ਖਜੂਰਾਹੋ ਹਵਾਈ ਅੱਡੇ ’ਤੇ ਸਿਖਲਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਦੋਵੇਂ ਪਾਇਲਟ ਸੁਰੱਖਿਅਤ
ਲੈਂਡਿੰਗ ਗੀਅਰ ਜਾਮ ਹੋਇਆ, ਡੀਜੀਸੀਏ ਵੱਲੋਂ ਘਟਨਾ ਦੀ ਜਾਂਚ ਦੇ ਹੁਕਮ
ਖਜੂਰਾਹੋ(ਮੱਧ ਪ੍ਰਦੇਸ਼), 10 ਜੂਨ
ਖਜੂਰਾਹੋ ਹਵਾਈ ਅੱਡੇ ’ਤੇ ਅੱਜ ਇਕ ਨਿੱਜੀ ਫਲਾਈਂਗ ਅਕੈਡਮੀ ਦੇ ਸਿਖਲਾਈ ਜਹਾਜ਼ ਨੂੰ ਇਸ ਦਾ ਸੱਜੇ ਵਾਲੇ ਪਾਸੇ ਦਾ ਪਿਛਲਾ ਪਹੀਆ (ਲੈਂਡਿੰਗ ਗੀਅਰ) ਨਾ ਖੁੱਲ੍ਹਣ ਕਰਕੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਅਧਿਕਾਰੀ ਨੇ ਕਿਹਾ ਕਿ ਜਹਾਜ਼ ਦਾ ਪਾਇਲਟ ਤੇ ਟਰੇਨੀ ਪਾਇਲਟ ਦੋਵੇਂ ਸੁਰੱਖਿਅਤ ਹਨ।
ਖਜੂਰਾਹੋ ਹਵਾਈ ਅੱਡੇ ਦੇ ਡਾਇਰੈਕਟਰ ਸੰਤੋਸ਼ ਸਿੰਘ ਨੇ ਦੱਸਿਆ ਕਿ ਪਾਇਲਟ ਨੇ ਏਅਰ ਟਰੈਫਿਕ ਕੰਟਰੋਲਰ ਨੂੰ ਦੱਸਿਆ ਸੀ ਕਿ ਜਹਾਜ਼ ਦਾ ਪਿਛਲਾ ਪਹੀਆ ਨਹੀਂ ਖੁੱਲ੍ਹ ਰਿਹਾ। ਜਹਾਜ਼ ਸਿਖਲਾਈ ਉਡਾਣ ਲਈ ਨਿਯਮਤ ਗੇੜੀ ’ਤੇ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਹੰਗਾਮੀ ਹਾਲਾਤ ਲਈ ਹਰ ਤਰ੍ਹਾਂ ਦੀ ਇਹਤਿਆਤ ਵਰਤੀ ਗਈ ਤੇ ਰਗੜ ਕਰਕੇ ਜਹਾਜ਼ ਨੂੰ ਅੱਗ ਨਾ ਲੱਗੇ ਇਸ ਲਈ ਫੋਮ ਦੀ ਸਪਰੇਅ ਕੀਤੀ ਗਈ।
ਸਿੰਘ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਪਾਇਲਟ ਨੇ ਸ਼ਾਮੀਂ 3:40 ਵਜੇ ਦੇ ਕਰੀਬ ਐਮਰਜੈਂਸੀ ਲੈਂਡਿੰਗ ਕੀਤੀ। ਉਨ੍ਹਾਂ ਕਿਹਾ ਕਿ ਜਹਾਜ਼ ਘੱਟ ਤੋਂ ਘੱਟ ਈਂਧਣ ਰੱਖਣ ਲਈ ਹਵਾ ਵਿਚ ਦੋ ਘੰਟੇ ਦੇ ਕਰੀਬ ਗੇੜੀ ਲਾਉਂਦਾ ਰਿਹਾ ਤੇ ਮਗਰੋਂ ਹੰਗਾਮੀ ਹਾਲਾਤ ਵਿਚ ਦੋ ਪਹੀਆਂ ਉੱਤੇ ਲੈਂਡਿੰਗ ਕੀਤੀ। ਉਨ੍ਹਾਂ ਕਿਹਾ ਕਿ ਹਵਾਬਾਜ਼ੀ ਨਿਗਰਾਨ DGCA ਵੱਲੋਂ ਘਟਨਾ ਦੀ ਜਾਂਚ ਕੀਤੀ ਜਾਵੇਗੀ। ਜਹਾਜ਼ ਇੰਡੀਅਨ ਫਲਾਈਂਗ ਅਕੈਡਮੀ ਦਾ ਸੀ। -ਪੀਟੀਆਈ