ਪੰਜਾਬ ਸਰਕਾਰ ਵੱਲੋਂ ਦਸ ਡਿਪਟੀ ਕਮਿਸ਼ਨਰਾਂ ਦੇ ਤਬਾਦਲੇ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਸਤੰਬਰ
ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਸੂਬੇ ਦੇ ਦਸ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਤਬਾਦਲੇ ਕਰ ਦਿੱਤੇ ਹਨ। ਸਰਕਾਰ ਨੇ ਅੱਜ ਇੱਕ ਪੀਸੀਐੱਸ ਅਧਿਕਾਰੀ ਸਮੇਤ 38 ਆਈਏਐੱਸ ਅਧਿਕਾਰੀ ਬਦਲੇ ਹਨ। ਪਟਿਆਲਾ ਤੋਂ ਬਦਲੇ ਸ਼ੌਕਤ ਅਹਿਮਦ ਪਰੇ ਨੂੰ ਮੁੜ ਬਠਿੰਡਾ ਦਾ ਡਿਪਟੀ ਕਮਿਸ਼ਨਰ ਅਤੇ ਜਤਿੰਦਰ ਜੋਰਵਾਲ ਨੂੰ ਲੁਧਿਆਣਾ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਸਾਕਸ਼ੀ ਸਾਹਨੀ ਨੂੰ ਅੰਮ੍ਰਿ੍ਤਸਰ, ਪ੍ਰੀਤੀ ਯਾਦਵ ਨੂੰ ਪਟਿਆਲਾ, ਦੀਪਸ਼ਿਖਾ ਸ਼ਰਮਾ ਨੂੰ ਫਿਰੋਜ਼ਪੁਰ, ਸੰਦੀਪ ਰਿਸ਼ੀ ਨੂੰ ਸੰਗਰੂਰ, ਅਮਰਪ੍ਰੀਤ ਕੌਰ ਸੰਧੂ ਨੂੰ ਫਾਜ਼ਿਲਕਾ, ਹਿਮਾਂਸ਼ੂ ਜੈਨ ਨੂੰ ਰੋਪੜ, ਸੋਨਾ ਥਿੰਦ ਨੂੰ ਫਤਹਿਗੜ੍ਹ ਸਾਹਿਬ ਅਤੇ ਰਾਜੇਸ਼ ਧੀਮਾਨ ਨੂੰ ਸ਼ਹੀਦ ਭਗਤ ਸਿੰਘ ਨਗਰ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਸੰਗਰੂਰ ਦੇ ਵਧੀਕ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਦੀ ਮੁੱਖ ਮੰਤਰੀ ਨਾਲ ਬਤੌਰ ਵਧੀਕ ਪ੍ਰਮੁੱਖ ਸਕੱਤਰ ਤਾਇਨਾਤੀ ਕੀਤੀ ਗਈ ਹੈ ਅਤੇ ਇਸ ਤੋਂ ਪਹਿਲਾਂ ਉਹ ਸੰਗਰੂਰ ਦੇ ਵਧੀਕ ਡਿਪਟੀ ਕਮਿਸ਼ਨਰ ਸਨ। ਨਗਰ ਨਿਗਮਾਂ ਦੇ ਕਈ ਕਮਿਸ਼ਨਰ ਵੀ ਬਦਲੇ ਗਏ ਹਨ, ਜਿਨ੍ਹਾਂ ਵਿਚ ਆਦਿੱਤਿਆ ਡਾਚਲਵਾਲ ਨੂੰ ਨਗਰ ਨਿਗਮ ਪਟਿਆਲਾ ਤੋਂ ਬਦਲ ਕੇ ਨਗਰ ਨਿਗਮ ਲੁਧਿਆਣਾ ਵਿਚ ਕਮਿਸ਼ਨਰ ਲਗਾਇਆ ਗਿਆ ਹੈ। ਜਸਪ੍ਰੀਤ ਸਿੰਘ ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ ਲਗਾਇਆ ਗਿਆ ਹੈ। ਬਠਿੰਡਾ ਨਿਗਮ ਦੇ ਕਮਿਸ਼ਨਰ ਰਾਹੁਲ ਨੂੰ ਹੁਣ ਵਧੀਕ ਸੈਕਟਰੀ ਤਾਲਮੇਲ ਲਗਾਇਆ ਗਿਆ ਹੈ।
ਆਈਏਐੱਸ ਅਧਿਕਾਰੀ ਪਰਮਜੀਤ ਸਿੰਘ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਡਾਇਰੈਕਟਰ ਲਗਾਇਆ ਗਿਆ ਹੈ। ਅਨਿੰਦਤਾ ਮਿਤਰਾ ਨੂੰ ਸਹਿਕਾਰਤਾ ਦੀ ਸਕੱਤਰ ਅਤੇ ਰਾਮਵੀਰ ਨੂੰ ਪੰਜਾਬ ਮੰਡੀ ਬੋਰਡ ਦਾ ਸਕੱਤਰ ਲਗਾਇਆ ਗਿਆ ਹੈ। ਘਨਸ਼ਿਆਮ ਥੋਰੀ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦਾ ਵਿਸ਼ੇਸ਼ ਸਕੱਤਰ ਤਾਇਨਾਤ ਕੀਤਾ ਹੈ, ਜਦੋਂ ਕਿ ਅਪਨੀਤ ਰਿਆਤ ਨੂੰ ਹਾਊਸਿੰਗ ਦਾ ਸਪੈਸ਼ਲ ਸੈਕਟਰੀ ਲਾਇਆ ਗਿਆ ਹੈ। ਇਸੇ ਤਰ੍ਹਾਂ ਵਿਕਾਸ ਪ੍ਰਤਾਪ ਵਧੀਕ ਮੁੱਖ ਸਕੱਤਰ ਆਬਕਾਰੀ ਰਹਿਣਗੇ, ਜਦੋਂ ਕਿ ਕ੍ਰਿਸ਼ਨ ਕੁਮਾਰ ਨੂੰ ਜਲ ਸਰੋਤ ਵਿਭਾਗ ਦੇ ਨਾਲ ਹੁਣ ਵਿੱਤ ਕਮਿਸ਼ਨਰ ਟੈਕਸੇਸ਼ਨ ਲਾਇਆ ਹੈ। ਅਲੋਕ ਸ਼ੇਖਰ ਨੂੰ ਨਿਆਂ ਵਿਭਾਗ ਵੀ ਦਿੱਤਾ ਗਿਆ ਹੈ। ਪ੍ਰਿਆਂਕ ਭਾਰਤੀ ਨੂੰ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਪ੍ਰਬੰਧਕੀ ਸਕੱਤਰ ਲਾਇਆ ਗਿਆ ਹੈ ਅਤੇ ਅਮਿਤ ਢਾਕਾ ਨੂੰ ਪ੍ਰਿਟਿੰਗ ਅਤੇ ਸਟੇਸ਼ਨਰੀ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਰਵੀ ਭਗਤ ਨੂੰ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਦਾ ਚਾਰਜ ਵੀ ਦਿੱਤਾ ਗਿਆ ਹੈ ਅਤੇ ਮਾਲਵਿੰਦਰ ਸਿੰਘ ਜੱਗੀ ਨੂੰ ਹੁਣ ਸੈਰ ਸਪਾਟਾ ਵਿਭਾਗ ਦਾ ਚਾਰਜ ਵੀ ਦੇ ਦਿੱਤਾ ਗਿਆ ਹੈ। ਦੀਪਤੀ ਉਪਲ ਨੂੰ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁੱਖ ਕਾਰਜਕਾਰੀ ਅਫਸਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸੇਨੂੰ ਦੁੱਗਲ ਨੂੰ ਸ਼ੂਗਰਫੈਡ ਦੀ ਐਮਡੀ ਲਾਇਆ ਗਿਆ ਹੈ। ਇਸੇ ਤਰ੍ਹਾਂ ਹੀ ਪਰਮਵੀਰ ਸਿੰਘ ਨੂੰ ਵਿੱਤ ਦਾ ਸਪੈਸ਼ਲ ਸਕੱਤਰ ਅਤੇ ਗੁਲਪ੍ਰੀਤ ਸਿੰਘ ਔਲਖ ਨੂੰ ਨਗਰ ਨਿਗਮ ਅੰਮ੍ਰਿਤਸਰ ਦਾ ਕਮਿਸ਼ਨਰ ਤਾਇਨਾਤ ਕੀਤਾ ਗਿਆ ਹੈ। ਰਾਜੀਵ ਕੁਮਾਰ ਗੁਪਤਾ ਨੂੰ ਸਟੇਟ ਟਰਾਂਸਪੋਰਟ ਦਾ ਡਾਇਰੈਕਟਰ ਲਾਇਆ ਗਿਆ ਹੈ।