੀ ਰੁੱਖ ਲਾਉਣਾ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਤੋਂ ਵੱਡਾ ਪੁੰਨ ਦਾ ਕੰਮ ਕੋਈ ਨਹੀਂ। ਕਿਹਾ ਜਾਂਦਾ ਹੈ ਕਿ ਇੱਕ ਖੂਹ ਲਵਾ ਕੇ ਬੰਦਾ ਉਸ ਦੇ ਤੁਪਕਿਆਂ ਜਿੰਨੇ ਸਾਲ ਸਵਰਗ ਵਿੱਚ ਰਹਿੰਦਾ ਹੈ। ਇੱਕ ਤਲਾਬ ਪੁੱਟਣ ਦਾ ਕੰਮ ਦਸ ਖੂਹਾਂ ਦੇ ਬਰਾਬਰ, ਦਸ ਤਲਾਬ ਇੱਕ ਝੀਲ ਦੇ ਬਰਾਬਰ, ਦਸ ਝੀਲਾਂ ਇੱਕ ਨੇਕ ਪੁੱਤਰ ਪ੍ਰਾਪਤੀ ਦੇ ਬਰਾਬਰ, ਦਸ ਨੇਕ ਪੁੱਤਰ ਇੱਕ ਰੁੱਖ ਦੇ ਬਰਾਬਰ ਹਨ। ਜਿਹੜਾ ਨੇਕ ਹੋਵੇਗਾ ਉਹ ਸਿਰਫ਼ ਆਪਣੇ ਲਈ ਹੀ ਨਹੀਂ ਸੋਚੇਗਾ। ਸਰਬੱਤ ਦੇ ਭਲੇ ਨਾਲ ਹੀ ਆਪਣਾ ਭਲਾ ਚਾਹੇਗਾ। ਸੋਚੋ ਇਸ ਤਰ੍ਹਾਂ ਦੇ ਦਸ ਨੇਕ ਪੁੱਤਰ ਦੁਨੀਆ ਦੀ ਭਲਾਈ ਲਈ ਜੋ ਕਰ ਸਕਦੇ ਹਨ ਓਨਾ ਇੱਕ ਰੁੱਖ ਕਰ ਦਿੰਦਾ ਹੈ। ਰੁੱਖ ਲਾਉਣ ਦਾ ਐਨਾ ਵੱਡਾ ਪੁੰਨ... ਫਿਰ ਸਾਨੂੰ ਸਾਰਿਆਂ ਨੂੰ ਇਹ ਪੁੰਨ ਕਮਾ ਲੈਣਾ ਚਾਹੀਦਾ ਹੈ ਅਤੇ ਰੁੱਖਾਂ ਨੂੰ ਸਾੜਨ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹ ਦਸ ਨੇਕ ਪੁੱਤਰਾਂ ਦੇ ਬਰਾਬਰ ਦੇ ਇੱਕ ਰੁੱਖ ਨੂੰ ਸਾੜ ਰਹੇ ਹਨ।
ਅਖ਼ੀਰ ਵਿੱਚ ਇਹ ਹੀ ਕਹਿ ਸਕਦੇ ਹਾਂ ਕਿ ਭਾਈ ਰੁੱਖ ਲਾਈਏ, ਭਾਵੇਂ ਪੁੰਨ ਕਰਨ ਦੀ ਖ਼ੁਸ਼ੀ ਮਹਿਸੂਸ ਕਰਨ ਲਈ, ਭਾਵੇਂ ਡਰ ਕੇ ਜਾਂ ਫਿਰ ਕੁਦਰਤ ਅਤੇ ਖਲਕਤ ਦੇ ਪਿਆਰ ਲਈ ਪਰ ਰੁੱਖ ਜ਼ਰੂਰ ਲਾਈਏ। ਜਿਹੜੇ ਇਨਸਾਨਾਂ ਨੇ ਰੁੱਖ ਲਾਉਣ ਦਾ ਬੀੜਾ ਚੁੱਕਿਆ ਹੋਇਆ ਹੈ ਉਨ੍ਹਾਂ ਨੂੰ ਦਿਲੋਂ ਸਲਾਮ ਹੈ।
ਸੰਪਰਕ: 98767-14004

Advertisement

Advertisement
Advertisement
Author Image

sanam grng

View all posts

Advertisement