Transport minister ਹਰਿਆਣਾ: ਸਵਾਰੀਆਂ ਤੋਂ ਬੱਸ ਨੂੰ ਧੱਕਾ ਲਵਾਉਣ ਕਾਰਨ ਡਰਾਈਵਰ ਨੂੰ ਮੁਅੱਤਲ
08:40 PM Nov 29, 2024 IST
ਕੈਥਲ ਦੇ ਬਸ ਸਟੈਂਡ ਵਿੱਚ ਖਾਣ ਪੀਣ ਵਾਲੀ ਦੁਕਾਨ ਤੇ ਰੱਖੇ ਸਮਾਨ ਦਾ ਨਿਰੀਖਣ ਕਰਦੇ ਹੋਏ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿਜ
ਰਾਮ ਕੁਮਾਰ ਮਿੱਤਲ
Advertisement
ਗੂਹਲਾ ਚੀਕਾ( ਕੈਥਲ), 29 ਨਵੰਬਰ
ਹਰਿਆਣਾ ਦੇ ਟਰਾਂਸਪੋਰਟ, ਊਰਜਾ ਅਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਸ਼ੁੱਕਰਵਾਰ ਸ਼ਾਮ ਨੂੰ ਕੈਥਲ ਬੱਸ ਸਟੈਂਡ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬੱਸ ਸਟੈਂਡ 'ਤੇ ਮੁਸਾਫਰਾਂ ਲਈ ਸਮਾਂਬੱਧ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਅਧਿਕਾਰੀਆਂ ਨੂੰ ਬੱਸ ਸਟੈਂਡ 'ਤੇ ਚਲਾਈਆਂ ਜਾ ਰਹੀਆਂ ਦੁਕਾਨਾਂ 'ਚ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ, ਯਾਤਰੀਆਂ ਨੂੰ ਪੀਣ ਵਾਲੇ ਪਾਣੀ, ਪਖਾਨਿਆਂ ਦੀ ਸਾਫ਼-ਸਫ਼ਾਈ ਅਤੇ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਦੀ ਹਦਾਇਤ ਵੀ ਕੀਤੀ। ਪਖਾਨਿਆਂ ਵਿੱਚ ਸਫ਼ਾਈ ਨਾ ਹੋਣ ਕਾਰਨ ਉਨ੍ਹਾਂ ਨੇ ਸੰਚਾਲਕ ਸੰਸਥਾ ਦੇ ਮੈਨੇਜਰ ਸੁਨੀਲ ਕੁਮਾਰ ਨੂੰ ਅਤੇ ਸਵਾਰੀਆਂ ਤੋਂ ਧੱਕਾ ਲਵਾ ਕੇ ਬੱਸ ਸਟਾਰਟ ਕਰਵਾਉਣ ਦੇ ਦੋਸ਼ ਹੇਠ ਬੱਸ ਡਰਾਈਵਰ ਮੋਨੂੰ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ।
ਟਰਾਂਸਪੋਰਟ ਮੰਤਰੀ ਵਿੱਜ ਸਿਰਸਾ ਤੋਂ ਚੰਡੀਗੜ੍ਹ ਜਾਂਦੇ ਸਮੇਂ ਅਚਾਨਕ ਸ਼ਾਮ ਨੂੰ ਕੈਥਲ ਦੇ ਬੱਸ ਸਟੈਂਡ 'ਤੇ ਪਹੁੰਚ ਗਏ, ਜਿੱਥੇ ਉਨ੍ਹਾਂ ਨੇ ਬੱਸ ਨੂੰ ਧੱਕਾ ਲਾ ਕੇ ਸਟਾਰਟ ਕੀਤਾ ਜਾ ਰਿਹਾ ਸੀ। ਨਿਰੀਖਣ ਦੌਰਾਨ ਵੀਟਾ ਬੂਥ ਨੂੰ ਬੰਦ ਕਰਨ ਦੀ ਸੂਚਨਾ ਮਿਲਦਿਆਂ ਹੀ ਟਰਾਂਸਪੋਰਟ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਸੈਂਪਲ ਲੈਣ ਦੇ ਨਿਰਦੇਸ਼ ਵੀ ਦਿੱਤੇ।
ਵਿੱਜ ਨੇ ਰੋਡਵੇਜ਼ ਦੇ ਜਨਰਲ ਮੈਨੇਜਰ ਨੂੰ ਪ੍ਰਾਈਵੇਟ ਬੱਸਾਂ ਦੀਆਂ ਟਿਕਟਾਂ ਵੀ ਚੈੱਕ ਕਰਨ ਅਤੇ ਪਖਾਨੇ ਦੀ ਸਫਾਈ ਨਾ ਹੋਣ 'ਤੇ ਰੋਡਵੇਜ਼ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪਖਾਨਿਆਂ ਵਿੱਚ 24 ਘੰਟੇ ਸਾਫ਼-ਸਫ਼ਾਈ ਅਤੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
Advertisement