ਦਿੱਲੀ ਸਰਕਾਰ ਦੇ ਕਈ ਅਧਿਕਾਰੀਆਂ ਦੇ ਤਬਾਦਲੇ
ਨਵੀਂ ਦਿੱਲੀ, 24 ਜੁਲਾਈ
ਦਿੱਲੀ ਸਰਕਾਰ ਦੇ ਸੇਵਾ ਵਿਭਾਗ ਨੇ ਅੱਜ ਉਪ ਰਾਜਪਾਲ ਵੀਕੇ ਸਕਸੈਨਾ ਦੇ ਹੁਕਮਾਂ ’ਤੇ ਕਈ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ਦੇ ਕਈ ਅਧਿਕਾਰੀਆਂ ਦੇ ਤਬਾਦਲੇ ਕੀਤੇ। ਇਸ ਤਹਿਤ ਏ ਅਨਬਰਸੂ ਨੂੰ ਪ੍ਰਿੰਸੀਪਲ ਕਮਿਸ਼ਨਰ (ਵਪਾਰ ਅਤੇ ਕਰ) ਦੇ ਵਾਧੂ ਚਾਰਜ ਤੋਂ ਮੁਕਤ ਕਰ ਦਿੱਤਾ ਗਿਆ ਹੈ। ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਏਜੀਐੱਮਯੂਟੀ) ਕੇਡਰ ਦੇ 1996 ਬੈਚ ਦੇ ਆਈਏਐੱਸ ਅਧਿਕਾਰੀ ਅਨਬਰਸੂ ਹੁਣ ਪ੍ਰਮੁੱਖ ਸਕੱਤਰ (ਲੋਕ ਨਿਰਮਾਣ ਵਿਭਾਗ) ਵਜੋਂ ਕੰਮ ਕਰਨਗੇ ਅਤੇ ਦਿੱਲੀ ਜਲ ਬੋਰਡ (ਡੀਜੇਬੀ) ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਵਾਧੂ ਚਾਰਜ ਸੰਭਾਲਣਗੇ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਉਡੀਕ ਕਰ ਰਹੇ 2002 ਬੈਚ ਦੇ ਆਈਏਐੱਸ ਅਧਿਕਾਰੀ ਨਿਖਿਲ ਕੁਮਾਰ ਨੂੰ ਸਕੱਤਰ (ਭੂਮੀ ਅਤੇ ਇਮਾਰਤਾਂ) ਵਜੋਂ ਤਾਇਨਾਤ ਕੀਤਾ ਗਿਆ ਹੈ, ਜਦਕਿ 2008 ਬੈਚ ਦੀ ਆਈਏਐੱਸ ਅਧਿਕਾਰੀ ਚੰਚਲ ਯਾਦਵ ਨੂੰ ਸਕੱਤਰ (ਗ੍ਰਹਿ) ਬਣਾਇਆ ਗਿਆ ਹੈ। ਵਿਭਾਗ ਵੱਲੋਂ ਜਾਰੀ ਕੀਤੇ ਗਏ ਇੱਕ ਹੋਰ ਹੁਕਮ ਵਿੱਚ ਕਿਹਾ ਗਿਆ ਹੈ ਕਿ 2009 ਬੈਚ ਦੇ ਆਈਏਐੱਸ ਅਧਿਕਾਰੀ ਕੇਐੱਮ ਉੱਪੂ ਨੂੰ ਆਬਕਾਰੀ ਕਮਿਸ਼ਨਰ ਦੇ ਵਾਧੂ ਚਾਰਜ ਤੋਂ ਮੁਕਤ ਕਰ ਦਿੱਤਾ ਗਿਆ ਹੈ। ਹੁਣ ਉਹ ਸਿਰਫ਼ ਨਵੀਂ ਦਿੱਲੀ ਨਗਰ ਕੌਂਸਲ (ਐੱਨਡੀਐੱਮਸੀ) ਦੇ ਸਕੱਤਰ ਦਾ ਅਹੁਦਾ ਸੰਭਾਲਣਗੇ। ਇਸੇ ਤਰ੍ਹਾਂ 2010 ਬੈਚ ਦੇ ਸੂਚੀਬੱਧ ਆਈਏਐੱਸ ਅਧਿਕਾਰੀ ਆਰਤੀ ਲਾਲ ਸ਼ਰਮਾ ਅਤੇ ਜਤਿੰਦਰ ਯਾਦਵ ਨੂੰ ਕ੍ਰਮਵਾਰ ਦਿੱਲੀ ਵਿਕਾਸ ਅਥਾਰਿਟੀ ਅਤੇ ਦਿੱਲੀ ਨਗਰ ਨਿਗਮ ’ਚ ਭੇਜਿਆ ਗਿਆ ਹੈ। ਹੁਕਮ ਵਿੱਚ ਕਿਹਾ ਗਿਆ ਹੈ ਕਿ ਉਡੀਕ ਲਈ ਸੂਚੀਬੱਧ ਦੋ ਹੋਰ ਆਈਏਐੱਸ ਅਫ਼ਸਰ ਰਵੀ ਝਾਅ ਅਤੇ ਮਰਾਠਾ ਓਮਕਾਰ ਗੋਪਾਲ ਨੂੰ ਐੱਨਡੀਐੱਮਸੀ ਅਤੇ ਦਿੱਲੀ ਨਗਰ ਨਿਗਮ ਵਿੱਚ ਤਾਇਨਾਤ ਕੀਤਾ ਗਿਆ ਹੈ। -ਪੀਟੀਆਈ