ਪਾਰਦਰਸ਼ਤਾ ਨੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਵਿੱਤੀ ਤਾਕਤ ਦਿੱਤੀ: ਨੱਢਾ
ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 8 ਅਗਸਤ
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਮੰਗਲਵਾਰ ਨੂੰ ਸੂਰਜਕੁੰਡ ਦੇ ਰਾਜਹੰਸ ਕਨਵੈਨਸ਼ਨ ਸੈਂਟਰ ਵਿੱਚ ਦੋ ਰੋਜ਼ਾ ਖੇਤਰੀ ਪੰਚਾਇਤੀ ਰਾਜ ਪਰਿਸ਼ਦ ਦੀ ਬੈਠਕ ਦੀ ਰਸਮੀ ਤੌਰ ’ਤੇ ਸਮਾਪਤੀ ਕੀਤੀ। ਇਸ ਮੌਕੇ ਸ੍ਰੀ ਨੱਢਾ ਨੇ ਕਿਹਾ ਕਿ ਖੇਤਰੀ ਪੰਚਾਇਤੀ ਰਾਜ ਪਰਿਸ਼ਦ ਪ੍ਰੋਗਰਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੇਰਨਾ ਨਾਲ ਕਰਵਾਇਆ ਜਾ ਰਿਹਾ ਹੈ। ਪਿਛਲੇ ਨੌਂ ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਜਿਸ ਤਰ੍ਹਾਂ ਤਿੰਨ-ਪੱਧਰੀ ਪੰਚਾਇਤੀ ਰਾਜ ਨੂੰ ਮਜ਼ਬੂਤ ਕੀਤਾ ਗਿਆ ਹੈ, ਉਹ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ। ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਡਿਜੀਟਲ ਇੰਡੀਆ ਅਤੇ ਜੈਮ ਪੋਰਟਲ ਦੀ ਵਰਤੋਂ ਕਰਕੇ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਪਾਰਦਰਸ਼ਤਾ ਲਿਆਂਦੀ ਗਈ। ਪਾਰਦਰਸ਼ਤਾ ਸਦਕਾ ਪੰਚਾਇਤੀ ਰਾਜ ਸੰਸਥਾਵਾਂ ਨੂੰ ਅੱਜ ਕਾਫੀ ਆਰਥਿਕ ਤਾਕਤ ਮਿਲੀ ਹੈ। ਖੇਤਰੀ ਪੰਚਾਇਤੀ ਰਾਜ ਕੌਂਸਲ ਦੇ ਦੂਜੇ ਦਿਨ ਵੀ ਸੈਸ਼ਨ ਜਾਰੀ ਰਿਹਾ। ਇਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਪੰਚਾਇਤੀ ਰਾਜ ਦੇ ਪ੍ਰਧਾਨਾਂ ਅਤੇ ਉਪ ਪ੍ਰਧਾਨਾਂ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਪਿੰਡਾਂ ਵਿੱਚ ਵਸਦਾ ਹੈ ਅਤੇ ਪ੍ਰਧਾਨ ਮੰਤਰੀ ਵੱਲੋਂ ਪਿੰਡਾਂ ਨੂੰ ਮਜ਼ਬੂਤ ਅਤੇ ਉੱਨਤ ਬਣਾਉਣ ਲਈ ਜੋ ਉਪਰਾਲਾ ਕੀਤਾ ਗਿਆ ਹੈ ਉਹ ਸ਼ਲਾਘਾਯੋਗ ਹੈ। ਖੇਤੀਬਾੜੀ ਮੰਤਰੀ ਨੇ ਸਮੂਹ ਪੰਚਾਇਤ ਪ੍ਰਧਾਨਾਂ ਅਤੇ ਮੀਤ ਪ੍ਰਧਾਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। ਜ਼ੋਨਲ ਕੌਂਸਲ ਦੀ ਮੀਟਿੰਗ ਵਿੱਚ ਉੱਤਰ ਪ੍ਰਦੇਸ਼, ਹਿਮਾਚਲ, ਉੱਤਰਾਖੰਡ, ਹਰਿਆਣਾ, ਜੰਮੂ-ਕਸ਼ਮੀਰ, ਲੱਦਾਖ ਅਤੇ ਰਾਜਸਥਾਨ ਦੀਆਂ ਜ਼ਿਲ੍ਹਾ ਪੰਚਾਇਤਾਂ ਦੇ ਪ੍ਰਧਾਨਾਂ ਅਤੇ ਉਪ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ।