ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟ੍ਰੀ ਗਾਰਡ

08:37 AM Jun 20, 2024 IST

ਮਾਸਟਰ ਸੁਖਵਿੰਦਰ ਦਾਨਗੜ੍ਹ

Advertisement

ਜੇਠ ਮਹੀਨੇ ਦੀ ਚਲਦੀ ਲੂ ਜਗਤਾਰ ਨੂੰ ਇੰਝ ਮਹਿਸੂਸ ਹੁੰਦੀ ਜਿਵੇਂ ਆਸਮਾਨ ਵਿੱਚੋਂ ਨਿਰੀ ਅੱਗ ਹੀ ਵਰ੍ਹ ਰਹੀ ਹੋਵੇ।
ਜਦੋਂ ਵੀ ਉਹ ਕਿਸੇ ਕੋਲ ਵਧ ਰਹੀ ਗਰਮੀ ਦੀ ਗੱਲ ਛੇੜਦਾ ਤਾਂ ਅਗਲਾ ਵੀ ਘੜਿਆ-ਘੜਾਇਆ ਜਵਾਬ ਮੱਥੇ ਮਾਰਦਾ, ‘‘ਖੁਦਗਰਜ਼ ਲੋਕਾਂ ਨੇ ਸਾਰੇ ਤਾਂ ਰੁੱਖ ਵੱਢ ਸੁੱਟੇ ਨੇ, ਜੋ ਬਚੇ-ਖੁਚੇ ਸੀ ਉਹ ਅੱਗ ਲਾ ਕੇ ਸਾੜ ਦਿੱਤੇ। ਖੇਤ ਤਾਂ ਭਾਂ-ਭਾਂ ਕਰਦੇ ਨੇ। ਹੁਣ ਭਾਲਦੇ ਨੇ ਠੰਢੀ ਹਵਾ ਦੇ ਬੁੱਲੇ।’’ ਇਹ ਸੁਣ ਕੇ ਜਗਤਾਰ ਵੀ ਸੋਚੀ ਪੈ ਜਾਂਦਾ ਕਿ ਗੱਲ ਤਾਂ ਸੋਲਾਂ ਆਨੇ ਸੱਚ ਹੀ ਆਖਦੇ ਨੇ ਲੋਕ ‘ਆਖੇ ਆਪੇ ਮੈਂ ਖੇਹ ਉਡਾਈ, ਆਪੇ ਹੀ ਸਿਰ ’ਚ ਪਾਈ’, ਚਲੋ ਲੋਕ ਤਾਂ ਜਿਹੋ ਜਿਹੇ ਵੀ ਹੋਣ, ਪਰ ਆਖਾਂ ਤਾਂ ਕੁਦਰਤ ਤੋਂ ਭੁੱਲ ਬਖਸ਼ਾ ਕੇ ਮਨ ਦਾ ਭਾਰ ਕੁਝ ਹੌਲ਼ਾ ਕਰੀਏ।
ਜਗਤਾਰ ਨੇ ਚੜ੍ਹਦੇ ਸਾਉਣ ਹੀ ਆਪਣੇ ਖੇਤ ਕੁਝ ਬੂਟੇ ਲਾਉਣ ਦਾ ਫ਼ੈਸਲਾ ਕਰ ਲਿਆ, ਉਸ ਨੇ ਸ਼ੁਰੂਆਤ ਪਿੱਪਲ ਦਾ ਰੁੱਖ ਲਾ ਕੇ ਕਰਨ ਦੀ ਠਾਣ ਲਈ। ਵੇਲ਼ਾ ਆਉਣ ’ਤੇ ਜਗਤਾਰ ਨੇ ਖੇਤ ਆਲ਼ੇ ਕੋਠੇ ਦੇ ਲਾਗੇ ਪਿੱਪਲ ਦਾ ਰੁੱਖ ਲਾ ਕੇ ਪਾਣੀ ਪਾ ਦਿੱਤਾ।
ਇਹ ਦੇਖਦੇ ਹੀ ਜਗਤਾਰ ਦਾ ਕਾਮਾ ਕਹਿਣ ਲੱਗਾ, ‘‘ਬਾਈ ਕੀ ਫ਼ਾਇਦਾ ਇਹ ਬੂਟਾ ਲਾਉਣ ਦਾ, ਇੱਕ ਪੀੜ੍ਹੀ ਲਾ ਦਿੰਦੀ ਐ, ਦੂਜੀ ਲਾਲਚਵੱਸ ਪੱਟ ਦਿੰਦੀ ਐ। ਕਈ ਸਾਲ ਪਹਿਲਾਂ ਆਪਣੇ ਇੱਥੇ ਇੰਨੇ ਰੁੱਖ ਸੀ, ਹੁਣ ਤਾਂ ਸਾਰਾ ਖੇਤ ਹੀ ਰੁੰਡ-ਮਰੁੰਡ ਹੋਇਆ ਪਿਐ। ਛੱਡਣਾ ਕਿਸੇ ਨੇ ਇਹ ਪਿੱਪਲ ਵੀ ਨ੍ਹੀਂ।’’ ਇਹ ਸੁਣ ਕੇ ਜਗਤਾਰ ਹੱਸ ਪਿਆ ਅਤੇ ਕਹਿਣ ਲੱਗਾ, ‘‘ਓਏ ਕਾਲ਼ੇ, ਇਹਦਾ ਤਾਂ ਹੁਣ ਆਪਾਂ ਪੱਕਾ ਹੀ ਇਲਾਜ ਕਰ ਦੇਣਾ ਐ। ਤੂੰ ਪੁੱਟਣ ਦੀ ਗੱਲ ਕਰਦਾ ਏਂ ਕਿਸੇ ਨੇ ਇਹਦੀ ਟਾਹਣੀ ਵੀ ਨ੍ਹੀਂ ਤੋੜਨੀ।’’
‘‘ਹੈਂ ਬਾਈ!! ਇਹੋ ਜਿਹਾ ਕੀ ਟੂਣਾ ਕਰ ਦੇਣਾ ਤੂੰ ਏਹਦੇ ’ਤੇ’’ ਕਾਲ਼ੇ ਨੇ ਹੈਰਾਨ ਹੁੰਦਿਆਂ ਪੁੱਛਿਆ।
ਜਗਤਾਰ ਕਹਿਣ ਲੱਗਾ, ‘‘ਦੱਸਦੇ ਆਂ ਓਹ ਵੀ! ਆਹ ਉਰੇ ਕਰ ਚਾਰ ਪੰਜ ਇੱਟਾਂ, ਨਾਲੇ ਉਹ ਕਲੀ ਆਲਾ ਗੱਟਾ ਵੀ ਧਰ ਦੇ ਪਾਸੇ ’ਤੇ।’’ ਜਗਤਾਰ ਨੇ ਇਹ ਕਹਿੰਦਿਆਂ ਪਿੱਪਲ ਦੀ ਜੜ੍ਹ ’ਚ ਪੰਜ ਇੱਟਾਂ ਦੀ ਮੜ੍ਹੀ ਬਣਾ ਕੇ ਉੱਤੇ ਕਲੀ ਫੇਰ ਦਿੱਤੀ।
ਸੰਪਰਕ: 94171-80205
* * *

ਦਫਤਰੀ ਕੰਮ

ਬਹਾਦਰ ਸਿੰਘ ਗੋਸਲ

Advertisement

ਸ਼ਹਿਰ ਵਿੱਚ ਨੌਕਰੀ ਕਰਨ ਕਰਕੇ ਅਤੇ ਆਪਣੇ ਪਿੰਡ ਤੋਂ ਦੂਰ ਹੋਣ ਕਾਰਨ ਰੋਸ਼ਨ ਲਾਲ ਨੇ ਆਪਣੀ ਰਿਹਾਇਸ਼ ਉਸੇ ਸ਼ਹਿਰ ਵਿੱਚ ਕਰ ਲਈ। ਥੋੜ੍ਹੀ ਦੇਰ ਬਾਅਦ ਉਹ ਆਪਣੀ ਪਤਨੀ ਨੂੰ ਵੀ ਉਸੇ ਸ਼ਹਿਰ ਹੀ ਲੈ ਅਇਆ। ਪਤਨੀ ਇੱਕ ਸਾਧਾਰਨ ਘਰੇਲੂ ਔਰਤ ਸੀ, ਪਰ ਉਹ ਆਪਣੇ ਪਤੀ ਰੌਸ਼ਨ ਲਾਲ ਦੇ ਦਫਤਰੀ ਕਾਰੋਬਾਰ ਤੋਂ ਬੜੀ ਹੈਰਾਨ ਸੀ। ਉਹ ਸਾਰਾ ਸਾਰਾ ਦਿਨ ਦਫ਼ਤਰ ਰਹਿੰਦਾ ਅਤੇ ਛੁੱਟੀ ਵਾਲੇ ਦਿਨ ਵੀ ਫਾਈਲਾਂ ਘਰ ਲੈ ਆਉਂਦਾ।
ਉਹ ਚਾਹੁੰਦੀ ਸੀ ਕਿ ਉਹ ਉਸ ਨੂੰ ਕਦੇ-ਕਦੇ ਬਾਜ਼ਾਰ ਘੁੰਮਾਉਣ ਲਿਜਾਵੇ ਅਤੇ ਉਸ ਦੀ ਪਸੰਦ ਦੇ ਕੋਈ ਚੰਗੇ ਕੱਪੜੇ ਖਰੀਦ ਕੇ ਲੈ ਦੇਵੇ। ਇੱਕ ਸ਼ਾਮ ਜਦੋਂ ਰੌਸ਼ਨ ਲਾਲ ਘਰ ਆਇਆ ਤਾਂ ਪਤਨਂ ਨੂੰ ਚਾਹ ਬਣਾਉਣ ਲਈ ਕਹਿ ਕੁਰਸੀ ਪਰ ਬੈਠ ਗਿਆ। ਉਸ ਨੂੰ ਥੱਕਿਆ ਜਿਹਾ ਦੇਖ ਪਤਨੀ ਨੇ ਸੁਭਾਵਿਕ ਹੀ ਕਹਿ ਦਿੱਤਾ, ‘‘ਪਤਾ ਨਹੀਂ, ਸਾਰਾ ਦਿਨ ਤੁਸੀਂ ਦਫ਼ਤਰ ਕੀ ਕਰਦੇ ਹੋ? ਫਾਈਲਾਂ ਨਾਲ ਮੱਥਾ ਮਾਰ ਮਾਰ ਥੱਕ ਕੇ ਘਰ ਆ ਜਾਂਦੇ ਹੋ, ਅਜਿਹੇ ਕਿਹੜੇ ਕੰਮ ਦਫ਼ਤਰ ਵਿੱਚ ਹੁੰਦੇ ਹਨ?’’ ਪਤਨੀ ਦੀ ਗੱਲ ਸੁਣ ਕੇ ਰੌਸ਼ਨ ਲਾਲ ਨੇ ਕਿਹਾ, ‘‘ਤੈਨੂੰ ਨਹੀਂ ਪਤਾ, ਸਾਰਾ ਦਿਨ ਕਿੰਨੀ ਕਲਮ ਘਸਾਈ ਕਰਨੀ ਪੈਂਦੀ ਹੈ, ਦਿਮਾਗ਼ ਅਲੱਗ ਤੋਂ ਥੱਕ ਜਾਂਦਾ ਏ।’’
ਉਸ ਦੀ ਥਕਾਵਟ ਨੂੰ ਮਹਿਸੂਸ ਕਰਦਿਆਂ ਪਤਨੀ ਨੇ ਕਿਹਾ, ‘‘ਲਓ ਜੀ ਚਾਹ ਪੀਓ, ਪਰ ਮੈਂ ਕਹਿਣਾ ਚਾਹੁੰਦੀ ਸੀ ਕਿ ਮੈਨੂੰ ਇੱਕ ਨਵਾਂ ਸੂਟ ਲੈ ਦਿਓ।’’ ਪਤਨੀ ਦੇ ਮੂੰਹੋਂ ਸੂਟ ਦੀ ਗੱਲ ਸੁਣ ਕੇ ਰੌਸ਼ਨ ਲਾਲ ਬੋਲਿਆ, ‘‘ਠੀਕ ਏ, ਪਰ ਇਸ ਲਈ ਲਿਖ ਕੇ ਲਿਆਓ।’’ ਪਤਨੀ ਨੇ ਕਿਹਾ, ‘‘ਠੀਕ ਏ ਮੈਂ ਲਿਖ ਕੇ ਦੇ ਦੇਂਦੀ ਹਾਂ।’’ ਉਹ ਸੂਟ ਦੇ ਚਾਅ ਵਿੱਚ ਫਟਾਫਟ ਲਿਖ ਲਿਆਈ। ਰੌਸ਼ਨ ਲਾਲ ਨੇ ਪੈੱਨ ਨਾਲ ਲਿਖਿਆ, ‘‘ਸੂਟ ਕਿਹੜੇ ਰੰਗ ਦਾ ਚਾਹੀਦਾ ਏ।’’ ਪਤਨੀ ਨੇ ਨਸਵਾਰੀ ਰੰਗ ਦਾ ਸੂਟ ਲਿਖ ਕੱਪੜੇ ਦੀ ਕੁਆਲਿਟੀ ਵੀ ਲਿਖ ਦਿੱਤੀ। ਰੌਸ਼ਨ ਲਾਲ ਨੇ ਕਿਹਾ, ‘‘ਕੰਪਨੀ ਦਾ ਨਾਂ ਵੀ ਲਿਖ ਕੇ ਲਿਆਓ।’’ ਜਦੋਂ ਪਤਨੀ ਨੇ ਕੰਪਨੀ ਦਾ ਨਾਂ ਵੀ ਲਿਖ ਦਿੱਤਾ ਤਾਂ ਰੌਸ਼ਨ ਲਾਲ ਨੇ ਅੰਦਾਜ਼ਾ ਮੁੱਲ ਲਿਖਣ ਲਈ ਕਿਹਾ, ਪਤਨੀ ਨੇ ਮੁੱਲ 700 ਰੁਪਏ ਲਿਖ ਕੇ ਦੇ ਦਿੱਤਾ ਤਾਂ ਰੌਸ਼ਨ ਲਾਲ ਨੇ ਵੀ ਪੂਰਾ ਬਜਟ ਬਣਾ ਕੇ ਲਿਖਣ ਲਈ ਕਿਹਾ ਅਤੇ ਨਾਲ ਹੀ ਕਹਿ ਦਿੱਤਾ, ‘‘ਦੁਕਾਨ ਦਾ ਨਾਂ ਵੀ ਲਿਖੋ।’’ ਘਰਵਾਲੀ ਨੇ ਸੂਟ ਦੇ ਚਾਅ ਵਿੱਚ ਦੋ ਤਿੰਨ ਦੁਕਾਨਾਂ ਦੇ ਨਾਂ ਲਿਖ ਦਿੱਤੇ।
ਹੁਣ ਰੌਸ਼ਨ ਲਾਲ ਨੇ ਵੀ ਹੱਸਦਿਆਂ ਕਿਹਾ, ‘‘ਘੱਟੋ ਘੱਟ ਤਿੰਨ ਕੁਟੇਸ਼ਨਾਂ ਨਾਲ ਨੱਥੀ ਕਰੋ।’’ ਉਸ ਦੀ ਪਤਨੀ ਨੇ ਮੱਥੇ ਹੱਥ ਮਾਰਿਆ ਅਤੇ ਕਿਹਾ, ‘‘ਚੰਗਾ ਜੀ, ਮੈਂ ਆਪ ਹੀ ਖਰੀਦ ਲਿਆਵਾਂਗੀ।’’ ਰੌਸ਼ਨ ਲਾਲ ਨੇ ਕਿਹਾ, ‘‘ਕੁਝ ਵੀ ਹੋਵੇ ਦਫ਼ਤਰੀ ਕਾਰਵਾਈ ਤਾਂ ਪੂਰੀ ਕਰਨੀ ਹੀ ਪੈਣੀ ਏ ਅਤੇ ਸਾਰਾ ਦਿਨ ਮੈਂ ਦਫਤਰ ਵਿੱਚ ਇਹੀ ਕੁਝ ਤਾਂ ਕਰਦਾ ਹਾਂ ਤੇ ਤੂੰ ਪੁੱਛਦੀ ਏਂ ਮੈਂ ਦਫਤਰ ਵਿੱਚ ਕੀ ਕਰਦਾ ਹਾਂ?’’
ਸੰਪਰਕ: 98764-52223
* * *

ਲਾ-ਇਲਾਜ

ਨੇਤਰ ਸਿੰਘ ਮੁੱਤੋਂ

ਇੱਕ ਆਦਮੀ ਸੜਕ ’ਤੇ ਤੁਰਿਆ ਜਾ ਰਿਹਾ ਸੀ। ਸੁੰਨਸਾਨ ਜਿਹੀ ਥਾਂ ਆਈ ਤਾਂ ਉਧਰੋਂ ਇੱਕ ਕੁੱਤਾ ਆ ਰਿਹਾ ਸੀ। ਆਦਮੀ ਕੁੱਤੇ ਤੋਂ ਡਰਦਾ ਚੌਕੰਨਾ ਜਿਹਾ ਹੋ ਕੇ ਸੜਕ ਕਿਨਾਰੇ ਤੁਰਨ ਲੱਗਿਆ। ਕੁੱਤਾ ਵੀ ਆਦਮੀ ਤੋਂ ਡਰਦਾ ਹੌਲੀ ਹੌਲੀ ਕੋਲ ਦੀ ਲੰਘਿਆ। ਆਦਮੀ ਨੇ ਸੋਚਿਆ, ‘‘ਲੈ ਮੈਂ ਤਾਂ ਇਸ ਤੋਂ ਐਵੇਂ ਡਰ ਗਿਆ, ਇਹ ਤਾਂ ਆਪ ਮੇਰੇ ਕੋਲੋਂ ਡਰ ਕੇ ਲੰਘਿਐ।’’ ਇਹੋ ਗੱਲ ਕੁੱਤੇ ਨੇ ਸੋਚੀ ਸੀ।
ਆਦਮੀ ਕਿਸੇ ਕੰਮ ਜਾ ਕੇ, ਵਾਪਸ ਮੁੜਿਆ ਆ ਰਿਹਾ ਸੀ। ਉਧਰੋਂ ਉਹੀ ਕੁੱਤਾ ਵੀ ਮੁੜਿਆ ਆ ਰਿਹਾ ਸੀ। ਇਸ ਵਾਰ ਉਹ ਦੋਵੇਂ ਇੱਕ ਦੂਜੇ ਤੋਂ ਨਾ ਡਰੇ। ਜਦ ਕੁੱਤਾ ਆਦਮੀ ਦੇ ਬਰਾਬਰ ਆਇਆ ਤਾਂ ਕਹਿਣ ਲੱਗਾ, ‘‘ਤੂੰ ਮੇਰੇ ਤੋਂ ਡਰ ਕਿਉਂ ਗਿਆ ਸੀ?’’ ਆਦਮੀ ਕਹਿੰਦਾ, ‘‘ਜੇ ਕੁੱਤਾ ਵੱਢ ਲਵੇ ਤਾਂ ਘੱਟੋ-ਘੱਟ ਸੱਤ ਟੀਕੇ ਲੱਗਦੇ ਨੇ, ਪਰ ਤੂੰ ਮੇਰੇ ਤੋਂ ਕਿਉਂ ਡਰਿਆ ਸੀ? ਮੇਰੇ ਹੱਥ ’ਚ ਤਾਂ ਕੋਈ ਸੋਟੀ ਜਾਂ ਰੋੜਾ ਵੀ ਨਹੀਂ ਸੀ।’’ ਕੁੱਤਾ ਕਹਿੰਦਾ, ‘‘ਮੈਂ ਤਾਂ ਡਰ ਗਿਆ ਸੀ ਕਿ ਮੇਰੇ ਵੱਢੇ ਦਾ ਇਲਾਜ ਤਾਂ ਹੈ, ਪਰ ਜੇ ਕਿਤੇ ਆਦਮੀ ਕਿਸੇ ਨੂੰ ਵੱਢ ਲਵੇ, ਉਹਦਾ ਇਲਾਜ ਕਿਤੇ ਵੀ ਨਹੀਂ।’’
ਸੰਪਰਕ: 94636-56728
* * *

ਗਿਰਝਾਂ ਵਰਗੇ ਲੋਕ...

ਸਤਪਾਲ ਸਿੰਘ ਦਿਓਲ

ਮੇਰੇ ਨਜ਼ਦੀਕੀ ਮਿੱਤਰ ਬਹੁਤ ਹੀ ਵਧੀਆ ਡਾਕਟਰ ਹਨ। ਉਹ ਸਰਕਾਰੀ ਹਸਪਤਾਲ ਵਿੱਚ ਸੇਵਾਵਾਂ ਦੇ ਰਹੇ ਹਨ। ਕਾਫ਼ੀ ਅਰਸਾ ਪਹਿਲਾਂ ਉਨ੍ਹਾਂ ਦੀ ਤਾਇਨਾਤੀ ਸਰਕਾਰ ਨੇ ਇੱਕ ਪੱਛੜੇ ਪਿੰਡ ਵਿੱਚ ਕਰ ਦਿੱਤੀ। ਉਸ ਪਿੰਡ ਦਾ ਇੱਕ ਵਿਅਕਤੀ ਅਮਰੀਕਾ ਵਿੱਚ ਬਹੁਤ ਪਹਿਲਾਂ ਗਿਆ ਸੀ। ਉਹ ਉੱਥੇ ਵੱਡਾ ਕਾਰੋਬਾਰੀ ਬਣ ਚੁੱਕਾ ਹੈ। ਵਿਦੇਸ਼ ’ਚ ਰਹਿ ਕੇ ਉਹਦਾ ਦਿਲ ਕੀਤਾ ਕਿ ਪਿੰਡ ਵਿੱਚ ਕੋਈ ਭਲਾਈ ਦਾ ਕੰਮ ਕੀਤਾ ਜਾਵੇ। ਉਸ ਨੇ ਪਿੰਡ ਦੇ ਕੁਝ ਬੰਦਿਆਂ ਨਾਲ ਸੰਪਰਕ ਕੀਤਾ ਤੇ ਅੱਖਾਂ ਦੇ ਮਰੀਜ਼ਾਂ ਵਾਸਤੇ ਮੁਫ਼ਤ ਕੈਂਪ ਲਾਉਣ ਲਈ ਅਮਰੀਕਾ ਤੋਂ ਹਰ ਸਾਲ ਲੱਖਾਂ ਰੁਪਏ ਭੇਜਣ ਲੱਗਿਆ। ਡਾਕਟਰ ਸਾਹਿਬ ਦੀ ਬਦਲੀ ਉਸ ਪਿੰਡ ਹੋਣ ਤੋਂ ਪੰਜ ਸਾਲ ਪਹਿਲਾਂ ਤੋਂ ਉਹ ਹਰ ਸਾਲ ਪੈਸੇ ਭੇਜਦਾ ਰਿਹਾ। ਇਸ ਵਾਰ ਉਸ ਨੇ ਡਾਕਟਰ ਸਾਹਿਬ ਨਾਲ ਸਿੱਧੀ ਗੱਲ ਕਰਨੀ ਮੁਨਾਸਿਬ ਸਮਝੀ ਤੇ ਪੁੱਛ ਲਿਆ, ‘‘ਕਿਵੇਂ ਰਿਹਾ ਅੱਖਾਂ ਦਾ ਕੈਂਪ?’’ ਡਾਕਟਰ ਸਾਹਿਬ ਨੇ ਦੱਸਿਆ ਕਿ ਕੋਈ ਕੈਂਪ ਲੱਗਿਆ ਹੀ ਨਹੀਂ। ਨਾ ਤਾਂ ਪਹਿਲਾਂ ਕੋਈ ਕੈਂਪ ਲਾਇਆ ਸੁਣਿਆ ਹੈ। ਗਿਰਝਾਂ ਵਰਗੇ ਆਗੂ ਬਣੇ ਹੋਏ ਲੋਕ ਬਾਹਰ ਵਸਦੇ ਚੰਗੀ ਸੋਚ ਦੇ ਲੋਕਾਂ ਨੂੰ ਨੋਚ ਜਾਣਾ ਚਾਹੁੰਦੇ ਨੇ।’’
ਉਸ ਬੰਦੇ ਨੇ ਵਿਸਾਹਘਾਤ ਜਰ ਲਿਆ ਤੇ ਡਾਕਟਰ ਸਾਹਿਬ ਨਾਲ ਗੱਲ ਕਰਕੇ ਪਿੰਡ ਵਿੱਚ ਸਿਹਤ ਸਹੂਲਤਾਂ ਲਈ ਲੋੜੀਂਦੀਆਂ ਮਸ਼ੀਨਾਂ ਤੇ ਦਵਾਈਆਂ ਦਾ ਪ੍ਰਬੰਧ ਕਰਕੇ ਦਿੱਤਾ। ਸਰਕਾਰ ਤੇ ਪਿੰਡ ਵਾਲਿਆਂ ਨੇ ਉਸ ਦਾ ਸ਼ੁਕਰਾਨਾ ਕੀਤਾ।
ਹੁਣ ਜਦੋਂ ਵੀ ਉਹ ਬੰਦਾ ਪਿੰਡ ਫੇਰਾ ਪਾਉਂਦਾ ਹੈ ਤਾਂ ਮਾਸ ਨੋਚਣ ਵਾਲੀਆਂ ਗਿਰਝਾਂ ਕਿਤੇ ਲੁਕ ਜਾਂਦੀਆਂ ਹਨ। ਉਹਦੇ ਵਾਪਸ ਮੁੜਨ ਤੋਂ ਬਾਅਦ ਫਿਰ ਸਰਗਰਮ ਹੋ ਜਾਂਦੀਆਂ ਹਨ।
ਸੰਪਰਕ: 98781-70771

Advertisement
Advertisement