For the best experience, open
https://m.punjabitribuneonline.com
on your mobile browser.
Advertisement

ਜੈਵਿਕ ਸਬਜ਼ੀਆਂ ਦੇ ਉਤਪਾਦਨ ਲਈ ਸਿਖਲਾਈ ਪ੍ਰੋਗਰਾਮ

07:06 AM May 06, 2024 IST
ਜੈਵਿਕ ਸਬਜ਼ੀਆਂ ਦੇ ਉਤਪਾਦਨ ਲਈ ਸਿਖਲਾਈ ਪ੍ਰੋਗਰਾਮ
ਸੰਗਰੂਰ ’ਚ ਸਿਖਲਾਈ ਪ੍ਰੋਗਰਾਮ ’ਚ ਸ਼ਾਮਲ ਕਿਸਾਨ। ਫੋਟੋ: ਲਾਲੀ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਮਈ
ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਡਾਇਰੈਕਟੋਰੇਟ ਆਫ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਆਈ.ਸੀ.ਏ.ਆਰ.-ਅਟਾਰੀ, ਜ਼ੋਨ-1, ਲੁਧਿਆਣਾ ਦੀ ਅਗਵਾਈ ਹੇਠ ਜੈਵਿਕ ਸਬਜ਼ੀਆਂ ਦੀ ਕਾਸ਼ਤ ਬਾਰੇ ਜਾਣਕਾਰੀ ਦੇਣ ਲਈ ਸਿਖਲਾਈ ਪ੍ਰੋਗਰਾਮ ਕੀਤਾ ਗਿਆ। ਇਸ ਵਿੱਚ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਪਿੰਡਾਂ ਤੋਂ 40 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ। ਇਸ ਸਿਖਲਾਈ ਪ੍ਰੋਗਰਾਮ ਦੇ ਉਦਘਾਟਨੀ ਸਮਾਰੋਹ ਦੌਰਾਨ ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਨੇ ਸਿਖਿਆਰਥੀਆਂ ਦਾ ਨਿੱਘਾ ਸੁਆਗਤ ਕਰਦਿਆਂ ਦੱਸਿਆ ਕਿ ਜੈਵਿਕ ਖੇਤੀ ਦਾ ਮੂਲ ਸੰਕਲਪ ਮਿੱਟੀ ਦੀ ਸਿਹਤ ਅਤੇ ਵਾਤਾਵਰਨ ਨਾਲ ਬਿਨਾਂ ਛੇੜਛਾੜ ਕੀਤੇ ਉੱਚ ਗੁਣਵੱਤਾ ਵਾਲਾ ਭੋਜਨ ਪੈਦਾ ਕਰਨਾ ਹੈ। ਉਨ੍ਹਾਂ ਜੈਵਿਕ ਤਰੀਕੇ ਨਾਲ ਪੈਦਾ ਕੀਤੀਆਂ ਸਬਜ਼ੀਆਂ ਦੀ ਵਧਦੀ ਮੰਗ ਅਤੇ ਬਜ਼ਾਰ ਵਿੱਚ ਮਿਲਦੀ ਵੱਧ ਕੀਮਤ ਦੇ ਮੱਦੇਨਜ਼ਰ ਸਿਖਿਆਰਥੀਆਂ ਨੂੰ ਜੈਵਿਕ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ।
ਡਾ. ਮਨੀਸ਼ਾ, ਸਬਜ਼ੀ ਵਿਗਿਆਨੀ, ਸਕੂਲ ਆਫ਼ ਆਰਗੈਨਿਕ ਫਾਰਮਿੰਗ, ਪੀਏਯੂ, ਲੁਧਿਆਣਾ ਨੇ ਰਸਾਇਣ ਰਹਿਤ ਸਬਜ਼ੀਆਂ ਦੇ ਉਤਪਾਦਨ ਲਈ ਪੀਏਯੂ, ਲੁਧਿਆਣਾ ਦੁਆਰਾ ਵਿਕਸਤ ਕੀਤੀਆਂ ਵਾਤਾਵਰਣ ਅਨੁਕੂਲ ਸਿਫ਼ਾਰਿਸ਼ਾਂ/ਤਕਨਾਲੋਜੀ ‘ਤੇ ਚਰਚਾ ਕੀਤੀ। ਡਾ. ਰਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਪੀਏਯੂ ਦੁਆਰਾ ਵਿਕਸਿਤ ਵੱਖ-ਵੱਖ ਵੱਧ ਝਾੜ ਦੇਣ ਵਾਲੀਆਂ ਅਤੇ ਰੋਗ ਮੁਕਤ ਸਬਜ਼ੀਆਂ ਦੀਆਂ ਕਿਸਮਾਂ, ਫਸਲੀ ਚੱਕਰ, ਮਲਚਿੰਗ ਤਕਨੀਕਾਂ ਅਤੇ ਵੱਖ-ਵੱਖ ਸਬਜ਼ੀਆਂ ਦੀ ਖੇਤੀ ਪ੍ਰਣਾਲੀਆਂ ਵਿੱਚ ਕੀੜੇ-ਮਕੌੜਿਆਂ ਦੇ ਜੈਵਿਕ ਤਰੀਕਿਆਂ ਨਾਲ ਕੰਟਰੋਲ ਕਰਨ ਬਾਰੇ ਜਾਣਕਾਰੀ ਦਿੱਤੀ।
ਡਾ. ਏ.ਐਸ. ਮਾਨ, ਡਾਇਰੈਕਟਰ, ਉੱਦਮੀ ਕਿਸਾਨ ਉਤਪਾਦਕ ਸੰਗਠਨ, ਸੰਗਰੂਰ ਨੇ ਕਿਸਾਨਾਂ ਨੂੰ ਖੇਤੀ ਦੇ ਕਿੱਤੇ ਵਿੱਚ ਸਥਿਰਤਾ ਲਈ ਜੈਵਿਕ ਸਬਜ਼ੀਆਂ ਦੀ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ। ਕਿਸਾਨ ਪਰਮਲ ਸਿੰਘ ਪਿੰਡ ਘਾਬਦਾਂ, ਕਰਮਜੀਤ ਸਿੰਘ ਪਿੰਡ ਭਲਵਾਨ, ਰਾਜਪਾਲ ਸਿੰਘ ਪਿੰਡ ਚੋਟੀਆਂ ਅਤੇ ਸ੍ਰੀ ਸੰਜੀਵ ਪਿੰਡ ਸੂਲਰ ਘਰਾਟ ਨੇ ਸਿਖਲਾਈ ਪ੍ਰੋਗਰਾਮ ਦੌਰਾਨ ਵਰਮੀ ਕੰਪੋਸਟ ਤਿਆਰ ਕਰਨ, ਨਿੰਮ ਦੇ ਸਪਰੇਅ ਦੀ ਵਰਤੋਂ, ਅਤੇ ਕੁਆਲਿਟੀ ਸਬਜ਼ੀਆਂ ਦੇ ਉਤਪਾਦਨ ਵਿੱਚ ਮਲਚਿੰਗ ਦੇ ਲਾਭਾਂ ਬਾਰੇ ਸਿਖਿਆਰਥੀਆਂ ਨਾਲ ਤਜਰਬੇ ਸਾਂਝੇ ਕੀਤੇ।

Advertisement

Advertisement
Author Image

Advertisement
Advertisement
×