ਪਿੰਡ ਕਾਲੇਕੇ ਦੇ ਖੇਤ ’ਚੋਂ ਟਰਾਂਸਫਾਰਮਰ ਚੋਰੀ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 27 ਜੂਨ
ਚੋਰਾਂ ਨੇ ਇੱਕ ਵਾਰ ਫਿਰ ਖੇਤਾਂ ‘ਚ ਲੱਗੇ ਟਰਾਂਸਫਾਰਮਰਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਪਿੰਡ ਕਾਲੇਕੇ ਦੇ ਕਿਸਾਨ ਗੁਰਦੇਵ ਸਿੰਘ ਨੰਬਰਦਾਰ ਦੇ ਖੇਤ ‘ਚ ਟਰਾਂਸਫਾਰਮ ਦਾ ਅੰਦਰਲਾ ਸਾਮਾਨ ਤਾਂਬਾ, ਤੇਲ ਅਤੇ ਹੋਰ ਕੀਮਤੀ ਸਾਮਾਨ ਚੋਰ ਚੋਰੀ ਕਰਕ ਲੈ ਗਏ। ਇਸ ਤੋਂ ਇਲਾਵਾ ਕਿਸਾਨ ਜੱਗਾ ਸਿੰਘ ਦੇ ਖੇਤ ‘ਚ ਲੱਗੀ ਮੋਟਰ ਕੇਬਲ ਤਾਰ ਚੋਰੀ ਕਰਕੇ ਲੈ ਗਏ। ਭਾਕਿਯੂ ਕਾਦੀਆਂ ਦੇ ਆਗੂ ਜਸਮੇਲ ਸਿੰਘ ਕਾਲੇਕੇ ਤੇ ਜਸਵੀਰ ਸਿੰਘ ਕਾਲੇਕੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਲੰਘੀ ਰਾਤ ਚੋਰਾਂ ਵੱਲੋਂ ਕਿਸਾਨ ਗੁਰਦੇਵ ਸਿੰਘ ਦੇ ਖੇਤ ‘ਚ 16 ਕੇਵੀ ਦੇ ਟਰਾਂਸਫਾਰਮਰ ਦਾ ਸਾਰਾ ਕੀਮਤੀ ਸਾਮਾਨ ਚੋਰੀ ਕਰਕੇ ਟਰਾਂਸਫਾਰਮਰ ਦੀ ਖਾਲੀ ਬਾਡੀ ਖੇਤਾਂ ‘ਚ ਸੁੱਟ ਦਿੱਤੀ ਅਤੇ ਜੱਗਾ ਦੇ ਖੇਤ ‘ਚ ਕੇਬਲ ਤਾਰ ਚੋਰੀ ਕਰਕੇ ਲੈ ਗਏ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਦੀ ਸੂਚਨਾ ਥਾਣਾ ਧਨੌਲਾ ‘ਚ ਦੇ ਦਿੱਤੀ ਹੈ। ਆਗੂਆਂ ਨੇ ਕਿਹਾ ਕਿ ਬਿਜਲੀ ਬੋਰਡ ਵੱਲੋਂ ਕਿਸਾਨ ਨੂੰ ਨਵਾਂ ਟਰਾਂਸਫਾਰਮ ਅੱਜ ਹੀ ਜਾਰੀ ਕਰ ਦਿੱਤਾ ਗਿਆ। ਇਸ ਮੌਕੇ ਤਾਰਾ ਸਿੰਘ, ਪਾਲ ਸਿੰਘ, ਦਿਆਲ ਸਿੰਘ, ਲਖਵਿੰਦਰ ਸਿੰਘ ਆਦਿ ਮੌਜੂਦ ਸਨ।