ਗੰਨੇ ਦੇ ਰਸ ਦੀ ਪੈਕਿੰਗ ਤਕਨੀਕ ਦੇ ਪਾਸਾਰ ਲਈ ਸੰਧੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਸਤੰਬਰ
ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਦੀ ਤਕਨੀਕ ਲਈ ਪੀਏਯੂ ਨੇ ਅੱਜ ਡਾਂਗਾਪਾਲ, ਓਡੀਸ਼ਾ ਦੇ ਖੇਤੀ ਕਾਰੋਬਾਰ ਉੱਦਮੀ ਅਜੀਤ ਕੁਮਾਰ ਬੇਹੜਾ (ਮੈਸਰਜ਼ ਐਸ਼ ਉਦਯੋਗ) ਨਾਲ ਸਮਝੌਤਾ ਕੀਤਾ ਹੈ। ਇਸ ਸਬੰਧੀ ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਫਰਮ ਦੇ ਨੁਮਾਇੰਦੇ ਅਜੀਤ ਕੁਮਾਰ ਬੇਹੜਾ ਨਾਲ ਸੰਧੀ ਦੀਆਂ ਸ਼ਰਤਾਂ ’ਤੇ ਹਸਤਾਖਰ ਕੀਤੇ। ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੇ ਮਾਹਰ ਡਾ. ਪੂਨਮ ਏ. ਸਚਦੇਵ ਨੇ ਦੱਸਿਆ ਕਿ ਗੰਨੇ ਦੇ ਰਸ ’ਚ ਸੂਖਮ ਜੀਵਾਂ ਨੂੰ ਮਾਰਨ ਅਤੇ ਸ਼ੈਲਫ ਲਾਈਫ ਵਧਾਉਣ ਲਈ ਥਰਮਲ ਤੌਰ ’ਤੇ ਪ੍ਰਾਸੈੱਸ ਕੀਤਾ ਜਾਂਦਾ ਹੈ। ਇਹ ਪ੍ਰਾਸੈਸਿੰਗ ਸੜਕ ਕੰਢੇ ਗੰਨੇ ਦਾ ਰਸ ਵੇਚਣ ਵਾਲਿਆਂ ਦੇ ਮੁਕਾਬਲੇ ਪੂਰੀ ਤਰ੍ਹਾਂ ਸਿਹਤਮੰਦ ਅਤੇ ਸਾਫ਼ ਸੁਥਰਾ ਉਤਪਾਦ ਬਣਾ ਦਿੰਦੀ ਹੈ। ਇਸ ਨਾਲ ਬੋਤਲਬੰਦ ਰਸ ਨੂੰ ਕੌਮੀ ਤੇ ਕੌਮਾਂਤਰੀ ਬਾਜ਼ਾਰਾਂ ਵਿੱਚ ਉਤਪਾਦ ਦੇ ਤੌਰ ’ਤੇ ਵੇਚਣ ਦੇ ਮੌਕੇ ਬਣਦੇ ਹਨ। ਪੀਏਯੂ ਦੇ ਟੈਕਨਾਲੋਜੀ ਮਾਰਕੀਟਿੰਗ ਸੈੱਲ ਦੇ ਐਸੋਸੀਏਟ ਡਾਇਰੈਕਟਰ ਡਾ. ਖੁਸ਼ਦੀਪ ਧਾਰਨੀ ਨੇ ਦੱਸਿਆ ਕਿ ਗੰਨੇ ਦੇ ਰਸ ਨੂੰ ਬੋਤਲ ’ਚ ਪੈਕ ਕਰਨ ਦੀ ਤਕਨਾਲੋਜੀ ਉੱਦਮੀਆਂ ਵਿੱਚ ਲਗਾਤਾਰ ਪ੍ਰਸਿੱਧੀ ਹਾਸਲ ਕਰ ਰਹੀ ਹੈ।