For the best experience, open
https://m.punjabitribuneonline.com
on your mobile browser.
Advertisement

ਝੱਖੜ ਕਾਰਨ ਬਿਜਲੀ ਦੇ ਖੰਭੇ ਤੇ ਦਰੱਖ਼ਤ ਡਿੱਗੇ; ਬੱਤੀ ਗੁੱਲ

06:35 AM Jun 07, 2024 IST
ਝੱਖੜ ਕਾਰਨ ਬਿਜਲੀ ਦੇ ਖੰਭੇ ਤੇ ਦਰੱਖ਼ਤ ਡਿੱਗੇ  ਬੱਤੀ ਗੁੱਲ
ਹਨੇਰੀ ਕਾਰਨ ਮੁਹਾਲੀ ਵਿੱਚ ਟੁੱਟਿਆ ਦਰੱਖ਼ਤ ਦਾ ਟਾਹਣਾ।
Advertisement

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 6 ਜੂਨ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਬੀਤੀ ਸ਼ਾਮ ਤੇਜ਼ ਹਨੇਰੀ ਅਤੇ ਝੱਖੜ ਆਉਣ ਕਾਰਨ ਕਾਫ਼ੀ ਥਾਵਾਂ ’ਤੇ ਬਿਜਲੀ ਦੇ ਖੰਭੇ ਅਤੇ ਸੜਕ ਕਿਨਾਰੇ ਖੜੇ ਵੱਡੇ ਦਰੱਖ਼ਤ ਟੁੱਟ ਗਏ ਹਨ। ਇਸ ਕਾਰਨ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਬੱਤੀ ਗੁੱਲ ਹੋ ਗਈ ਹੈ। ਬੁੱਧਵਾਰ ਸਾਰੀ ਰਾਤ ਅਤੇ ਵੀਰਵਾਰ ਨੂੰ ਦਿਨ ਵਿੱਚ ਬਿਜਲੀ ਨਹੀਂ ਆਈ। ਇਸ ਕਾਰਨ ਅੱਤ ਦੀ ਗਰਮੀ ਵਿੱਚ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ। ਪਿੰਡ ਚਿੱਲਾ ਵਿੱਚ ਬੁੱਧਵਾਰ ਸ਼ਾਮ ਸੱਤ ਵਜੇ ਬਿਜਲੀ ਗੁੱਲ ਹੋ ਗਈ। ਅੱਜ ਦਿਨ ਵਿੱਚ ਵੀ ਲੋਕ ਬਿਜਲੀ ਨੂੰ ਉਡੀਕਦੇ ਰਹੇ। ਇਸ ਕਾਰਨ ਪਾਣੀ ਦੀ ਸਪਲਾਈ ਵੀ ਠੱਪ ਰਹੀ। ਬੱਤੀ ਗੁੱਲ ਹੋਣ ਕਾਰਨ ਸਬਮਰਸੀਬਲ ਮੋਟਰਾਂ ਬੰਦ ਪਈਆਂ ਹਨ। ਇਨਵਰਟਰ ਵੀ ਜਵਾਬ ਦੇ ਗਏ। ਇੰਜ ਹੀ ਸਨੀ ਐਨਕਲੇਵ ਵਿੱਚ ਬਿਜਲੀ ਗੁੱਲ ਹੋਣ ਕਾਰਨ ਲੋਕ ਡਾਢੇ ਦੁਖੀ ਹਨ। ਖਰੜ ਵਿੱਚ ਵੀ ਦੇਰ ਸ਼ਾਮ ਹਨੇਰੀ ਆਉਣ ਤੋਂ ਬਾਅਦ ਬਿਜਲੀ ਗੁੱਲ ਹੋ ਗਈ ਅਤੇ ਸਾਰੀ ਰਾਤ ਬਿਜਲੀ ਨਹੀਂ ਆਈ। ਤੜਕੇ ਸਵੇਰੇ 5 ਵਜੇ ਬਿਜਲੀ ਆਈ। ਦਿਨ ਵਿੱਚ ਵੀ ਵਾਰ-ਵਾਰ ਬਿਜਲੀ ਜਾਂਦੀ ਰਹੀ। ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ, ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਗੁਰਵਿੰਦਰ ਸਿੰਘ ਅਤੇ ਸ਼ੇਰ ਸਿੰਘ ਦੈੜੀ ਨੇ ਦੱਸਿਆ ਕਿ ਹਨੇਰੀ ਆਉਂਦੇ ਹੀ ਬੁੱਧਵਾਰ ਨੂੰ ਦੇਰ ਸ਼ਾਮ ਮਟੌਰ, ਸੋਹਾਣਾ, ਬਾਕਰਪੁਰ, ਕੰਬਾਲਾ, ਕੰਬਾਲੀ, ਰਾਏਪੁਰ, ਝਿਊਰਹੇੜੀ, ਸਿਆਊ, ਪਾਪੜੀ, ਮੱਟਰਾਂ, ਦੈੜੀ, ਚਾਓਮਾਜਰਾ, ਚਾਚੂਮਾਜਰਾ, ਕੁਰੜਾ-ਕੁਰੜੀ ਅਤੇ ਹੋਰਨਾਂ ਪਿੰਡਾਂ ਵਿੱਚ ਬਿਜਲੀ ਗੁੱਲ ਹੋ ਗਈ। ਸਾਰੀ ਰਾਤ ਬਿਜਲੀ ਨਹੀਂ ਆਈ। ਵੀਰਵਾਰ ਨੂੰ ਬਾਅਦ ਦੁਪਹਿਰ ਬਿਜਲੀ ਆਈ। ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪਾਵਰਕੌਮ ਤੋਂ ਸੂਚਨਾ ਦੇ ਅਧਿਕਾਰ ਤਹਿਤ ਬਿਜਲੀ ਸਹੂਲਤਾਂ ਅਤੇ ਸਟਾਫ਼ ਸਬੰਧੀ ਜਾਣਕਾਰੀ ਮੰਗੀ ਹੈ। ਉਨ੍ਹਾਂ ਪੁੱਛਿਆ ਹੈ ਕਿ ਮੁਹਾਲੀ ਵਿੱਚ ਜੂਨੀਅਰ ਇੰਜੀਨੀਅਰ (ਜੇਈ), ਲਾਈਨਮੈਨ ਅਤੇ ਸੁਪਰਵਾਈਜ਼ਰ ਕਿੰਨੇ ਹਨ ਅਤੇ ਸੈਕਸ਼ਨ ਪੋਸਟਾਂ ਕਿੰਨੀਆਂ ਹਨ, ਕਿਉਂਕਿ ਹਰ ਸਾਲ ਵੱਡੀ ਗਿਣਤੀ ਵਿੱਚ ਕਰਮਚਾਰੀ ਸੇਵਾਮੁਕਤ ਹੋ ਰਹੇ ਹਨ ਪ੍ਰੰਤੂ ਨਵੀਂ ਭਰਤੀ ਠੱਪ ਪਈ ਹੈ।
ਜ਼ੀਰਕਪੁਰ/ਡੇਰਾਬੱਸੀ (ਹਰਜੀਤ ਸਿੰਘ): ਇਲਾਕੇ ਵਿੱਚ ਬੀਤੇ ਦਿਨ ਚੱਲੀ ਤੇਜ਼ ਹਨੇਰੀ ਮਗਰੋਂ ਪਏ ਮੀਂਹ ਨੇ ਗਰਮੀ ਤੋਂ ਰਾਹਤ ਜ਼ਰੂਰ ਦਿਵਾਈ ਹੈ ਪਰ ਇਹ ਹਨੇਰੀ ਝੱਖੜ ਕਈ ਤਰ੍ਹਾਂ ਦੀ ਸਮੱਸਿਆਵਾਂ ਵੀ ਨਾਲ ਲੈ ਕੇ ਆਈ। ਇਸ ਦੌਰਾਨ ਕਈ ਥਾਵਾਂ ’ਤੇ ਇਸ਼ਤਿਹਾਰੀ ਯੂਨੀਪੋਲ ਅਤੇ ਦਰੱਖ਼ਤ ਬਿਜਲੀ ਦੇ ਖੰਭਿਆਂ ’ਤੇ ਡਿੱਗ ਗਏ ਜਿਸ ਕਾਰਨ ਖੇਤਰ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ। ਡੇਰਾਬੱਸੀ ਅਤੇ ਜ਼ੀਰਕਪੁਰ ਵਿੱਚ ਬੀਤੀ ਸ਼ਾਮ ਤੋਂ ਬਿਜਲੀ ਸਪਲਾਈ ਪੂਰੀ ਤਰਾਂ ਠੱਪ ਰਹੀ ਜਿਸ ਕਾਰਨ ਸਾਰੀ ਰਾਤ ਲੋਕਾਂ ਨੂੰ ਬਿਜਲੀ ਤੋਂ ਲੰਘਾਉਣੀ ਪਈ। ਪਾਵਰਕੌਮ ਵੱਲੋਂ ਸਾਰੀ ਰਾਤ ਬਿਜਲੀ ਦੀ ਸਪਲਾਈ ਬਹਾਲ ਕਰਨ ਵਿੱਚ ਜੁਟੇ ਰਹੇ ਪਰ ਕੁਝ ਖੇਤਰਾਂ ਵਿੱਚ ਖ਼ਬਰ ਲਿਖੇ ਜਾਣ ਤੱਕ ਬਿਜਲੀ ਸਪਲਾਈ ਬਹਾਲ ਨਹੀਂ ਹੋਈ ਸੀ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੁਬਾਰਕਪੁਰ ਤੋਂ ਆ ਰਹੀ ਬਿਜਲੀ ਦੀ ਮੇਨ ਲਾਈਨ ’ਤੇ ਬਿਜਲੀ ਦੇ ਦਰੱਖ਼ਤ ਡਿੱਗਣ ਕਾਰਨ ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। ਬੀਤੀ ਰਾਤ ਤੋਂ ਗੁੱਲ ਹੋਈ ਬਿਜਲੀ ਕਾਰਨ ਸਾਰੀ ਰਾਤ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਵਿੱਚ ਲੰਘਾਉਣੀ ਪਈ। ਦੋਵਾਂ ਸ਼ਹਿਰਾਂ ਦੀ ਕੁਝ ਕਲੋਨੀਆਂ ਵਿੱਚ ਅੱਜ ਵੀ ਸਾਰਾ ਦਿਨ ਬਿਜਲੀ ਸਪਲਾਈ ਠੱਪ ਰਹੀ। ਬਿਜਲੀ ਸਪਲਾਈ ਬਹਾਲ ਨਾ ਹੋਣ ਕਾਰਨ ਪਾਣੀ ਦੀ ਕਿੱਲਤ ਬਣੀ ਰਹੀ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਾਵਰਕੌਮ ਦੇ ਏਨੇ ਢਿੱਲੇ ਪ੍ਰਬੰਧ ਹਨ ਕਿ ਥੋੜੀ ਜਿਹੀ ਮੀਂਹ ਹਨੇਰੀ ਚੱਲਣ ਨਾਲ ਬਿਜਲੀ ਸਪਲਾਈ ਠੱਪ ਹੋ ਜਾਂਦੀ ਹੈ।

Advertisement

ਸਿਟੀ ਬਿਊਟੀਫੁੱਲ ’ਚ ਵੀ ਬਿਜਲੀ ਗੁੱਲ ਹੋਣ ਕਾਰਨ ਲੋਕ ਰਹੇ ਪ੍ਰੇਸ਼ਾਨ

ਚੰਡੀਗੜ੍ਹ ਦੇ ਸੈਕਟਰ-36 ’ਚ ਹਨੇਰੀ ਕਾਰਨ ਡਿੱਗਿਆ ਦਰੱਖ਼ਤ। -ਫੋਟੋ: ਪ੍ਰਦੀਪ ਤਿਵਾੜੀ

ਚੰਡੀਗੜ੍ਹ (ਆਤਿਸ਼ ਗੁਪਤਾ): ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਬੀਤੀ ਰਾਤ ਆਇਆ ਝੱਖੜ ਲੋਕਾਂ ਲਈ ਆਫਤ ਬਣ ਗਿਆ ਹੈ। ਝੱਖੜ ਕਰ ਕੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਦਰੱਖ਼ਤ ਅਤੇ ਬਿਜਲੀ ਦੇ ਖੰਭੇ ਟੁੱਟ ਕੇ ਸੜਕਾਂ ’ਤੇ ਡਿੱਗ ਗਈ, ਜਿਸ ਕਰ ਕੇ ਸਾਰਾ ਦਿਨ ਕਈ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ। ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿੱਚ ਦੁਕਾਨਾਂ ’ਤੇ ਲੱਗੇ ਬੋਰਡ ਟੁੱਟ ਕੇ ਸੜਕਾਂ ’ਤੇ ਡਿੱਗ ਗਏ। ਉੱਧਰ ਦੇਰ ਰਾਤ ਝੱਖੜ ਕਰ ਕੇ ਚੰਡੀਗੜ੍ਹ ਵਿੱਚ ਵੀ ਬਿਜਲੀ ਸਪਲਾਈ ਠੱਪ ਹੋ ਗਈ, ਜੋ ਕਿ ਦੇਰ ਰਾਤ ਤੱਕ ਠੱਪ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਸਾਰੀ ਰਾਤ ਬਿਜਲੀ ਅਉਂਦੀ-ਜਾਂਦੀ ਰਹੀ, ਜਿਸ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਾਨ ਪਿਆ। ਹਾਲਾਂਕਿ ਇਸ ਦੌਰਾਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਗਿਆ ਹੈ, ਪਰ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਹੈ। ਚੰਡੀਗੜ੍ਹ ਵਿੱਚ ਲੰਘੀ ਰਾਤ ਝੱਖੜ ਦੇ ਨਾਲ-ਨਾਲ ਪਏ ਮੀਂਹ ਕਰਕੇ ਲੋਕਾਂ ਨੇ ਅਤਿ ਦੀ ਗਰਮੀ ਤੋਂ ਮਾਮੂਲੀ ਰਾਹਤ ਮਹਿਸੂਸ ਕੀਤੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਤਾ ਵੱਧ ਤੋਂ ਵੱਧ ਤਾਪਮਾਨ 39.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 0.5 ਡਿਗਰੀ ਸੈਲਸੀਅਸ ਵੱਧ ਰਿਹਾ। ਪਰ ਇਹ ਤਾਪਮਾਨ ਬੀਤੇ ਦਿਨ ਨਾਲੋਂ 3.6 ਡਿਗਰੀ ਸੈਲਸੀਅਸ ਘੱਟ ਸੀ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 7 ਜੂਨ ਨੂੰ ਸ਼ਹਿਰ ਵਿੱਚ ਬੱਦਲਵਾਈ ਰਹਿ ਸਕਦੀ ਹੈ। ਇਸ ਤੋਂ ਇਲਾਵਾ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਕਈ ਥਾਵਾਂ ’ਤੇ ਟੁੱਟਵਾਂ ਮੀਂਹ ਵੀ ਪੈ ਸਕਦਾ ਹੈ।

ਝੱਖੜ ਕਾਰਨ ਰੂਪਨਗਰ ਜ਼ਿਲ੍ਹੇ ਦੇ ਕਈ ਸ਼ਹਿਰਾਂ ਤੇ ਪਿੰਡਾਂ ’ਚ ਬੱਤੀ ਗੁੱਲ

ਪਿੰਡ ਬੁਰਜਵਾਲਾ ਵਿੱਚ ਹਨੇਰੀ ਕਾਰਨ ਸੜਕ ਵਿਚਾਲੇ ਡਿੱਗਿਆ ਟਰਾਂਸਫਾਰਮਰ।

ਰੂਪਨਗਰ (ਜਗਮੋਹਨ ਸਿੰਘ): ਬੀਤੀ ਦੇਰ ਸ਼ਾਮ ਆਈ ਤੇਜ਼ ਹਨੇਰੀ ਕਾਰਨ ਰੂਪਨਗਰ ਜ਼ਿਲ੍ਹੇ ਦੇ ਕਈ ਪਿੰਡਾਂ ਤੇ ਸ਼ਹਿਰਾਂ ਵਿੱਚ ਬਿਜਲੀ ਸਪਲਾਈ 10 ਤੋਂ 12 ਘੰਟੇ ਤੱਕ ਠੱਪ ਰਹੀ। ਤੇਜ਼ ਹਨੇਰੀ ਕਾਰਨ ਕਈ ਥਾਈਂ ਦਰੱਖਤ ਬਿਜਲੀ ਦੀਆਂ ਲਾਈਨਾਂ ’ਤੇ ਡਿੱਗਣ ਕਾਰਨ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਤੇ ਕਈ ਥਾਵਾਂ ’ਤੇ ਬਿਜਲੀ ਦੇ ਖੰਭੇ ਹੀ ਪੁੱਟ ਸੁੱਟੇ। ਮੀਆਂਪੁਰ ਸਰਕਲ ਦੇ ਪਿੰਡ ਬੁਰਜਵਾਲਾ ਵਿੱਚ ਬਿਜਲੀ ਦਾ ਟਰਾਂਸਫਾਰਮਰ ਹੀ ਟੁੱਟ ਕੇ ਸੜਕ ਦੇ ਵਿਚਕਾਰ ਡਿੱਗ ਗਿਆ, ਜਿਸ ਕਾਰਨ ਸੜਕ ’ਤੇ ਆਵਾਜਾਈ ਵੀ ਲੰਮਾ ਸਮਾਂ ਪ੍ਰਭਾਵਿਤ ਰਹੀ। 132 ਕੇਵੀ ਸਬ ਸਟੇਸ਼ਨ ਰੂਪਨਗਰ ਤੋਂ ਚੱਲਣ ਵਾਲੇ 66 ਕੇ.ਵੀ. ਚੰਦਪੁਰ ਬਿਜਲੀ ਘਰ ਦੇ ਫੀਡਰਾਂ ਤੋਂ ਇਲਾਵਾ ਬਹਿਰਾਮਪੁਰ ਫੀਡਰ, ਮੀਆਂਪੁਰ ਸਰਕਲ ਦੇ ਪਿੰਡਾਂ ਵਿੱਚ ਬਿਜਲੀ ਸਪਲਾਈ ਲੰਬਾ ਸਮਾਂ ਬੰਦ ਰਹੀ, ਜਿਸ ਕਾਰਨ ਲੋਕਾਂ ਨੂੰ ਕਾਫੀ ਔਖਿਆਈ ਦਾ ਸਾਹਮਣਾ ਕਰਨਾ ਪਿਆ।

Advertisement
Author Image

joginder kumar

View all posts

Advertisement
Advertisement
×