ਮਾਲ ਦੀ ਢੁਆਈ: ਵੱਡੇ ਟਰਾਂਸਪੋਰਟਰਾਂ ਵੱਲੋਂ ਡੀਐੱਸਪੀ ਨਾਲ ਮੁਲਾਕਾਤ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 15 ਜੁਲਾਈ
ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ ਫੁੱਲੋਖਾਰੀ ਵਿੱਚੋਂ ਮਾਲ ਦੀ ਢੋਆ-ਢੁਆਈ ਲਈ ਸਥਾਨਕ ਟਰੱਕ ਅਪਰੇਟਰਾਂ ਵੱਲੋਂ ਬਾਹਰਲੇ ਟਰੱਕਾਂ ਨੂੰ ਕਾਰਖਾਨੇ ਵਿੱਚ ਜਾਣ ਤੋਂ ਰੋਕਣ ਦੇ ਮਸਲੇ ਸਬੰਧੀ ਅੱਜ ਵੱਡੇ ਟਰਾਂਸਪੋਰਟਰ ਸਥਾਨਕ ਡੀਐੱਸਪੀ ਤਲਵੰਡੀ ਸਾਬੋ ਨੂੰ ਮਿਲੇ। ਪੁਲੀਸ ਅਧਿਕਾਰੀ ਨੂੰ ਮਿਲਣ ਆਏ ਵੱਡੇ ਟਰਾਂਸਪੋਰਟਰਾਂ ’ਚ ਜਗਤਾਰ ਸਿੰਘ ਆਹਲੂਵਾਲੀਆ ਤੇ ਸ਼ਿਵਰਾਜ ਸਿੰਘ ਮੌੜ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਰਿਫਾਇਨਰੀ ਵਿੱਚੋਂ ਸ਼ਰਤਾਂ ਅਨੁਸਾਰ ਟਰੱਕਾਂ ਰਾਹੀਂ ਮਾਲ ਦੀ ਢੋਆ ਢੁਆਈ ਕਰਦੇ ਆ ਰਹੇ ਹਨ, ਪਰ ਹੁਣ ਸਥਾਨਕ ਟਰਾਂਸਪੋਰਟਰਾਂ ਵੱਲੋਂ ਉਨ੍ਹਾਂ ਦੇ ਟਰੱਕਾਂ ਨੂੰ ਰਿਫਾਇਨਰੀ ਵਿੱਚੋਂ ਮਾਲ ਭਰਨ ਤੋਂ ਰੋਕਿਆ ਜਾ ਰਿਹਾ ਹੈ ਅਤੇ ਅੰਦਰ ਜਾਣ ਨਹੀਂ ਦਿੱਤਾ ਜਾਂਦਾ ਜਿਸ ਕਰਕੇ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕਲ ਟਰਾਂਸਪੋਰਟਰਾਂ ਦੀ ਧੱਕੇਸ਼ਾਹੀ ਨੂੰ ਰੋਕਣ ਲਈ ਉਨ੍ਹਾਂ ਐੱਸਐੱਸਪੀ ਬਠਿੰਡਾ ਨੂੰ ਦਰਖਾਸਤ ਦਿੱਤੀ ਸੀ। ਇਸ ਮੌਕੇ ਕੁੱਝ ਬਰੋਕਰਾਂ ਨੇ ਵੀ ਦੋਸ਼ ਲਾਇਆ ਕਿ ਉਨ੍ਹਾਂ ਦੀਆਂ ਗੱਡੀਆਂ ਨੂੰ ਵੀ ਲੋਕਲ ਟਰਾਂਸਪੋਟਰਾਂ ਵੱਲੋਂ ਰਿਫਾਈਨਰੀ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ। ਗੁੰਡਾ ਟੈਕਸ ਵਸੂਲਣ ਦੇ ਸਬੰਧ ਵਿੱਚ ਚਾਹੇ ਵੱਡੇ ਟਰਾਂਸਪੋਟਰ ਕੁੱਝ ਕਹਿਣ ਤੋਂ ਚੁੱਪ ਰਹੇ, ਪਰ ਕੁਝ ਟਰੱਕ ਡਰਾਈਵਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਤੋਂ ਗੁੰਡਾ ਟੈਕਸ ਵੀ ਵਸੂਲਿਆ ਜਾਂਦਾ ਹੈ। ਵੱਡੇ ਟਰਾਂਸਪੋਰਟਰਾਂ ਨੇ ਪੁਲੀਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਧੱਕੇਸ਼ਾਹੀ ਰੋਕ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।
ਮਾਮਲੇ ਦੀ ਜਾਂਚ ਕਰਾਂਗੇ: ਡੀਐੱਸਪੀ
ਡੀਐੱਸਪੀ ਰਾਜ਼ੇਸ ਸਨੇਹੀ ਨੇ ਦੱਸਿਆ ਕਿ ਇਸ ਮਾਮਲੇ ਦੇ ਸਬੰਧ ਵਿੱਚ ਉਨ੍ਹਾਂ ਕੋਲ ਦਰਖਾਸਤ ਆਈ ਹੈ ਤੇ ਉਹ ਇਸ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਨਾਲ ਵੀ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ।