For the best experience, open
https://m.punjabitribuneonline.com
on your mobile browser.
Advertisement

ਕੰਧਾਂ ’ਚ ਉੱਗੇ ਦਰੱਖਤ

08:29 AM Aug 07, 2024 IST
ਕੰਧਾਂ ’ਚ ਉੱਗੇ ਦਰੱਖਤ
Advertisement

ਸੁਰਿੰਦਰ ਸਿੰਘ ਮੱਤਾ

ਵਾਲਮਾਰਟ ਸੁਪਰ ਸੈਂਟਰ ਤੋਂ ਬਾਹਰ ਨਿਕਲ ਕੇ ਉਸ ਨੇ ਪਾਰਕਿੰਗ ਲੰਘ ਕੇ ਬਣੇ ਸਟਾਪ ਤੋਂ ਮਿਲਵੁੱਡ ਟਾਊਨ ਸੈਂਟਰ ਜਾਣ ਲਈ ਬੱਸ ਫੜ ਲਈ। ਜਦੋਂ ਮੌਰਨਿੰਗ ਸ਼ਿਫਟ ਸੱਤ ਵਜੇ ਤੋਂ ਤਿੰਨ ਵਜੇ ਵਾਲੀ ਹੋਵੇ ਤਾਂ ਉਹ ਛੁੱਟੀ ਕਰਕੇ ਟਾਊਨ ਸੈਂਟਰ ਹੀ ਜਾਂਦਾ। ਜਦੋਂ ਈਵਨਿੰਗ ਸ਼ਿਫਟ ਹੁੰਦੀ ਤਾਂ ਉਹ ਘਰੋਂ ਹੀ ਢਾਈ ਵਜੇ ਚੱਲ ਕੇ ਤਿੰਨ ਵਜੇ ਵਾਲਮਾਰਟ ਪਹੁੰਚ ਜਾਂਦਾ। ਉਸ ਨੂੰ ਸੱਤ ਅੱਠ ਮਿੰਟ ਹੀ ਲੱਗੇ ਹੋਣਗੇ ਕਿ ਮਿਲਵੁੱਡ ਟ੍ਰਾਂਜਿਟ ਸੈਂਟਰ ’ਤੇ ਉਤਰ ਗਿਆ। ਲਾਇਬ੍ਰੇਰੀ ਦੇ ਅੱਗਿਓਂ ਨਿਕਲ ਕੇ ਵੇਖੀਏ ਤਾਂ ਸਾਹਮਣੇ ਟਾਊਨ ਸੈਂਟਰ ਦਾ ਛਿਪਦੇ ਪਾਸੇ ਵਾਲਾ ਗੇਟ ਹੈ। ਵਿਚਕਾਰ ਸੜਕ ਹੈ। ਸੜਕ ਪਾਰ ਕਰਨ ਲਈ ਉਸ ਨੇ ਲਾਈਟਾਂ ਦੇ ਪੋਲ ’ਤੇ ਲੱਗੇ ਬਟਨ ਨੂੰ ਦਬਾਅ ਦਿੱਤਾ ਤਾਂ ਲਾਈਟਾਂ ’ਤੇ ਇਸ਼ਾਰਾ ਸ਼ੁਰੂ ਹੋ ਗਿਆ ਤੇ ਉਸ ਨੇ ਵਾਹੋ ਦਾਹੀ ਚਿੱਟੀਆਂ ਲਾਈਨਾਂ ਪਾਰ ਕਰ ਲਈਆਂ ਤੇ ਟਾਊਨ ਸੈਂਟਰ ਦੇ ਅੰਦਰ ਦਾਖਲ ਹੋ ਗਿਆ।
ਜਿਵੇਂ ਉਸ ਨੂੰ ਪਹਿਲਾਂ ਹੀ ਇਲਮ ਸੀ। ਉਸ ਦੇ ਸਾਥੀ ਬਿੱਕਰ ਬਰਾੜ ਤੇ ਸ਼ਾਮ ਲਾਲ ਪੰਡਿਤ ਦੋਵੇਂ ਜਣੇ ਕੇਐੱਫਸੀ ਦੇ ਸਾਹਮਣੇ ਡੱਠੇ ਮੇਜ਼ ਕੁਰਸੀਆਂ ’ਤੇ ਬੈਠੇ ਸਨ। ਉਹ ਵੀ ਉਨ੍ਹਾਂ ਕੋਲ ਪਹੁੰਚ ਗਿਆ। ‘ਕਿਉਂ ਕੀਤਾ ਕੁਝ?’ ਉਹਨੇ ਬਿੱਕਰ ਬਰਾੜ ਵੱਲ ਵੇਖ ਕੇ ਪੁੱਛਿਆ। ‘ਅਸੀਂ ਤਾਂ ਤੈਨੂੰ ਹੀ ਉਡੀਕਦੇ ਹਾਂ।’ ਉਹ ਉੱਠ ਕੇ ਕੇਐੱਫਸੀ ਦੇ ਕਾਊਂਟਰ ’ਤੇ ਬੈਠੀ ਕੁੜੀ ਨੂੰ ਦੋ ਮੀਲਜ਼ ਦਾ ਆਰਡਰ ਦੇ ਆਇਆ। ਪੰਡਿਤ ਤੇ ਬਰਾੜ ਦੋਵੇਂ ਵਾਟ ਕਾਮਨ ਵਾਲਮਾਰਟ ਵਿੱਚ ਗਰੀਟਰ ਦੀ ਨੌਕਰੀ ਕਰਦੇ ਸਨ। ਇੱਥੇ ਇਹ ਤਿੰਨੇ ਜੋੜੀਦਾਰ ਇਕੱਠੇ ਹੋ ਜਾਂਦੇ। ਕੇਐੱਫਸੀ ਦੀਆਂ ਦੋ ਮੀਲਾਂ ਤਿੰਨੇ ਰਲ ਕੇ ਖਾਂਦੇ ਤੇ ਦੁਖ ਸੁਖ ਕਰ ਲੈਂਦੇ। ਦੁਖ ਸੁਖ ਤਿੰਨਾਂ ਦੇ ਲਗਭਗ ਸਾਂਝੇ ਹੀ ਹੁੰਦੇ। ਤਿੰਨਾਂ ਦੇ ਕੀ ਇਸ ਮੁਲਕ ’ਚ ਨੂੰਹ-ਪੁੱਤਾਂ ਤੇ ਧੀ-ਜਵਾਈਆਂ ਦੇ ਪਿੱਛਲੱਗ ਬਣ ਕੇ ਆਏ ਸਾਰੇ ਮਾਪਿਆਂ ਦੇ ਦੁਖ ਸੁਖ ਇੱਕੋ ਜਿਹੇ ਹੀ ਹਨ। ਉਂਜ ਇਨ੍ਹਾਂ ਦਾ ਇੱਥੇ ਬੈਠਣਾ ਸਮਾਂ ਬਿਤਾਉਣ ਦਾ ਜ਼ਰੀਆ ਹੀ ਸੀ।
ਸ਼ਾਮ ਲਾਲ ਦੀ ਘਰਵਾਲੀ ਤਾਂ ਗੁਜ਼ਰ ਚੁੱਕੀ ਸੀ ਤੇ ਉਹ ਇਕੱਲਾ ਹੀ ਪਿੰਡੋਂ ਆਇਆ ਤੇ ਆਪਣੇ ਨੂੰਹ ਪੁੱਤ ਕੋਲ ਦਿਨ-ਕਟੀ ਕਰ ਰਿਹਾ ਸੀ। ਮੁੰਡਾ ਉਸ ਨੂੰ ਆਉਣ ਜਾਣ ਲਈ ਟ੍ਰਾਂਜਿਟ ਦਾ ਪਾਸ ਲੈ ਦਿੰਦਾ ਤੇ ਮਹੀਨੇ ਦੋ ਮਹੀਨੇ ਬਾਅਦ ਦਸ ਵੀਹ ਡਾਲਰ ਉਹਦੀ ਜੇਬ ’ਚ ਪਾ ਦਿੰਦਾ ਸੀ। ਸ਼ਾਮ ਲਾਲ ਭੂਮੀ ਰੱਖਿਆ ਵਿਭਾਗ ’ਚੋਂ ਸਰਵੇਅਰ ਰਿਟਾਇਰ ਹੋਇਆ ਸੀ। ਪੈਨਸ਼ਨ ਉਸ ਦੀ ਹਰ ਮਹੀਨੇ ਮੋਗੇ ਬੈਂਕ ਖਾਤੇ ’ਚ ਹੀ ਜਮਾਂ ਹੋ ਜਾਂਦੀ। ਜਦੋਂ ਦਾ ਉਹ ਇੱਥੇ ਪੱਕਾ ਹੋ ਕੇ ਆਇਐ, ਆਪਣੇ ਖਾਤੇ ਦੀ ਚੈੱਕ ਬੁੱਕ ਸਾਊ ਪਿਉ ਵਾਂਗ ਆਪਣੇ ਮੁੰਡੇ ਦੇ ਹੱਥ ਫੜਾ ਦਿੱਤੀ। ਉਸ ਦਾ ਮੁੰਡਾ ਸਾਲ ਛੇ ਮਹੀਨਿਆਂ ਬਾਅਦ ਇੱਧਰੋਂ ਪੰਜਾਬ ਜਾਣ ਵਾਲੇ ਨਾਲ ਸੈਟਿੰਗ ਕਰਕੇ ਡਾਲਰ ਵੱਟੇ ਬਣਦੇ ਰੁਪਇਆਂ ਦਾ ਚੈੱਕ ਦੇਕੇ ਰਕਮ ਆਪਣੇ ਕਬਜ਼ੇ ਵਿੱਚ ਕਰ ਲੈਂਦਾ ਤੇ ਸ਼ਾਮ ਲਾਲ ਹੁਰੀਂ ਠੁਣ ਠੁਣ ਗੋਪਾਲ। ਕਈ ਵਾਰ ਸਮਝੌਤੀਆਂ ਦਿੰਦਾ ਕਿ ’ਕੱਲੀ ਕੁੜੀ ਵਾਲੇ ਘਰ ਕਦੇ ਮੁੰਡਾ ਨਹੀਂ ਵਿਆਹੁਣਾ ਚਾਹੀਦਾ। ਵਿਆਹ ਤੋਂ ਬਾਅਦ ਜਨਾਨੀ ਦੇ ਕਬਜ਼ੇ ਵਿੱਚ ਆਇਆ ਮੁੰਡਾ ਸਹੁਰਿਆਂ ਦਾ ਹੀ ਹੋ ਕੇ ਰਹਿ ਜਾਂਦੈ।
‘ਵੇਖ ਲਉ ਆਹ ਸਾਡਾ ਕਿਸ਼ੌਰ ਚੰਦ ਜੋ ਕਦੇ ਸਾਹ ’ਚ ਸਾਹ ਲੈਂਦਾ ਸੀ ਹੁਣ ਸੱਸ-ਸਹੁਰੇ ਨੂੰ ਮੰਮੀ ਜੀ, ਪਾਪਾ ਜੀ ਕਹਿੰਦੇ ਦਾ ਮੂੰਹ ਨ੍ਹੀਂ ਥੱਕਦਾ ਤੇ ਮੈਂ ਬਸ ਬਾਈ ਦਾ ਬਾਈ। ਨੂੰਹ ਰਾਣੀ ਦੀ ਸੁਣ ਲਉ ਜਦੋਂ ਇੰਡੀਆ ਸੀ ਤਾਂ ਮੂੰਹ ’ਚ ਬੋਲ ਨ੍ਹੀਂ ਸੀ ਪਰ ਜਦੋਂ ਦਾ ਕੈਨੇਡਾ ਦਾ ਪਾਣੀ ਪੀ ਲਿਆ ਬਸ ਹਵਾ ਹੀ ਬਦਲ ਗਈ। ਰਿਸ਼ਭ, ਪੋਤਰੇ ਦੇ ਜਨਮ ਤੋਂ ਪਹਿਲਾਂ ਹੀ ਨੂੰਹ ਨੇ ਆਪਣੇ ਮਾਂ-ਪਿਉ ਨੂੰ ਸੱਦ ਲਿਆ, ਅਖੇ ਰੁਮਾਣਿਆਂ ਵਾਲੇ ਪਾਪਾ ਜੀ ਤਾਂ ਹਾਲੇ ਰਿਟਾਇਰ ਨਹੀਂ ਹੋਏ, ਉਹ ਦੋਵੇਂ ਤਾਂ ਆ ਨਹੀਂ ਸਕਦੇ। ਓਨਾ ਚਿਰ ਚੈਨ ਨਹੀਂ ਪਈ ਜਿੰਨਾ ਚਿਰ ਆਪਣੇ ਮਾਂ-ਪਿਉ ਨੂੰ ਕੋਲ ਲੈ ਨਹੀਂ ਆਈ। ਸ਼ਾਮ ਲਾਲ ਕੀਹਦੇ ਯਾਦ ਸੀ। ਬਾਅਦ ’ਚ ਸ਼ਰਮੋਂ ਸ਼ਰਮੀ ਉਦੋਂ ਵਾਰੀ ਆਈ ਜਦੋਂ ਦਮੇ ਦੀ ਮਰੀਜ਼ ਸ਼ਾਮ ਲਾਲ ਦੀ ਪਤਨੀ ਉਸ ਦਾ ਸਾਥ ਛੱਡ ਗਈ ਤੇ ਉਹ ਇਕੱਲਾ ਰਹਿ ਗਿਆ। ਪਰ ਦਾਦੀ ਤਾਂ ਪੋਤਰੇ ਦਾ ਮੂੰਹ ਵੇਖਣ ਦਾ ਵੈਰਾਗ ਦਿਲ ’ਚ ਲੈ ਕੇ ਹੀ ਕੂਚ ਕਰ ਗਈ।’’ ਸ਼ਾਮ ਲਾਲ ਡੂੰਘਾ ਹਉਕਾ ਭਰ ਕੇ ਰਹਿ ਜਾਂਦਾ। ਵਿਹਲੇ ਸਮੇਂ ਰਾਮਗੜ੍ਹੀਆ ਗੁਰਦੁਆਰੇ ਚਲਾ ਜਾਂਦਾ। ਉੱਥੇ ਉਸ ਵਰਗੇ ਸੰਗੀ ਸਾਥੀ ਮਿਲ ਜਾਂਦੇ। ਬਿੱਕਰ ਬਰਾੜ ਨਾਲ ਵੀ ਉਸ ਦੀ ਮੁਲਾਕਾਤ ਇੱਥੇ ਹੀ ਹੋਈ ਸੀ।
ਬਿੱਕਰ ਨੇ ਵੀ ਉਸ ਵੇਲੇ ਤੱਕ ਆਪਣੇ ਹਾਲਾਤ ਨੂੰ ਮੁੱਖ ਰੱਖ ਕੇ ਵਾਲਮਾਰਟ ’ਚ ਨੌਕਰੀ ਕਰ ਲਈ ਸੀ। ਸ਼ਾਮ ਲਾਲ ਦੀ ਦਸ਼ਾ ਨੂੰ ਸਮਝ ਕੇ ਹੀ ਬਿੱਕਰ ਨੇ ਆਪਣੀ ਰੈਫਰੈਂਸ ’ਤੇ ਉਸ ਨੂੰ ਗਰੀਟਰ ਲਵਾ ਦਿੱਤਾ ਸੀ। ਬਿੱਕਰ ਹੁਰੀਂ ਦੋਵੇਂ ਜੀਅ ਆਪਣੇ ਧੀ-ਜਵਾਈ ਕੋਲ ਆਏ ਸਨ। ਪ੍ਰਾਹੁਣੇ ਦੇ ਮਾਂ-ਬਾਪ ਇੱਥੇ ਪਹਿਲਾਂ ਹੀ ਪੱਕੇ ਸਨ ਤੇ ਉਹ ਆਪਣੇ ਪੁੱਤਰ ਨਾਲ ਹੀ ਰਹਿੰਦੇ ਸਨ। ਛੇ ਕੁ ਮਹੀਨੇ ਤਾਂ ਬਿੱਕਰ ਤੇ ਉਸ ਦੀ ਘਰਵਾਲੀ ਨਾਲ ਹੀ ਰਹੇ ਪਰ ਛੇਤੀ ਹੀ ਬਿਗਾਨਾ ਬਿਗਾਨਾ ਜਿਹਾ ਮਹਿਸੂਸ ਕਰਨ ਲੱਗ ਪਏ। ਧੀ-ਜਵਾਈ ਕੰਮਾਂ ’ਤੇ ਚਲੇ ਜਾਂਦੇ। ਕੁੜਮ ਕੋਲ ਆਪਣੀ ਕਾਰ ਸੀ, ਉਹ ਕੁੜਮਣੀ ਨੂੰ ਲੈ ਕੇ ਤੋਰੇ ਫੇਰੇ ’ਤੇ ਰਹਿੰਦੇ। ਪਰ ਬਿੱਕਰ ਹੁਰੀਂ ਨਿਆਣੇ ਸਾਂਭਦੇ ਕੀ ਕਰਨ, ਮਜਬੂਰੀ ਸੀ ’ਕੱਲੀ ਕੁੜੀ ਸੀ ਉਨ੍ਹਾਂ ਦੀ। ਅੱਕ ਕੇ ਉਹ ਪਿੰਡ ਮੁੜ ਆਏ ਪਰ ਪਿੰਡ ਆ ਕੇ ਬਿੱਕਰ ਦੀ ਘਰਵਾਲੀ ਚਿੱਤ ਨਾ ਲਾਵੇ। ਉੱਥੇ ਦੋਹਤੇ-ਦੋਹਤੀ ਨਾਲ ਪਰਚੀ ਰਹਿੰਦੀ ਸੀ। ਫਿਰ ਕੁੜੀ ਤੇ ਪ੍ਰਾਹੁਣੇ ਨੇ ਸਕੀਮ ਬਣਾਈ। ਕੁੜੀ ਦੀ ਤਾਂ ਕੀ ਸਕੀਮ ਤਾਂ ਪ੍ਰਾਹੁਣੇ ਦੀ ਸੀ ਜੋ ਕੁੜੀ ਦੇ ਮੂੰਹੋਂ ਅਖਵਾ ਕੇ ਬਰਾੜ ਜੋੜੀ ਬੱਧਨੀ ਆਲੇ ਧਾਲੀਵਾਲਾਂ ਦੇ ਭਲੇਚੇ ’ਚ ਆ ਗਈ।
‘‘ਬਾਪੂ ਜੀ ਤੁਸੀਂ ਇਕੱਲੇ ਪਿੰਡ ਕੀ ਕਰੋਗੇ, ਮੇਰਾ ਸਾਰਾ ਧਿਆਨ ਥੋਡੇ ’ਚ ਹੀ ਰਹਿੰਦੈ। ਨਾਲੇ ਢਾਈ ਘੁਮਾਂ ਪੈਲੀ ਦੀ ਖੇਤੀ ਕਾਹਦੀ ਖੇਤੀ, ਗੰਜੀ ਨਹਾਊ ਕੀ ਤੇ ਨਚੋੜੂ ਕੀ।’’ ਪੜ੍ਹੀ ਪੜ੍ਹਾਈ ਕੁੜੀ ਨੇ ਬਿੱਕਰ ਦੇ ਪੂਰੀ ਜਚਾ ਦਿੱਤੀ ਤੇ ਦੋਵਾਂ ਜੀਆਂ ਨੇ ਸੋਚਿਆ ਚਲੋ ਅੱਡ ਰਹਾਂਗੇ ਨਾ ਕਿਸੇ ਦੀ ਹੈਂਹ ਹੈਂਹ ਨਾ ਖੈਹ ਖੈਹ, ਆਵਦੀਆਂ ਦੋ ਦੋ ਗੁਲੀਆਂ ਲਾਹੋ ਤੇ ਮੌਜ ਕਰੋ, ਖੇਤੀ ਤਾਂ ਮਿੱਟੀ ’ਚ ਮਿੱਟੀ ਹੋਣ ਵਾਲੀ ਗੱਲ ਹੈ। ਫਿਰ ਸਾਲ ਦੇ ਵਿੱਚ ਪਿੰਡ ਵਾਲੀ ਵੀਹ ਕਨਾਲਾਂ ਵਿਕਵਾ ਕੇ ਧੀ-ਜਵਾਈ ਨੇ ਆਪਣੇ ਘਰ ਤੋਂ ਥੋੜ੍ਹਾ ਹਟਵੇਂ ਇੱਕ ਪੁਰਾਣੇ ਮਕਾਨ ਦੀ ਡਾਊਨ ਪੇਮੈਂਟ ਕਰ ਦਿੱਤੀ। ਬਰਾੜ ਜੋੜੀ ਨੂੰ ਇਹ ਭਰੋਸਾ ਦੇ ਕੇ ਕਿ ਡਾਊਨ ਪੇਮੈਂਟ ਤੁਸੀਂ ਕਰ ਦਿਓ ਕਿਸ਼ਤਾਂ ਉਹ ਭਰੀ ਜਾਣਗੇ। ਧੀ-ਜਵਾਈ ਪੂਰੇ ਖ਼ੁਸ਼ ਸਨ। ਨਵੇਂ ਮਕਾਨ ’ਚ ਬਿੱਕਰ ਹੁਰੀਂ ਖ਼ੁਸ਼ ਸਨ। ਬੇਸਮੈਂਟ ਤੋਂ ਆਉਣ ਵਾਲੇ ਕਿਰਾਏ ਨਾਲ ਦੋਵਾਂ ਜੀਆਂ ਦੀ ਰੋਟੀ ਤੁਰਨ ਲੱਗ ਪਈ। ਤਿੰਨ ਕਮਰਿਆਂ ਦਾ ਘਰ ਸੀ। ਤਿੰਨ ਕੁ ਮਹੀਨਿਆਂ ਬਾਅਦ ਕੁੜੀ ਨੇ ਦੋ ਬੈੱਡਰੂਮ ਪੜ੍ਹਨ ਵਾਲੀਆਂ ਚਾਰ ਕੁੜੀਆਂ ਨੂੰ ਰੈਂਟ ’ਤੇ ਚਾਰ-ਚਾਰ ਸੌ ਡਾਲਰ ’ਚ ਦੇ ਦਿੱਤੇ। ਮਾਂ ਨੂੰ ਦੋ-ਦੋ ਸੌ ਡਾਲਰ ਮਹੀਨੇ ’ਚ ਕੁੜੀਆਂ ਦਾ ਟਿਫਨ ਤਿਆਰ ਕਰਨ ਦਾ ਕੰਮ ਦੁਆ ਦਿੱਤਾ। ਇਸ ਤਰ੍ਹਾਂ ਬੇਸਮੈਂਟ ਦਾ ਤੇ ਕਮਰਿਆਂ ਦਾ ਕਿਰਾਇਆ ਧੀ-ਜਵਾਈ ਰੱਖ ਲੈਂਦੇ ਤੇ ਟਿਫਨ ਸਰਵਿਸ ’ਚੋਂ ਜੋ ਬਚ ਜਾਂਦਾ ਉਸ ਨਾਲ ਬਿੱਕਰ ਹੁਰੀਂ ਆਪਣੀ ਗੁਜ਼ਰ ਬਸਰ ਕਰ ਲੈਂਦੇ। ਛੇ ਜਣਿਆਂ ਦੇ ਰਾਸ਼ਨ ਪਾਣੀ ’ਚ ਬਚਣਾ ਕੀ ਸੀ ਬਸ ਧੂਹ ਘੜੀਸ ਹੀ ਸੀ। ਬਿੱਕਰ ਦੀ ਘਰਵਾਲੀ ਨੇ ਧੀ ਨਾਲ ਗੱਲ ਵੀ ਕੀਤੀ ਪਰ ਧੀ ਦਾ ਜੁਆਬ, ‘‘ਮੰਮੀ ਕੀ ਕਰੀਏ ਖ਼ਰਚੇ ਬਾਹਲੇ ਵਧ ਗਏ, ਉੱਤੋਂ ਘਰਾਂ ਦੇ ਕਰਜ਼ਿਆਂ ਦਾ ਵਿਆਜ ਵਧਣ ਕਰਕੇ ਕਿਸ਼ਤਾਂ ਵਧ ਗਈਆਂ, ਨਹੀਂ ਮੇਰਾ ਕਿਹੜਾ ਜੀਅ ਨ੍ਹੀਂ ਕਰਦਾ ਵੀ ਮੇਰੇ ਮਾਂ-ਪਿਓ ਵੀ ਰਾਜ ਕਰਨ।’’ ਕੁੜੀ ਨੇ ਝੂਠਾ ਜਿਹਾ ਨੱਕ ਦਾ ਸੜ੍ਹਾਕਾ ਮਾਰ ਕੇ ਮਾਂ ਦੀ ਹਮਦਰਦੀ ਜਿੱਤਣ ਦੀ ਕੋਸ਼ਿਸ਼ ਕੀਤੀ। ਉਹ ਅੰਦਰੋਂ ਅੰਦਰੀ ਧੀ ਜਵਾਈ ਦੀਆਂ ਅਜਿਹੀਆਂ ਹਰਕਤਾਂ ਤੋਂ ਦੁਖੀ ਤਾਂ ਸਨ ਪਰ ਕਰ ਕੀ ਸਕਦੇ ਸਨ। ਤਾਂ ਹੀ ਅੱਕੇ ਹੋਏ ਬਿੱਕਰ ਨੇ ਵਾਲਮਾਰਟ ’ਚ ਨੌਕਰੀ ਕਰ ਲਈ। ਆਪਣਾ ਰਾਜ ਭਾਗ ਆਪ ਹੀ ਗੁਆ ਲਿਆ। ਇਸ ਕਰਕੇ ਜਦੋਂ ਸ਼ਾਮ ਲਾਲ ਇਹ ਰੋਣਾ ਰੋਂਦਾ ਕਿ ’ਕੱਲੀ ਕੁੜੀ ਵਾਲੇ ਘਰ ’ਚ ਮੁੰਡਾ ਨਹੀਂ ਵਿਆਹੁਣਾ ਚਾਹੀਦਾ ਤਾਂ ਬਿੱਕਰ ਆਪਣਾ ਢਿੱਡ ਉਸ ਅੱਗੇ ਹੌਲਾ ਕਰ ਦਿੰਦਾ, ਫਿਰ ਸ਼ਾਮ ਲਾਲ ਨੂੰ ਕੁਝ ਧਰਵਾਸ ਮਿਲਦਾ।
‘‘ਸਭ ਕਰਮਾਂ ਦੀਆਂ ਖੇਡਾਂ ਨੇ, ਬਰਾੜਾ, ਇਨਸਾਨ ਦੇ ਹੱਥ ਵੱਸ ਕੁਝ ਨਹੀਂ।’ ਸ਼ਾਮ ਲਾਲ ਗੱਲ ਮੁਕਾ ਦਿੰਦਾ। ਬਿੱਕਰ ਦੀ ਘਰਵਾਲੀ ਸਾਰਾ ਦਿਨ ਕਿਰਾਏਦਾਰ ਕੁੜੀਆਂ ਦੀ ਰੋਟੀ ਦੇ ਆਹਰ ’ਚ ਹੀ ਲੱਗੀ ਰਹਿੰਦੀ। ਦੂਜੇ-ਤੀਜੇ ਦਿਨ ਬਿੱਕਰ ਨਾਲ ਜਾ ਕੇ ਸਾਹਮਣੇ ਤੇਈ ਐਵੇਨਿਊ ’ਤੇ ਬਣੇ ਸੇਵ ਆਨ ਫੂਡ ਸਟੋਰ ਤੋਂ ਸਬਜ਼ੀਆਂ ਆਦਿ ਲੈ ਆਉਂਦੀ। ਰਾਸ਼ਨ ਤਾਂ ਉਹ ਮਹੀਨੇ ’ਚ ਇੱਕ ਵਾਰ ਜਦੋਂ ਬਿੱਕਰ ਨੂੰ ਵਾਲਮਾਰਟ ਤੋਂ ਵੀਹ ਪਰਸੈਂਟ ਡਿਸਕਾਊਂਟ ਮਿਲਦਾ, ਆਪਣੀ ਧੀ ਨਾਲ ਜਾ ਕੇ ਲੈ ਆਉਂਦੇ। ਕੁੜੀ ਬਾਪੂ ਦੇ ਡਿਸਕਾਊਂਟ ਕਾਰਡ ’ਤੇ ਆਪਣੇ ਘਰ ਦਾ ਰਾਸ਼ਨ ਵੀ ਲੈ ਆਉਂਦੀ। ਸ਼ਨਿਚਰਵਾਰ ਨੂੰ ਬਿੱਕਰ ਵਿਹਲਾ ਹੁੰਦਾ, ਚਿੱਟੇ ਕੁੜਤੇ ਪਜਾਮੇ ’ਚ ਸਜ ਕੇ ਸੀਨੀਅਰ ਸਿਟੀਜਨ ਸੈਂਟਰ ਪਹੁੰਚ ਜਾਂਦਾ। ਵਾਜਬ ਜਿਹੀ ਫੀਸ ਦੇ ਕੇ ਉਹ ਪੱਕਾ ਮੈਂਬਰ ਬਣ ਗਿਆ ਸੀ। ਸੌ ਨੰਬਰੀ ਸੀਪ ਦਾ ਉਹ ਖਿਡਾਰੀ ਸੀ। ਪੰਜ ਕੁ ਵਜੇ ਉੱਥੋਂ ਨਿਕਲ ਕੇ ਮਿਲਵੁੱਡ ਗੁਰਦੁਆਰੇ ਤੇ ਫਿਰ ਘਰ। ਐਤਵਾਰ ਨੂੰ ਉਹ ਦੋਵੇਂ ਜੀਅ ਗੁਰਦੁਆਰੇ ਜਾਂਦੇ। ਐਤਵਾਰ ਸਾਰਾ ਦਿਨ ਗੁਰਦੁਆਰੇ ਗੁਜ਼ਰਦਾ। ਪਹਿਲਾਂ ਕੀਰਤਨ ਕਥਾ ਦਾ ਆਨੰਦ ਮਾਣਦੇ, ਫਿਰ ਬੇਸਮੈਂਟ ’ਚ ਬਣੇ ਲੰਗਰ ਹਾਲ ’ਚ ਲੰਗਰ ਛਕਦੇ। ਉਸ ਦੀ ਘਰਵਾਲੀ ਤਾਂ ਬੀਬੀਆਂ ਨਾਲ ਰਲ ਕੇ ਬਰਤਨਾਂ ਆਦਿ ਦੀ ਸੇਵਾ ਕਰਦੀ ਰਹਿੰਦੀ ਤੇ ਉਹ ਆਪ ਲੰਗਰ ਹਾਲ ਦੇ ਪਿਛਾਂਹ ਹਟਵੇਂ ਡੱਠੇ ਬੈਂਚਾਂ ਕੁਰਸੀਆਂ ’ਤੇ ਚਾਹ ਦੇ ਗਲਾਸ ਲੈ ਕੇ ਬੈਠੇ ਆਪਣੇ ਹਾਣੀਆਂ ਦੀ ਗਾਲੜੀ ਢਾਣੀ ’ਚ ਸ਼ਾਮਲ ਹੋ ਜਾਂਦਾ।
ਟਾਊਨ ਸੈਂਟਰ ’ਚ ਬੈਠੀ ਤਿੱਕੜੀ ਨੂੰ ਸੱਤ ਵੱਜ ਗਏ। ਦਿਨ ਤਾਂ ਹਾਲੇ ਇਉਂ ਲੱਗਦਾ ਸੀ ਜਿਵੇਂ ਪਰਛਾਵੇਂ ਹੀ ਢਲੇ ਹੋਣ। ਦਿਨ ਬਹੁਤ ਵੱਡੇ ਸਨ। ਦਸ ਵਜੇ ਤੱਕ ਮੂੰਹ ਹਨੇਰਾ ਰਹਿੰਦਾ। ਖੈਰ ਜ਼ਿੰਦਗੀ ਸਮੇਂ ਨਾਲ ਬੱਝੀ ਹੈ। ਉਹ ਉੱਠ ਕੇ ਆਪੋ ਆਪਣੇ ਟਿਕਾਣਿਆਂ ਨੂੰ ਚੱਲ ਪਏ। ਬਿੱਕਰ ਤੇ ਸ਼ਾਮ ਲਾਲ ਨੇ ਤਾਂ ਇੱਕੋ ਬਸ ਫੜਨੀ ਸੀ ਪਰ ਉਹ ਆਪਣੇ ਘਰ ਵੱਲ ਜਾਣ ਵਾਲੀ ਬੱਸ ’ਤੇ ਚੜ੍ਹ ਕੇ ਤੇਈ ਐਵੇਨਿਊ ਅਤੇ ਇੱਕ ਸੌ ਨੌਂ ਸਟਰੀਟ ਦੀਆਂ ਬੱਤੀਆਂ ’ਤੇ ਉਤਰ ਗਿਆ। ਉਸ ਨੇ ਆਪਣੀ ਘਰਵਾਲੀ ਪਰਮਜੀਤ ਨੂੰ ਫੋਨ ਕੀਤਾ ਕਿ ਜੇ ਉਹ ਵਿਹਲੀ ਹੋ ਗਈ ਹੋਵੇ ਤਾਂ ਪਾਰਕ ’ਚ ਹੀ ਆ ਜਾਵੇ। ਉਨ੍ਹਾਂ ਦੇ ਘਰ ਨੂੰ ਜਾਂਦਿਆਂ ਰਸਤੇ ਵਿੱਚ ਵੱਡਾ ਪਾਰਕ ਪੈਂਦਾ ਹੈ ਜਿਸ ਵਿੱਚ ਦੋ ਤਾਂ ਫੁੱਟਬਾਲ ਦੇ ਗਰਾਊਂਡ ਹੀ ਹਨ, ਇੱਕ ਬਾਸਕਟਬਾਲ ਦਾ ਤੇ ਬੱਚਿਆਂ ਦੇ ਝੂਲਿਆਂ ਤੋਂ ਇਲਾਵਾ ਸੈਰ ਕਰਨ ਨੂੰ ਕਾਫ਼ੀ ਖੁੱਲ੍ਹਾ ਹੈ। ਉਸ ਦਾ ਘਰ ਰਹਿਣ ਨੂੰ ਬਹੁਤਾ ਮਨ ਹੀ ਨਹੀਂ ਕਰਦਾ। ਇਸ ਲਈ ਮੌਰਨਿੰਗ ਸ਼ਿਫਟ ਤੋਂ ਬਾਅਦ ਮਿੱਤਰਾਂ ਦੀ ਢਾਣੀ ਤੋਂ ਉੱਠ ਕੇ ਪਾਰਕ ’ਚ ਆ ਜਾਂਦਾ ਤੇ ਸੋਤੇ ਪਏ ਤੋਂ ਘਰ ਮੁੜਦਾ।
ਜੇਕਰ ਪਰਮਜੀਤ ਵਿਹਲੀ ਹੁੰਦੀ ਤਾਂ ਉਹ ਵੀ ਪਹੁੰਚ ਜਾਂਦੀ। ਪਾਰਕ ’ਚ ਪਹੁੰਚ ਕੇ ਝੂਲਿਆਂ ਦੇ ਨੇੜੇ ਰੱਖੇ ਬੈਂਚਾਂ ਦੇ ਵਿਚਕਾਰ ਬਣੇ ਲੱਕੜੀ ਦੇ ਮੇਜ਼ ’ਤੇ ਉਸ ਨੇ ਆਪਣਾ ਥੈਲਾ ਰੱਖਿਆ ਤੇ ਬੈਂਚ ’ਤੇ ਬੈਠ ਗਿਆ। ਪਾਰਕ ਦੀ ਖੱਬੀ ਬਾਹੀ ’ਤੇ ਸੀਨੀਅਰ ਸਿਟੀਜਨਾਂ ਲਈ ਗਿਆਰਾਂ ਮੰਜ਼ਿਲੇ ਅਪਾਰਟਮੈਂਟ ਬਣੇ ਹੋਏ ਹਨ। ਜਿੱਥੇ ਬਜ਼ੁਰਗ ਜੋੜੇ ਇਕੱਲੇ ਰਹਿੰਦੇ ਹਨ। ਪੈਨਸ਼ਨ ਸਰਕਾਰ ਦਿੰਦੀ ਹੈ, ਬੱਸ ਕਿਰਾਇਆਂ ’ਚ ਵੀ ਛੋਟ ਹੈ ਤੇ ਇਨ੍ਹਾਂ ਦੀ ਸਹੂਲਤ ਲਈ ਇੱਥੇ ਇੱਕ ਮਿੰਨੀ ਲੋਕਲ ਬੱਸ ਆਉਂਦੀ ਹੈ। ਡਾਕਟਰੀ ਸੇਵਾਵਾਂ ਮੁਫ਼ਤ ਹਨ। ਉਹ ਸੋਚਦਾ ਸਾਡੇ ਮੁਲਕ ’ਚ ਤਾਂ ਇਹ ਸੁਪਨਾ ਹੈ, ਪਰ ਇਸ ਮੁਲਕ ’ਚ ਪੱਕੇ ਹੋ ਕੇ ਵੀ ਸਾਡੀ ਦੁਰਦਸ਼ਾ ਕਿਉਂ? ਇਹ ਉਸ ਦੇ ਸਮਝਦੇ ਹੋਏ ਵੀ ਸਮਝੋਂ ਬਾਹਰ ਸੀ। ਅਪਾਰਟਮੈਂਟਾਂ ਨਾਲ ਦੀ ਖਹਿ ਕੇ ਜਾਂਦੀ ਪਗਡੰਡੀ ਉਨ੍ਹਾਂ ਦੇ ਘਰ ਨੂੰ ਜਾਂਦੀ ਹੈ। ਉਸ ਨੇ ਪਗਡੰਡੀ ’ਤੇ ਦੂਰ ਤੱਕ ਝਾਤ ਮਾਰੀ, ਪਰਮਜੀਤ ਕਿਧਰੇ ਨਹੀਂ ਦਿਸ ਰਹੀ, ਕਿਸੇ ਕੰਮ ’ਚ ਉਲਝ ਗਈ ਹੋਵੇਗੀ। ਬੂਟ ਉਤਾਰ ਕੇ ਉਹ ਸਾਹਮਣੇ ਘਾਹ ’ਤੇ ਟਹਿਲਦਾ ਰਿਹਾ। ਕੁਝ ਠੰਢਕ ਮਿਲੀ। ਉਸ ਨੂੰ ਪਤਾ ਸੀ ਇਹ ਠੰਢਕ ਥੋੜ੍ਹ ਚਿਰੀ ਸੀ। ਉਹ ਵਾਪਸ ਬੈਂਚ ’ਤੇ ਆ ਕੇ ਬੈਠ ਗਿਆ। ਢੋਅ ਲਾ ਕੇ ਉਸ ਨੇ ਅੱਖਾਂ ਬੰਦ ਕਰ ਲਈਆਂ। ਬਿੱਕਰ ਸੱਚ ਹੀ ਆਖਦੈ ਕੀ ਖੱਟਿਆ ਅਸੀਂ ਇਸ ਮੁਲਕ ’ਚ ਆ ਕੇ। ਰਾਜੇ ਸੀ ਉੱਥੇ। ਨੌਕਰੀ ਕਰਦੇ ਸੋਚਦੇ ਸਾਂ ਸੇਵਾਮੁਕਤੀ ਤੋਂ ਬਾਅਦ ਐਸ਼ ਕਰਾਂਗੇ। ਕਰ ਲਓ ਐਸ਼ਾਂ। ਨਾ ਜ਼ੋਰਾ ਸਿੰਘ ਜੇਈ ਦੀਆਂ ਗੱਲਾਂ ’ਚ ਆਉਂਦਾ ਨਾ ਇਹ ਦਿਨ ਵੇਖਣੇ ਪੈਂਦੇ। ਪਰ ਨਿਰਾ ਪੁਰਾ ਦੋਸ਼ ਜ਼ੋਰਾ ਸਿੰਘ ਦਾ ਹੀ ਨਹੀਂ ਲਾਲਸਾ ਉਸ ਦੀ ਆਪਣੀ ਵੀ ਸੀ।
ਜ਼ੋਰਾ ਸਿੰਘ ਉਸ ਦਾ ਸੀਨੀਅਰ ਸੀ। ਦੋਹਾਂ ਦੀ ਪੂਰੀ ਸੱਥਰੀ ਪੈਂਦੀ ਸੀ। ਖਾਣ-ਪੀਣ, ਬਹਿਣ ਤੇ ਉੱਠਣ ਸਾਂਝਾ ਸੀ। ਜ਼ੋਰਾ ਸਿੰਘ ਬਾਰੇ ਸੋਚਦਿਆਂ ਬੜਾ ਪਿੱਛੇ ਚਲਾ ਗਿਆ। ਕੈਨੇਡਾ ਜਾਣ ਦਾ ਢੰਗ ਤਰੀਕਾ ਜੋ ਉਸ ਨੇ ਅਪਣਾਇਆ, ਉਹ ਬਸ ਉਹੀ ਕਰ ਸਕਦਾ ਸੀ। ਜ਼ੋਰਾ ਸਿੰਘ ਦੇ ਸਟਾਫ਼ ’ਚ ਬੱਸੀਆਂ ਦਾ ਇੱਕ ਲਾਇਨਮੈਨ ਸੀ ਇਕਬਾਲ ਸਿੰਘ। ਦੋ ਭੈਣਾਂ ਦਾ ਵਿਚਕਾਰਲਾ ਭਰਾ। ਉਸ ਦੀ ਵੱਡੀ ਭੈਣ ਵਿਨੀਪੈੱਗ ਰਹਿੰਦੇ ਮੁੰਡੇ ਨਾਲ ਵਿਆਹੀ ਗਈ ਸੀ। ਫਿਰ ਫੈਮਿਲੀ ਸਪਾਂਸਰਸ਼ਿਪ ਵਿੱਚ ਇਕਬਾਲ ਦੇ ਮਾਂ-ਬਾਪ ਤੇ ਛੋਟੀ ਨਾਬਾਲਗ ਭੈਣ ਵਿਨੀਪੈੱਗ ਪਹੁੰਚ ਗਏ ਸਨ। ਹੁਣ ਉਨ੍ਹਾਂ ਨੂੰ ਛੋਟੀ ਭੈਣ ਲਈ ਰਿਸ਼ਤੇ ਦੀ ਤਲਾਸ਼ ਸੀ। ਇੱਧਰ ਜ਼ੋਰੇ ਦੇ ਛੋਟੇ ਭਰਾ ਨੇ ਇੰਜੀਨੀਅਰਿੰਗ ਦੀ ਡਿਗਰੀ ਪੂਰੀ ਕਰ ਲਈ ਸੀ। ਜ਼ੋਰੇ ਦੀ ਇੱਛਾ ਬਾਹਰਲੀ ਕੁੜੀ ਦੇ ਰਿਸ਼ਤੇ ਦੀ ਸੀ। ਭਾਵੇਂ ਪਹਿਲਾਂ ਕਦੇ ਜ਼ੋਰੇ ਨੇ ਆਪਣੇ ਅੰਦਰ ਵੀ ਕੈਨੇਡਾ ਜਾਣ ਦੀ ਇੱਛਾ ਪਾਲੀ ਹੋਈ ਸੀ, ਪਰ ਗੱਲ ਨਹੀਂ ਸੀ ਬਣੀ। ਇਹ ਗੱਲ ਉਸ ਨੇ ਕਈ ਵਾਰ ਇਕਬਾਲ ਨਾਲ ਸਾਂਝੀ ਵੀ ਕੀਤੀ ਸੀ। ਇਕਬਾਲ ਨੇ ਜ਼ੋਰੇ ਨੂੰ ਸਕੀਮ ਸਮਝਾਈ ਜੋ ਜ਼ੋਰੇ ਦੇ ਦਿਲ ਨੂੰ ਲੱਗ ਗਈ। ਗੱਲਬਾਤ ਤੈਅ ਹੋ ਗਈ। ਸੂਏ ਨਾਲ ਲੱਗਦੇ ਪੰਜ ਕਿੱਲਿਆਂ ਦੇ ਟੱਕ ’ਚੋਂ ਡੇਢ ਕਿੱਲਾ ਇਕਬਾਲ ਦੇ ਨਾਂ ਕਰਨਾ ਮੰਨ ਕੇ ਸਕੀਮ ਦੇ ਪਹਿਲੇ ਪੜਾਅ ਵਿੱਚ ਜ਼ੋਰੇ ਨੇ ਛੋਟੇ ਭਰਾ ਦਾ ਰਿਸ਼ਤਾ ਇਕਬਾਲ ਦੀ ਕਨੈਡਾ ਵਾਲੀ ਛੋਟੀ ਭੈਣ ਨਾਲ ਕਰਵਾ ਦਿੱਤਾ।
ਜ਼ੋਰੇ ਨੇ ਬੇਬੇ ਬਾਪੂ ਤੋਂ ਸਾਰਿਆਂ ਦੇ ਚੰਗੇ ਭਵਿੱਖ ਲਈ ਡੇਢ ਕਿੱਲਾ ਦੇਣ ਦੀ ਗੱਲ ਮੰਨਵਾ ਲਈ, ਪਰ ਪੂਰੀ ਸਕੀਮ ਨੂੰ ਢਿੱਡ ’ਚ ਹੀ ਰੱਖਿਆ। ਆਉਂਦੇ ਸਿਆਲ ’ਚ ਇਕਬਾਲ ਦਾ ਸਾਰਾ ਟੱਬਰ ਇੱਧਰ ਆਇਆ ਤੇ ਕੁੜੀ ਵਿਆਹ ਦਾ ਕਰਕੇ ਚਲਾ ਗਿਆ। ਵਿਆਹ ਦਾ ਖ਼ਰਚਾ ਵੀ ਅੰਦਰ ਖਾਤੇ ਜ਼ੋਰੇ ਨੇ ਹੀ ਕੀਤਾ। ਫਿਰ ਕੁੜੀ ਨੇ ਕੈਨੇਡਾ ਪਹੁੰਚ ਕੇ ਮੁੰਡੇ ਦੇ ਕਾਗਜ਼ ਭੇਜ ਦਿੱਤੇ ਤੇ ਛੇ ਸੱਤ ਮਹੀਨਿਆਂ ’ਚ ਸੁੱਖੀ ਸਾਂਦੀ ਜ਼ੋਰੇ ਦਾ ਭਰਾ ਵਿਨੀਪੈੱਗ ਜਾ ਪਹੁੰਚਿਆ। ਜ਼ੋਰੇ ਦੇ ਪੈਰ ਜ਼ਮੀਨ ’ਤੇ ਨਹੀਂ ਸੀ ਲੱਗਦੇ। ਜ਼ੋਰੇ ਤੇ ਇਕਬਾਲ ਦੀ ਦੋਸਤੀ ਰਿਸ਼ਤੇਦਾਰੀ ’ਚ ਬਦਲ ਗਈ। ਮੁੱਕਦੀ ਗੱਲ ਸਕੀਮ ਦੇ ਦੂਜੇ ਪੜਾਅ ਅਧੀਨ ਦੋ ਸਾਲਾਂ ਬਾਅਦ ਉੱਧਰ ਛੋਟੇ ਭਰਾ ਦਾ ਕਾਗਜ਼ੀ ਤਲਾਕ ਕਰਵਾ ਲਿਆ ਤੇ ਇੱਧਰ ਜ਼ੋਰੇ ਨੇ ਚੁੱਪ ਚੁਪੀਤੇ ਆਪਣੀ ਘਰਵਾਲੀ ਨੂੰ ਤਲਾਕ ਦੇ ਦਿੱਤਾ। ਜ਼ੋਰੇ ਨੇ ਸਾਰੀ ਸਕੀਮ ’ਚ ਆਪਣੀ ਪਤਨੀ ਨੂੰ ਭਰੋਸੇ ਵਿੱਚ ਲੈ ਲਿਆ, ਪਰ ਬੇਬੇ ਬਾਪੂ ਜਾਂ ਹੋਰ ਕਿਸੇ ਨੂੰ ਭਿਣਕ ਨਹੀਂ ਲੱਗਣ ਦਿੱਤੀ। ਉਹਦਾ ਛੋਟਾ ਭਰਾ ਤੇ ਉਸ ਦੀ ਕਾਗਜ਼ੀ ਤਲਾਕਸ਼ੁਦਾ ਪਤਨੀ ਭਾਰਤ ਆਏ ਤਾਂ ਲੁਧਿਆਣਾ ਠਹਿਰੇ। ਇੱਧਰੋਂ ਇਕਬਾਲ ਤੇ ਜ਼ੋਰੇ ਨੇ ਇੱਕ ਮੈਰਿਜ ਪੈਲੇਸ ਵਾਲੇ ਨਾਲ ਗੱਲ ਕਰ ਰੱਖੀ ਸੀ ਜੋ ਇਸ ਤਰ੍ਹਾਂ ਦੇ ਵਿਆਹ ਕਰਵਾ ਦਿੰਦਾ ਸੀ ਤੇ ਮੇਲ ਗੇਲ ਦਾ ਇੰਤਜ਼ਾਮ ਵੀ ਕਰ ਦਿੰਦਾ ਸੀ। ਗੱਲ ਕੀ ਜ਼ੋਰੇ ਦਾ ਛੋਟੀ ਭਰਜਾਈ ਨਾਲ ਨਕਲੀ ਵਿਆਹ ਹੋ ਗਿਆ। ਸਾਰੇ ਕੰਮ ਨਿਪਟਾ ਕੇ ਕੈਨੇਡਾ ਵਾਲੇ ਵਾਪਸ ਚਲੇ ਗਏ।
ਫਿਰ ਕੈਨੇਡਾ ਤੋਂ ਜ਼ੋਰੇ ਦੇ ਕਾਗਜ਼ ਆਏ ਤੇ ਸਕੀਮ ਤਹਿਤ ਜ਼ੋਰਾ ਕੈਨੇਡਾ ਵਿੱਚ ਜਾ ਪਹੁੰਚਿਆ। ਫਿਰ ਜ਼ੋਰਾ ਦੋ ਸਾਲ ਬਾਅਦ ਆਪਣੀ ਅਸਲੀ ਪਤਨੀ ਨਾਲ ਦੁਬਾਰਾ ਵਿਆਹ ਕਰਕੇ ਤੇ ਪੰਜ ਸਾਲ ਦੀ ਬੇਟੀ ਨੂੰ ਲੈ ਕੇ ਕੈਨੇਡਾ ਦਾ ਵਾਸੀ ਬਣ ਗਿਆ। ਪੀਆਰ ਹੋ ਕੇ ਨੌਕਰੀ ਦੁਬਾਰਾ ਜੁਆਇਨ ਕਰ ਲਈ ਤੇ ਵੀਹ ਸਾਲ ਪੂਰੇ ਹੋਣ ’ਤੇ ਰਿਟਾਇਰਮੈਂਟ ਲੈ ਕੇ ਬਣਦੀ ਪੈਨਸ਼ਨ ਵੀ ਲੈ ਲਈ। ਫਿਰ ਦੋਵਾਂ ਭਰਾਵਾਂ ਨੇ ਰਲ ਕੇ ਇੱਕ ਗੈਸ ਸਟੇਸ਼ਨ ਖ਼ਰੀਦ ਲਿਆ। ਸੱਚਮੁੱਚ! ਸਕੀਮੀ ਬੰਦਾ ਐ ਜ਼ੋਰਾ ਸਿੰਘ। ਆਪਣੀ ਆਪਣੀ ਕਿਸਮਤ। ਜੇ ਜ਼ੋਰਾ ਸਕੀਮੀ ਸੀ, ਘੱਟ ਤਾਂ ਉਹ ਆਪ ਵੀ ਨਹੀਂ। ਉਸ ਦੇ ਸਾਲੇ ਤੇ ਸਾਲੇਹਾਰ ਦੀ ਪੁਆਇੰਟ ਸਿਸਟਮ ’ਚ ਕੇਨੈਡਾ ਦੀ ਪੀਆਰ ਆ ਗਈ। ਉਨ੍ਹਾਂ ਦੇ ਵਿਆਹ ਨੂੰ ਤਿੰਨ ਸਾਲ ਹੋ ਗਏ ਸਨ ਪਰ ਉਨ੍ਹਾਂ ਨੇ ਪੀਆਰ ਦੇ ਚੱਕਰ ’ਚ ਬੱਚਾ ਨਹੀਂ ਸੀ ਕੀਤਾ। ਫਿਰ ਉਸ ਨੇ ਆਪਣੀ ਘਰਵਾਲੀ ਨਾਲ ਸਲਾਹ ਕਰਕੇ ਮੁੰਡੇ ਦਾ ਭਵਿੱਖ ਬਣਾਉਣ ਲਈ ਆਪਣੇ ਤੀਜੀ ਜਮਾਤ ’ਚ ਪੜ੍ਹਦੇ ਪੁੱਤਰ ਬਿੱਟੂ ਨੂੰ ਕਾਨੂੰਨੀ ਤਰੀਕੇ ਸਾਲੇਹਾਰ ਦੀ ਗੋਦ ਵਿੱਚ ਪਾ ਦਿੱਤਾ। ਬਿੱਟੂ ਦੇ ਸੁਨਹਿਰੀ ਭਵਿੱਖ ਦੇ ਨਾਲ ਨਾਲ ਪੰਜਵੀਂ ਵਿੱਚ ਪੜ੍ਹਦੀ ਅਵਨੀਤ ਦਾ ਤੇ ਉਹ ਦੋਵੇਂ ਆਪਣਾ ਭਵਿੱਖ ਵੀ ਰੌਸ਼ਨ ਹੁੰਦਾ ਵੇਖ ਰਹੇ ਸਨ। ਉਸ ਨੇ ਹਲਕਾ ਜਿਹਾ ਸਿਰ ਝਟਕਾ ਕੇ ਕੋਈ ਬੋਝ ਲਾਹੁਣ ਦੀ ਅਸਫਲ ਕੋਸ਼ਿਸ਼ ਕੀਤੀ। ਸਾਹਮਣੇ ਤੁਰੀ ਆਉਂਦੀ ਪਰਮਜੀਤ ਨੂੰ ਵੇਖ ਕੇ ਉਹ ਉੱਠ ਖੜੋਤਾ।
‘‘ਕੀ ਗੱਲ ਬਾਹਲੀ ਦੇਰ ਕਰਤੀ, ਉਸ ਨੇ ਨੇੜੇ ਪਹੁੰਚੀ ਪਰਮਜੀਤ ਨੂੰ ਪੁੱਛਿਆ।’’ ਮਾਂ-ਧੀ ਸ਼ਾਪਿੰਗ ’ਤੇ ਗਈਆਂ ਨਹੀਂ ਮੁੜੀਆਂ, ਪਹਿਲਾਂ ਭਾਂਡਿਆਂ ਦਾ ਢੇਰ ਮਾਂਜਿਆ ਐਨੇ ਨੂੰ ਮੇਮ ਸਾਹਬ ਦਾ ਫੋਨ ਆ ਗਿਆ, ਮੰਮੀ ਜੀ ਦਾਲ ਚਾੜ੍ਹ ਲਿਆ ਜੇ, ਸਾਨੂੰ ਥੋੜ੍ਹੀ ਦੇਰ ਹੋਜੂਗੀ। ਹੁਣ ਬਿੱਟੂ ਘਰ ਆਇਆ ਤਾਂ ਮੈਂ ਨਿਕਲੀ ਹਾਂ ਘਰੋਂ।’’ ਪਰਮਜੀਤ ਦੇ ਅੰਦਰਲਾ ਦਰਦ ਮੈਂ ਸਮਝ ਸਕਦਾ ਸਾਂ। ਖ਼ੁਸ਼ ਤਾਂ ਪਰਮਜੀਤ ਖ਼ੁਦ ਵੀ ਬਹੁਤ ਸੀ ਉਦੋਂ ਬਿੱਟੂ ਨੂੰ ਆਪਣੇ ਭਰਾ ਭਰਜਾਈ ਦੀ ਗੋਦ ਵਿੱਚ ਪਾ ਕੇ। ਉਹ ਕੋਈ ਬਿਗਾਨੇ ਥੋੜ੍ਹੀ ਐ, ਪਰ ਅੱਗੇ ਵਾਲੇ ਬਖੇੜਿਆਂ ਬਾਰੇ ਤਾਂ ਉਨ੍ਹਾਂ ਨੇ ਸੋਚਿਆ ਹੀ ਨਹੀਂ ਸੀ। ਕਾਨੂੰਨਨ ਤਾਂ ਬਿੱਟੂ ਹੁਣ ਆਪਣੇ ਮਾਮੇ ਦਾ ਬੇਟਾ ਬਣ ਗਿਆ ਯਾਨੀ ਅਸਲੀ ਮਾਂ-ਬਾਪ ਦਾ ਅਧਿਕਾਰ ਖ਼ਤਮ। ਉਸ ਨੂੰ ਸਮਝ ਆਈ ਕਿ ਬਿੱਟੂ ਤਾਂ ਉਨ੍ਹਾਂ ਨੂੰ ਬੁਲਾ ਨਹੀਂ ਸਕਦਾ। ਚਲੋ ਦੇਖੀ ਜਾਏਗੀ। ਦਿਨ ਨਿਕਲਦੇ ਗਏ। ਫਿਰ ਉਸ ਨੇ ਅਵਨੀਤ ਲਈ ਕੈਨੇਡਾ ਤੋਂ ਰਿਸ਼ਤੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਅਵਨੀਤ ਬੀਏ ਫਾਈਨਲ ’ਚ ਸੀ। ਜਦੋਂ ਮਾਮੇ ਨੇ ਮੱਦੋ ਕਿਆਂ ਵਾਲੀ ਪਾਰਟੀ ਟਕਰਾਈ। ਪੰਦਰਾਂ ਲੱਖ ਨਕਦ ਬਾਕੀ ਖ਼ਰਚੇ ਅਲੱਗ, ਸੌਦਾ ਹੋ ਗਿਆ। ਕਾਲਜੇ ’ਚ ਟੀਸ ਉੱਠੀ ਸੀ ਜਦੋਂ ਸਾਲਾਂ ਦੀ ਕਮਾਈ ਪ੍ਰੋਵੀਡੈਂਟ ਫੰਡ ਦਾ ਦੋ ਤਿਹਾਈ ਹਿੱਸਾ ਤੇ ਡੇਢ ਕਿੱਲਾ ਪੈਲੀ ਦੇ ਮੁੱਲ ’ਚ ਅਵਨੀਤ ਕੈਨੇਡਾ ਪਹੁੰਚ ਗਈ। ਕੌੜਾ ਘੁੱਟ ਇਹ ਸੋਚ ਕੇ ਭਰ ਲਿਆ ਕਿ ਸਾਰਾ ਕੁਝ ਬੱਚਿਆਂ ਦਾ ਹੀ ਤਾਂ ਹੈ। ਫਿਰ ਉਹ ‘ਭਾਗਾਂ ਵਾਲਾ’ ਦਿਨ ਆ ਗਿਆ ਜਦੋਂ ਅਵਨੀਤ ਵੱਲੋਂ ਭੇਜੇ ਪੱਕੇ ਕਾਗਜ਼ ਉਨ੍ਹਾਂ ਦੇ ਸੁਪਨਿਆਂ ਦੇ ਦੇਸ਼ ਪਹੁੰਚਣ ਦਾ ਸਬੱਬ ਬਣ ਗਏ।
ਪਰਮਜੀਤ ਨੇ ਉਸ ਨੂੰ ਹਲੂਣਿਆ, ‘‘ਬਿੱਟੂ ਦੇ ਡੈਡੀ ਕਿੱਥੇ ਗੁਆਚੇ ਹੋ?’’ ‘‘ਗੁਆਚਿਆਂ ਦਾ ਕੀ ਗੁਆਚਣਾ ਭਾਗਵਾਨੇ, ਕਲਬੂਤ ’ਚ ਖੰਡਿਤ ਰੂਹ ਨੂੰ ਘੜੀਸਦੇ ਫਿਰਦੇ ਆਂ।’’ ਉਸ ਨੇ ਪਰਮਜੀਤ ਵੱਲ ਤਰਸਮਈ ਝਾਤ ਮਾਰੀ। ਲੋਹੜੇ ਦਾ ਨੂਰ ਸੀ ਕਦੇ ਪਰਮਜੀਤ ਦੇ ਚਿਹਰੇ ’ਤੇ, ਹੁਣ ਕਿਵੇਂ ਜਾਭਾਂ ਹੀ ਅੰਦਰ ਵੜੀਆਂ ਪਈਆਂ। ਉਸ ਨੇ ਆਪਣੇ-ਆਪ ਨੂੰ ਹੀ ਕੋਸਿਆ।
‘‘ਚਲੋ ਉੱਠੋ ਚੱਲੀਏ ਘਰ ਨੂੰ।’’ ਪਰਮਜੀਤ ਨੇ ਉਸ ਦਾ ਥੈਲਾ ਚੁੱਕ ਲਿਆ। ਉਹ ਬੋਝਲ ਕਦਮੀਂ ਘਰ ਨੂੰ ਤੁਰ ਪਏ। ‘‘ਪਰਮ ਕਦੇ ਸੋਚਿਆ ਸੀ ਇਸ ਮੁਲਕ ਦੀ ਠਾਰੀ ਸਾਡੇ ਹੱਡਾਂ ਦਾ ਖਉ ਬਣ ਕੇ ਰਹਿ ਜਾਊ।’’ ਪਰਮਜੀਤ ਬਿਨਾਂ ਉਹਦੇ ਵੱਲ ਵੇਖੇ ਬੋਲੀ, ‘‘ਛੱਡੋ ਜੀ ਬਹੁਤੀ ਲੰਘ ਗਈ, ਥੋੜ੍ਹੀ ਰਹਿ ਗਈ।’’ ਪਰਮਜੀਤ ਨੂੰ ਇਹ ਕਹਿ ਕੇ ਕਿ ਉਸ ਲਈ ਦੋ ਫੁਲਕੇ ਉੱਥੇ ਹੀ ਲੈ ਆਵੇ, ਉਹ ਸਿੱਧਾ ਬੇਸਮੈਂਟ ’ਚ ਹੀ ਚਲਾ ਗਿਆ। ਕੱਪੜੇ ਬਦਲ ਕੇ ਉਹ ਸੌਣ ਕਮਰੇ ’ਚ ਜਾ ਲੰਮਾ ਪਿਆ। ਉੱਪਰੋਂ ਉੱਚੀ ਉੱਚੀ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਬਿੱਟੂ ਦੀ ਆਵਾਜ਼ ਸੀ। ਗਲਾਸੀ ਸਾਂਝੀ ਕਰਦਾ ਹੋਊ ਸਾਲੇ ਤੇ ਸਹੁਰੇ ਨਾਲ। ਹੁਣ ਬਿੱਟੂ ਦਾ ਪਰਿਵਾਰ ਤਾਂ ਸਹੁਰਿਆਂ ਤੱਕ ਹੀ ਸੀਮਤ ਰਹਿ ਗਿਆ। ਉਸ ਨੇ ਫਿਰ ਪਿੱਛੇ ਮੁੜ ਕੇ ਵੇਖਿਆ, ਉਸ ਨੇ ਔਲਾਦ ਦੀ ਬਿਹਤਰੀ ਲਈ ਕੀ ਨਹੀਂ ਸੀ ਕੀਤਾ।
ਉਸ ਨੂੰ ਯਾਦ ਆਇਆ ਜਦੋਂ ਆਪਣੇ ਮਾਮੇ-ਮਾਮੀ ਨਾਲ ਬਿੱਟੂ ਇੰਡੀਆ ਆਉਂਦਾ ਸੀ ਤਾਂ ਬਹੁਤ ਮੋਹ ਕਰਦਾ ਸੀ ਤੇ ਜ਼ਿੱਦ ਕਰਦਾ ਆਪਣੇ ਨਾਲ ਲਿਜਾਣ ਦੀ। ਫਿਰ ਵੱਡੇ ਸਕੂਲ ਚਲਾ ਗਿਆ। ਪਰਮਜੀਤ ਦੇ ਭਰਾ-ਭਰਜਾਈ ਵੀ ਆਪਣੀ ਕਬੀਲਦਾਰੀ ’ਚ ਮਸ਼ਰੂਫ ਹੋ ਗਏ। ਬਿੱਟੂ ਨਾਲ ਫੋਨ ’ਤੇ ਗੱਲ ਹੁੰਦੀ ਤਾਂ ਉਹ ਛੇਤੀ ਗੱਲ ਮੁਕਾਉਣ ਦੀ ਕਰਦਾ। ਪਰਮਜੀਤ ਸੋਚਾਂ ’ਚ ਪੈ ਜਾਂਦੀ। ਭਰਾ ਨਾਲ ਗੱਲ ਕਰਦੀ ਤਾਂ ਧਰਵਾਸ ਦਿਵਾਉਂਦਾ ਕਿ ਮੁੰਡਾ ਪੜ੍ਹਦਾ ਹੈ ਨਾਲੇ ਕੰਮ ’ਤੇ ਜਾਂਦੈ, ਤੁਸੀਂ ਆ ਜਾਓਗੇ ਤਾਂ ਸਭ ਠੀਕ ਹੋ ਜਾਊ। ਉਹ ਦਿਨ ਵੀ ਆ ਗਏ। ਪੀਆਰ ਭਾਵੇਂ ਮਈ ਦੇ ਪਹਿਲੇ ਹਫ਼ਤੇ ਆ ਗਈ ਸੀ ਪਰ ਅਵਨੀਤ ਨੇ ਪ੍ਰਾਹੁਣੇ ਦੇ ਕਹਿਣ ’ਤੇ ਉਨ੍ਹਾਂ ਨੂੰ ਅਕਤੂਬਰ ਵਿੱਚ ਬੁਲਾਇਆ ਕਿਉਂਕਿ ਅਵਨੀਤ ਦੇ ਸੱਸ-ਸਹੁਰਾ ਆਏ ਹੋਏ ਸਨ। ਉਨ੍ਹਾਂ ਦੀ ਥਾਂ ਪੂਰਤੀ ਲਈ ਅਵਨੀਤ ਨੇ ਮਾਂ-ਬਾਪ ਨੂੰ ਦੋਹਤੀ ਨੂੰ ਸੰਭਾਲਣ ਲਈ ਬਲਾਉਣਾ ਸੀ। ਬਿੱਟੂ ਕੋਲ ਉਹ ਫਿਰ ਵੀ ਨਾ ਰਹਿ ਸਕੇ। ਐਡਮਿੰਟਨ ਤੋਂ ਵਿਨੀਪੈੱਗ ਦੀ ਦੂਰੀ ਵੀ ਜ਼ਿਆਦਾ ਸੀ। ਆਉਂਦੇ ਅਪਰੈਲ ਤੱਕ ਉਹ ਐਡਮਿੰਟਨ ਹੀ ਰਹੇ, ਫਿਰ ਕੁੜਮ-ਕੁੜਮਣੀ ਦੇ ਆਉਣ ’ਤੇ ਉਹ ਵਿਹਲੇ ਹੋ ਗਏ ਤੇ ਵਿਨੀਪੈੱਗ ਚਲੇ ਗਏ। ਪਰਮਜੀਤ ਦੇ ਭਰਾ-ਭਰਜਾਈ ਘਰ ਉਨ੍ਹਾਂ ਦਾ ਵਾਹਵਾ ਜੀ ਲੱਗ ਗਿਆ। ਫਿਰ ਬਿੱਟੂ ਦੀ ਜੌਬ ਕੈਲਗਿਰੀ ਕਿਸੇ ਮਲਟੀਨੈਸ਼ਨਲ ਕੰਪਨੀ ਵਿੱਚ ਲੱਗ ਗਈ ਤੇ ਉਸ ਦਾ ਬਹੁਤਾ ਕੰਮ ਵਰਕ ਫਰਾਮ ਹੋਮ ਸੀ। ਇਹ ਫ਼ੈਸਲਾ ਲਿਆ ਕਿ ਰਿਹਾਇਸ਼ ਐਡਮਿੰਟਨ ਰੱਖੀ ਜਾਵੇ। ਕੈਲਗਰੀ ਮਹੀਨੇ ’ਚ ਦੋ ਦਿਨ ਜਾਂਦਾ ਬਿੱਟੂ ਹੋਟਲ ’ਚ ਠਹਿਰ ਜਾਂਦਾ। ਵਧੀਆ ਸਮਾਂ ਪਾਸ ਹੁੰਦਾ ਸੀ।
ਫਿਰ ਬਿੱਟੂ ਦੀ ਸਹਿਕਰਮੀ ਕੁੜੀ ਨਾਲ ਚੰਗੀ ਸਾਂਝ ਬਣ ਜਾਣ ਕਾਰਨ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਲੈ ਲਿਆ। ਕੁੜੀ ਦੇ ਮਾਪੇ ਫਗਵਾੜੇ ਦੇ ਨੇੜੇ ਕਿਸੇ ਪਿੰਡ ਦੇ ਰਹਿਣ ਵਾਲੇ ਸਨ। ਉਹ ਇੱਥੇ ਪੱਕੇ ਸਨ ਤੇ ਅੱਜਕੱਲ੍ਹ ਇੰਡੀਆ ਗਏ ਹੋਏ ਸਨ। ਵਿਆਹ ਉਨ੍ਹਾਂ ਦੇ ਆਉਣ ’ਤੇ ਹੋਣਾ ਸੀ, ਪਰ ਬਿੱਟੂ ਕਹਿਣ ਲੱਗਾ ਪਹਿਲਾਂ ਘਰ ਲੈਣਾ ਹੈ। ਬੱਧੋ-ਚਿੱਤੀ ਉਸ ਨੂੰ ਤੇ ਪਰਮਜੀਤ ਨੂੰ ਇੰਡੀਆ ਮੁੜਨਾ ਪਿਆ। ਚੰਗੇ ਭਾਗਾਂ ਨੂੰ ਗਾਹਕ ਲੱਗ ਗਿਆ ਤੇ ਰਹਿੰਦੀ ਦੋ ਕਿੱਲੇ ਵੀ ਲੇਖੇ ਲਾ ਦਿੱਤੀ। ਇੱਧਰੋਂ ਉੱਧਰੋਂ ਕਰ ਕਰਾ ਕੇ ਤਿੰਨ ਕਮਰਿਆਂ ਵਾਲੇ ਡਿਟੈਚਡ ਘਰ ਦੀ ਡਾਊਨ ਪੇਮੈਂਟ ਕਰ ਦਿੱਤੀ। ਸਾਰਾ ਟੱਬਰ ਖ਼ੁਸ਼ ਸੀ ਚਲੋ ਜ਼ਮੀਨ ਵੇਚ ਕੇ ਜਾਇਦਾਦ ਹੀ ਬਣਾਈ ਹੈ। ਸੰਘਾ ਪਰਿਵਾਰ ਵੀ ਫਗਵਾੜੇ ਤੋਂ ਮੁੜ ਆਇਆ। ਗੁਰਦੁਆਰੇ ਆਨੰਦ ਕਾਰਜ ਕਰਕੇ ਲਹੌਰੀਆਂ ਦੇ ਸ਼ਮੀਮ ਬੈਂਕੁਇਟ ਹਾਲ ਵਿੱਚ ਬਿੱਟੂ ਨੇ ਪਾਰਟੀ ਦਾ ਇੰਤਜ਼ਾਮ ਕਰ ਲਿਆ ਸੀ। ਉਸ ਨੂੰ ਲੱਗਦਾ ਸੀ ਕਿ ਹੁਣ ਜ਼ਿੰਦਗੀ ਰਾਹ ਪੈ ਗਈ ਹੈ ਪਰ ਨਹੀਂ ਬਿੱਜ ਤਾਂ ਉਦੋਂ ਆਣ ਪਈ ਜਦੋਂ ਬਿੱਟੂ ਦੇ ਸਾਲੇ ਨੂੰ ਕੇਐੱਫਸੀ ਦੀ ਫਰੈਂਚਾਈਜ਼ ਐਡਮਿੰਟਨ ਵਿਖੇ ਹੀ ਮਿਲ ਗਈ ਤੇ ਕੈਲਗਰੀ ਤੋਂ ਉਹ ਆਪਣੇ ਮਾਪਿਆਂ ਨਾਲ ਐਡਮਿੰਟਨ ਆ ਪੁੱਜੇ। ਚੁਸਤ ਨੂੰਹ ਰਾਣੀ ਨੇ ਬਿੱਟੂ ਦੇ ਖਾਨੇ ਪਾ ਦਿੱਤੀ ਕਿ ਮੰਮੀ-ਪਾਪਾ ਹੁਰੀਂ ਹਾਲੇ ਕਿਰਾਏ ’ਤੇ ਨਾ ਜਾਣ, ਘਰ ਖੁੱਲ੍ਹਾ ਐ ਆਪਣਾ, ਸੁੱਖ ਨਾਲ ਬੇਸਮੈਂਟ ਵੀ ਹੈ। ਫਿਰ ਘਰ ਵਿੱਚ ਪੂਰਾ ਰੌਣਕ ਮੇਲਾ ਲੱਗ ਗਿਆ। ਬਿੱਟੂ ਦਾ ਸਾਲਾ ਤੇ ਸਹੁਰਾ ਤਾਂ ਪੂਰੇ ਕੈਨੇਡੀਅਨ ਸਨ। ਇਕੱਠੇ ਬਹਿ ਕੇ ਪੈੱਗ ਸਾਂਝਾ ਕਰ ਲੈਂਦੇ। ਬਿੱਟੂ ਦੀ ਝਿਜਕ ਵੀ ਦੂਰ ਹੋ ਗਈ। ਹੋਰ ਨਹੀਂ ਸ਼ਨਿਚਰਵਾਰ ਦੀ ਰਾਤ ਨੂੰ ਤਾਂ ਮਹਿਫਲ ਲੱਗਦੀ ਹੀ ਸੀ। ਹਫ਼ਤੇ ਵਿੱਚੋਂ ਜੇ ਵਿਹਲ ਮਿਲ ਜਾਂਦੀ ਤਾਂ ਕੁੱਕੜ ਭੁੰਨ ਲੈਂਦੇ। ਉਹਨੇ ਆਪ ਤਾਂ ਕਈ ਸਾਲ ਪਹਿਲਾਂ ਜਦੋਂ ਬਲੱਡ ਪ੍ਰੈੱਸ਼ਰ ਵਧਣ ਲੱਗਿਆ ਸੀ, ਦਾਰੂ ਛੱਡ ਦਿੱਤੀ ਸੀ। ਪਰਮਜੀਤ ਖ਼ੁਦ ਅੰਡਾ ਮੀਟ ਦੀ ਪਰਹੇਜ਼ੀ ਸੀ। ਉਂਝ ਉਸ ਨੂੰ ਨਫ਼ਰਤ ਨਹੀਂ ਸੀ। ਕੋਲ ਬੈਠਾ ਕੋਈ ਖਾਈ ਪੀ ਜਾਵੇ, ਉਸ ਨੂੰ ਕੋਈ ਫ਼ਰਕ ਨਹੀਂ ਸੀ ਪੈਂਦਾ। ਇਸ ਲਈ ਘਰੇ ਮੀਟ ਮੁਰਗਾ ਬਣਦਾ ਨਹੀਂ ਸੀ। ਮਨ ਕਰਨ ’ਤੇ ਬਾਹਰੋਂ ਹੀ ਲੈ ਆਉਂਦੇ, ਪਰ ਨੂੰਹ ਰਾਣੀ ਦੇ ਆਉਣ ’ਤੇ ਹਫ਼ਤੇ ’ਚ ਤਿੰਨ ਦਿਨ ਤਾਂ ਘਰ ’ਚ ਬਣ ਹੀ ਜਾਂਦਾ। ਵੈਸੇ ਕਹਿਣ ਨੂੰ ਮੰਗਲਵਾਰ ਤੇ ਵੀਰਵਾਰ ਨੂੰ ਨਾਗਾ ਰੱਖ ਲੈਂਦੇ। ਪਰਮਜੀਤ ਨੂੰ ਔਖਾ ਹੋ ਜਾਂਦਾ। ਆਪਣੀ ਅਲੱਗ ਦਾਲ ਸਬਜ਼ੀ ਬਣਾਉਂਦੀ। ਬਿੱਟੂ ਦੀ ਵਹੁਟੀ ਦੇ ਦਿਨ ਟੱਪ ਗਏ ਸਨ। ਘਰੇ ਖ਼ੁਸ਼ੀ ਦਾ ਮਾਹੌਲ ਸੀ। ਵਹੁਟੀ ਨੂੰ ਡਾਕਟਰ ਨੇ ਪੂਰਾ ਆਰਾਮ ਦੱਸਿਆ ਸੀ। ਉਹ ਸਾਰਾ ਦਿਨ ਬੈੱਡ ’ਤੇ ਲੰਮੀ ਪਈ ਰਹਿੰਦੀ। ਸਿਰ ਦੁਖਣ ਦੇ ਬਹਾਨੇ ਨਾਲ ਮਾਂ ਨੂੰ ਵੀ ਕੋਲ ਬਿਠਾ ਰੱਖਦੀ। ਸਾਰੇ ਘਰ ਦੇ ਕੰਮ ਦਾ ਬੋਝ ਪਰਮਜੀਤ ’ਤੇ ਆ ਗਿਆ। ਛੇ ਜੀਆਂ ਦੇ ਟੱਬਰ ਦਾ ਖਾਣਾ ਤੇ ਹੋਰ ਉਤਲੇ ਕੰਮ। ਕਈ ਵਾਰ ਉੱਪਰੋਂ ਹੀ ਆਵਾਜ਼ ਆ ਜਾਂਦੀ, ‘‘ਭੈਣ ਜੀ ਅਮਨਦੀਪ ਵਾਸਤੇ ਦੋ ਚਮਚੇ ਦਲੀਏ ਦੇ ਹੀ ਬਣਾ ਦਿਓ।’’
ਪਰਮਜੀਤ ਵਿਚਾਰੀ ਅੱਗੋਂ ਇਹ ਨਾ ਉਭਾਸਰਦੀ ਕਿ ਅਮਨਦੀਪ ਉਹਦੀ ਵੀ ਤਾਂ ਕੁੱਝ ਲੱਗਦੀ ਹੈ, ਆਪ ਆ ਕੇ ਕੋਈ ਡੱਕਾ ਤੋੜ ਲਏ। ਹਾਂ ਜਦੋਂ ਬਿੱਟੂ ਘਰ ਹੋਵੇ ਉਦੋਂ ਰਸੋਈ ’ਚ ਹੀ ਵੜੀ ਰਹੂ, ਪਰ ਕਰਨਾ ਕੁਝ ਨਹੀਂ। ਪਰਮਜੀਤ ਚੁੱਪ ਸੀ ਬੱਸ ਮੁੰਡੇ ਕਰਕੇ ਕਿ ਪੁੱਤ ਕੀ ਕਹੂ। ਆਥਣੇ ਥੱਕ ਟੁੱਟ ਕੇ ਬੈੱਡ ’ਤੇ ਡਿੱਗਦੀ। ਚਲੋ ਰੱਬ ਨੇ ਸੁਣ ਲਈ ਪੂਰੇ ਟਾਈਮ ’ਤੇ ਅਮਨਦੀਪ ਨੇ ਬੇਟੇ ਨੂੰ ਜਨਮ ਦਿੱਤਾ। ਸਾਰਾ ਟੱਬਰ ਫੁੱਲਿਆ ਨਹੀਂ ਸੀ ਸਮਾ ਰਿਹਾ। ਜਿੱਥੇ ਉਹ ਤੇ ਪਰਮਜੀਤ ਖ਼ੁਸ਼ ਸਨ, ਪੀੜ੍ਹੀ ਦੀ ਲੜੀ ਅੱਗੇ ਤੁਰੀ ਹੈ ਉੱਥੇ ਉਨ੍ਹਾਂ ਨੂੰ ਇਹ ਗੱਲ ਬੜੀ ਤਕਲੀਫ਼ ਦਿੰਦੀ ਜਦੋਂ ਅਮਨਦੀਪ ਵਾਰ ਵਾਰ ਆਪਣੀ ਮਾਂ ਦੇ ਸੋਹਲੇ ਗਾਉਂਦੀ, ‘‘ਮੰਮੀ ਨੇ ਤਾਂ ਮੈਨੂੰ ਪੈਰ ਭੁੰਜੇ ਨਹੀਂ ਲਾਹੁਣ ਦਿੱਤਾ, ਮੰਗਣ ਤੋਂ ਪਹਿਲਾਂ ਹਰ ਚੀਜ਼ ਹਾਜ਼ਰ ਹੋ ਜਾਂਦੀ।’’ ਉਦੋਂ ਪਰਮਜੀਤ ਇੱਕ ਚੀਸ ਵੱਟ ਕੇ ਰਹਿ ਜਾਂਦੀ।
ਸਤੰਬਰ ਦਾ ਪਹਿਲਾ ਹਫ਼ਤਾ ਸੀ। ਅਵਨੀਤ ਤੇ ਪ੍ਰਾਹੁਣਾ ਆਏ ਹੋਏ ਸਨ। ਮਿਲਣ ਤਾਂ ਕਾਹਦਾ, ਕਹਿਣ ਲੱਗੇ ਮੰਮੀ ਪਾਪਾ ਨੇ ਇੰਡੀਆ ਜਾਣੈ, ਤੁਸੀਂ ਸਾਡੇ ਵੱਲ ਚਲੋ। ਪਾਪਾ ਨੇ ਦੰਦ ਨਵੇਂ ਲਵਾਉਣੇ ਹਨ। ਉਹ ਦੰਦਾ ਤੋਂ ਬਹੁਤ ਦੁਖੀ ਹਨ। ਉਹ ਸਮਝ ਗਏ ਦੰਦਾਂ ਦਾ ਤਾਂ ਬਹਾਨਾ ਹੈ ਸਰਦੀਆਂ ’ਚ ਉਹ ਹਰ ਵਾਰ ਇੰਡੀਆ ਜਾਂਦੇ ਹੀ ਹਨ। ਅਪਰੈਲ ਦੇ ਅਖੀਰ ’ਚ ਫਿਰ ਆ ਜਾਣਗੇ। ਕੀ ਜ਼ਿੰਦਗੀ ਐ ਸਾਡੀ? ਉਹ ਬੈੱਡ ’ਤੇ ਲੇਟਿਆ ਸੋਚ ਰਿਹਾ ਸੀ। ਛੇ ਮਹੀਨੇ ਕੁੜੀ ਦੇ ਨਿਆਣੇ ਸਾਂਭੋ, ਫਿਰ ਛੇ ਮਹੀਨੇ ਮੁੰਡੇ ਦੇ ਤੇ ਉਸ ਦੇ ਸਹੁਰਿਆਂ ਦਾ ਗੋਲਪੁਣਾ। ਬਿੱਟੂ ਨੇ ਕਦੇ ਨਹੀਂ ਸੋਚਿਆ ਕਿ ਉਸ ਦੇ ਮਾਂ-ਬਾਪ ਦੀ ਕੋਈ ਅਹਿਮੀਅਤ ਹੈ ਵੀ ਕਿ ਨਹੀਂ। ਕਦੇ ਕਦੇ ਤਾਂ ਉਹ ਅੱਕ ਜਾਂਦਾ ਇਸ ਉਧਾਰੀ ਜ਼ਿੰਦਗੀ ਤੋਂ। ਉਹ ਸੋਚਦਾ ਜਿਵੇਂ ਉਹ ਤਾਂ ਕੰਧ ’ਚ ਉੱਗੇ ਦਰੱਖਤ ਹਨ ਜਿਨ੍ਹਾਂ ਦੀਆਂ ਜੜਾਂ ਹੀ ਧਰਤੀ ’ਤੇ ਨਹੀਂ। ਉਸ ਨੂੰ ਪਤਾ ਹੀ ਨਹੀਂ ਲੱਗਿਆ ਫੋਨ ਦੀ ਬੈੱਲ ਵੱਜ ਰਹੀ ਸੀ। ਪਰਮਜੀਤ ਨੇ ਆ ਕੇ ਫੋਨ ਫੜਾਇਆ। ਲੁਧਿਆਣੇ ਤੋਂ ਦਵਿੰਦਰ ਸੁਪਰਡੈਂਟ ਦਾ ਫੋਨ ਸੀ। ਉਹ ਮਹੀਨੇ ਦੋ ਮਹੀਨਿਆਂ ਬਾਅਦ ਹਾਲ ਚਾਲ ਪੁੱਛ ਦੱਸ ਲੈਂਦਾ ਸੀ। ਦਵਿੰਦਰ ਨੇ ਦੱਸਿਆ ਸੀ ਕਿ ਖੰਨਾ ਜੇਈ ਢਿੱਲਾ ਮੱਠਾ ਚੱਲ ਰਿਹੈ, ਉਹ ਯਾਦ ਕਰਦਾ ਸੀ। ਯਾਰਾਂ ਦਾ ਯਾਰ ਐ ਤਜਿੰਦਰ ਖੰਨਾ। ਸੁਪਰਡੈਂਟ ਦਵਿੰਦਰ, ਖੰਨਾ ਜੇਈ ਤੇ ਉਹ, ਤਿੱਕੜੀ ਆਪਸ ਵਿੱਚ ਪੂਰੀ ਰਚਦੀ ਮਿਚਦੀ।
ਉਹਨੂੰ ਯਾਦ ਹੈ ਖੰਨੇ ਨਾਲ ਵੀ ਜੱਗੋਂ ਤੇਰਵੀਂ ਹੋਈ ਸੀ। ਬੜਾ ਕਹਿਰ ਵਰਤਾਇਆ ਸੀ ਰੱਬ ਨੇ। ’ਕੱਲਾ ’ਕੱਲਾ ਮੁੰਡਾ ਜੰਮੂ ਬੀਡੀਐੱਸ ਕਰਦਾ ਸੀ। ਕਿਤੇ ਕਾਰ ਐਕਸੀਡੈਂਟ ’ਚ ਜਾਨ ਗੁਆ ਗਿਆ। ਬਹੁਤ ਜ਼ੁਲਮ ਹੋਇਆ ਵਿਚਾਰੇ ਨਾਲ। ਪਿਛਲੇ ਤੋਂ ਪਿਛਲੇ ਸਾਲ ਜਦੋਂ ਉਹ ਇੰਡੀਆ ਗਏ ਤਾਂ ਪਤਾ ਲੱਗਿਆ ਕਿ ਖੰਨੇ ਨੇ ਆਪਣਾ ਮਕਾਨ ਵੇਚ ਦਿੱਤਾ। ਉਹ ਦੋਵੇਂ ਜੀਅ ਦੋਰਾਹੇ ਸੀਨੀਅਰ ਸਿਟੀਜਨ ਹੋਮ ’ਚ ਚਲੇ ਗਏ ਸਨ। ਦਵਿੰਦਰ ਨੂੰ ਨਾਲ ਲੈ ਕੇ ਉਹ ਉਸ ਨੂੰ ਦੋਰਾਹੇ ਮਿਲਣ ਗਏ। ਕੋਈ ਸੱਤਰ ਹਜ਼ਾਰ ਵਰਗ ਗਜ਼ ਦੇ ਲਗਭਗ ਜ਼ਮੀਨ ’ਤੇ ਇਹ ਵਿਸ਼ਾਲ ਇਮਾਰਤ ਬਣੀ ਸੀ। ਸੱਠ ਸਾਲ ਤੋਂ ਉੱਪਰ ਦੇ ਬਜ਼ੁਰਗਾਂ ਵਾਸਤੇ ਕਿਸੇ ਸਵਰਗ ਤੋਂ ਘੱਟ ਨਹੀਂ। ਚੰਗਾ ਪੌਸ਼ਟਿਕ ਭੋਜਨ ਤੇ ਹਰ ਤਰ੍ਹਾਂ ਦੀ ਸਹੂਲਤ। ਉਹ ਵੀ ਬਿਲਕੁਲ ਵਾਜਬ ਮਹੀਨੇਵਾਰ ਖ਼ਰਚੇ ਵਿੱਚ। ਤਜਿੰਦਰ ਖੰਨਾ ਤੇ ਉਸ ਦੀ ਪਤਨੀ ਨੇ ਇੱਥੇ ਰਹਿ ਕੇ ਆਪਣੇ ਆਪ ਨੂੰ ਸੰਭਾਲ ਲਿਆ ਸੀ। ਉਹ ਉੱਥੇ ਕਾਫ਼ੀ ਦੇਰ ਬੈਠੇ ਰਹੇ ਸਨ। ਖੰਨੇ ਨੂੰ ਇੱਕ ਕਮਰਾ ਮਿਲਿਆ ਹੋਇਆ ਸੀ। ਸਾਰੇ ਬਜ਼ੁਰਗ ਇੱਕ ਦੂਜੇ ਨਾਲ ਪਰਿਵਾਰ ਵਾਂਗ ਵਿਚਰਦੇ ਸਨ। ਉਸ ਨੂੰ ਚੰਗਾ ਲੱਗਿਆ ਸੀ। ਉੱਥੇ ਦੋ ਘੰਟੇ ਬੈਠ ਕੇ ਇੱਕ ਸਕੂਨ ਮਿਲਿਆ ਸੀ। ਵਾਪਸ ਐਡਮਿੰਟਨ ਆ ਕੇ ਉਸ ਨੇ ਬਿੱਕਰ ਤੇ ਸ਼ਾਮ ਲਾਲ ਨੂੰ ਇਸ ਬਾਰੇ ਦੱਸਿਆ ਸੀ। ਸ਼ਾਮ ਲਾਲ ਕਹਿੰਦਾ ਯਾਰ, ਮੇਰਾ ਇੰਤਜ਼ਾਮ ਕਰਵਾ ਦੇ ਉੱਥੇ। ਬਿੱਕਰ ਨੇ ਮਿੱਠੀ ਜਿਹੀ ਝਿੜਕ ਮਾਰੀ, ‘‘ਕਿਉਂ ਪੰਡਤਾ ਕਮਲੀਆਂ ਗੱਲਾਂ ਕਰਦੈਂ, ਸਾਡਾ ਕਿਵੇਂ ਜੀਅ ਲੱਗੂ ਤੇਰੇ ਬਿਨਾਂ। ਇੱਥੇ ਆਵਦਿਆਂ ’ਚ ਤਾਂ ਬੈਠੈਂ। ਆਪਣਾ ਮਾਰੂ ਛਾਵੇਂ ਤਾਂ ਸਿੱਟੂ।’’ ਸ਼ਾਮ ਲਾਲ ਕੁਝ ਬੋਲਿਆ ਨਹੀਂ ਸੀ ਪਰ ਉਸ ਦੇ ਚਿਹਰੇ ’ਤੇ ਇੱਕ ਅਕਿਹ ਪੀੜ ਸਾਫ਼ ਝਲਕ ਰਹੀ ਸੀ।
ਪਰਮਜੀਤ ਨੇ ਉਸ ਨੂੰ ਹਲੂਣਿਆ, ‘‘ਅਵਨੀਤ ਨੂੰ ਮੈਂ ਐਤਵਾਰ ਦਾ ਕਹਿ ਦਿੱਤਾ, ਉਸ ਦੇ ਸੱਸ-ਸਹੁਰੇ ਦੀ ਅਗਲੇ ਮੰਗਲਵਾਰ ਦੀ ਫਲਾਈਟ ਹੈ। ਅਸੀਂ ਐਤਵਾਰ ਚਲੇ ਜਾਵਾਂਗੇ ਅਵਨੀਤ ਹੁਰਾਂ ਦੇ ਘਰ। ਉਹ ਕੁਝ ਨਹੀਂ ਬੋਲਿਆ। ਉਸ ਨੂੰ ਨੀਂਦ ਨਹੀਂ ਸੀ ਆ ਰਹੀ। ਸਾਢੇ ਗਿਆਰਾਂ ਵੱਜ ਚੁੱਕੇ ਸਨ। ਉਸ ਨੇ ਵੇਖਿਆ ਪਰਮਜੀਤ ਕਦੋਂ ਦੀ ਸੌਂ ਚੁੱਕੀ ਸੀ। ਉਹ ਉੱਠ ਕੇ ਬੇਸਮੈਂਟ ਤੋਂ ਬਾਹਰ ਆ ਗਿਆ। ਉਸ ਨੇ ਖੰਨੇ ਜੇਈ ਨਾਲ ਲੰਬੀ ਗੱਲਬਾਤ ਕੀਤੀ। ਫਿਰ ਉਸ ਨੇ ਵਿੱਚੋਂ ਸ਼ਾਮ ਲਾਲ ਨਾਲ ਗੱਲ ਕੀਤੀ ਤੇ ਫਿਰ ਖੰਨੇ ਨਾਲ ਦੁਬਾਰਾ ਗੱਲ ਕਰਕੇ ਚੈਨ ਦੀ ਨੀਂਦ ਸੌਂ ਗਿਆ। ਉਸ ਨੇ ਸ਼ੁੱਕਰਵਾਰ ਖੰਨੇ ਨੂੰ ਕਾਲ ਕਰਕੇ ਆਉਂਦੇ ਐਤਵਾਰ ਤਿੰਨ ਬੰਦਿਆਂ ਲਈ ਵਨ ਵੇਅ ਟੈਕਸੀ ਦਿੱਲੀ ਤੋਂ ਦੋਰਾਹੇ ਬੁੱਕ ਕਰਨ ਲਈ ਕਹਿ ਦਿੱਤਾ। ਐਤਵਾਰ ਸਵੇਰੇ ਛੇ ਵਜੇ ਉਹ ਦੋਵੇਂ ਜੀਅ ਤੇ ਪੰਡਿਤ ਸ਼ਾਮ ਲਾਲ ਬਿੱਕਰ ਨੂੰ ਉਦਾਸ ਚਿੱਤ ਛੱਡ ਕੇ ਕਿਸੇ ਸਕੂਨ ਦੀ ਭਾਲ ਵਿੱਚ ਵਾਪਸ ਚੱਲ ਪਏ।
ਸੰਪਰਕ:+17807293615

Advertisement

Advertisement
Author Image

joginder kumar

View all posts

Advertisement