ਗੁਰਦੁਆਰਾ ਬਾਬਾ ਬੁੱਢਾ ਜੋਹੜ ਦੀ ਯਾਤਰਾ ਕਰਵਾਈ
ਨਿੱਜੀ ਪੱਤਰ ਪ੍ਰੇਰਕ
ਖੰਨਾ, 2 ਅਕਤੂਬਰ
ਇਥੋਂ ਦੇ ਮਲੇਰਕੋਟਲਾ ਰੋਡ ਸਥਿਤ ਗੁਰਦੁਆਰਾ ਹਰਿਕ੍ਰਿਸ਼ਨ ਸਾਹਿਬ ਵੱਲੋਂ ਸੰਗਤ ਨੂੰ ਇਤਿਹਾਸਕ ਅਸਥਾਨ ਗੁਰਦੁਆਰਾ ਬਾਬਾ ਬੁੱਢਾ ਜੋਹੜ ਰਾਜਸਥਾਨ ਦੀ ਯਾਤਰਾ ਕਰਵਾਈ ਗਈ। ਇਹ ਅਸਥਾਨ ਰਾਜਸਥਾਨ ਦੇ ਜੰਗਲੀ ਇਲਾਕੇ ਵਿੱਚ ਵਸਿਆ ਹੋਇਆ ਹੈ ਜਿਥੇ ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਬਾਬਾ ਬੁੱਢਾ ਜੀ ਦੇ ਹੁਕਮ ’ਤੇ ਦਰਬਾਰ ਸਾਹਿਬ ਅੰਮ੍ਰਿਤਸਰ ਘੋੜਿਆਂ ’ਤੇ ਚੜ੍ਹ ਕੇ ਗਏ ਅਤੇ ਦਰਬਾਰ ਸਾਹਿਬ ਅੰਦਰ ਸ਼ਰਾਬ ਪੀ ਕੇ ਕੰਜਰੀਆਂ ਦਾ ਨਾਚ ਕਰਵਾ ਰਹੇ ਮੱਸੇ ਰੰਗੜ ਦਾ ਸਿਰ ਵੱਡ ਕੇ ਨੇਜ਼ੇ ਉੱਤੇ ਟੰਗ ਕੇ ਵਾਪਸ ਗੁਰਦੁਆਰਾ ਬਾਬਾ ਬੁੱਢਾ ਜੋਹੜ ਪੁੱਜੇ। ਇਸ ਅਸਥਾਨ ’ਤੇ ਅੱਜ ਘੁਰੂ ਘਰ ਦੀ ਇਮਾਰਤ, ਵੱਡਾ ਲੰਗਰ ਹਾਲ, ਗੁਰਮਤਿ ਕਾਲਜ, ਅਜਾਇਬ ਘਰ ਤੇ ਹਸਪਤਾਲ ਬਣੇ ਹੋਏ ਹਨ। ਇਹ ਯਾਤਰਾ ਗੁਰਦੁਆਰਾ ਸਾਹਿਬ ਤੋਂ ਅਜੀਤ ਸਿੰਘ ਤੇ ਗੁਰਮੀਤ ਸਿੰਘ ਬਾਵਾ ਦੀ ਅਗਵਾਈ ਹੇਠ ਸਵੇਰੇ ਸਾਢੇ ਪੰਜ ਵਜੇ ਆਰੰਭ ਹੋਈ, ਜੋ ਗੁਰਦੁਆਰਾ ਟੁੱਟੀ ਗੰਢੀ ਮੁਕਤਸਰ ਸਾਹਿਬ ਦੇ ਦਰਸ਼ਨ ਕਰ ਕੇ ਸ਼ਾਮ ਵੇਲੇ ਗੁਰਦੁਆਰਾ ਬੁੱਢਾ ਜੋਹੜ ਪੁੱਜੀ। ਅਗਲੇ ਦਿਨ ਸੰਗਤ ਨੂੰ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਦਰਸ਼ਨ ਕਰਵਾਏ ਗਏ।