ਕਿਸਾਨ ਕਲੱਬ ਵੱਲੋਂ ਨੀਵੀਂ ਸੁਰੰਗ ਤਕਨੀਕ ਬਾਰੇ ਸਿਖਲਾਈ ਕੈਂਪ
ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਨਵੰਬਰ
ਪੀਏਯੂ ਦੇ ਕਿਸਾਨ ਕਲੱਬ ਵੱਲੋਂ ਲਾਏ ਮਹੀਨਾਵਾਰ ਸਿਖਲਾਈ ਕੈਂਪ ਵਿੱਚ 55 ਕਿਸਾਨਾਂ ਨੇ ਹਿੱਸਾ ਲਿਆ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਦੀ ਨਿਗਰਾਨੀ ਹੇਠ ਲਾਏ ਇਸ ਕੈਂਪ ਵਿੱਚ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਲਈ ਨੀਵੀਂ ਸੁਰੰਗ ਤਕਨਾਲੋਜੀ ਸਬੰਧੀ ਲੋੜੀਂਦੀ ਜਾਣਕਾਰੀ ਦਿੱਤੀ ਗਈ| ਇਸ ਮੌਕੇ ਸਬਜ਼ੀ ਵਿਗਿਆਨੀ ਡਾ. ਰੂਮਾ ਦੇਵੀ ਨੇ ਦੱਸਿਆ ਕਿ ਸਬਜ਼ੀਆਂ ਦੀ ਬੇਮੌਸਮੀ ਕਾਸ਼ਤ ਲਈ ਇਹ ਵਿਧੀ ਬੜੀ ਲਾਹੇਵੰਦ ਹੈ। ਇਸ ਰਾਹੀਂ ਪੈਦਾ ਹੋਈ ਸਬਜ਼ੀ ਕਿਸਾਨਾਂ ਨੂੰ ਵਧੇਰੇ ਮੁਨਾਫ਼ਾ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤਕਨੀਕ ਵਿੱਚ ਸੰਭਾਲ ਦਾ ਖਰਚਾ ਘੱਟ ਹੈ ਅਤੇ ਸਿੰਜਾਈ ਲਈ ਪਾਣੀ ਦੀ ਵਰਤੋਂ ਵੀ ਘੱਟ ਹੁੰਦੀ ਹੈ| ਇਸੇ ਕਰਕੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਇਹ ਕਿਫ਼ਾਇਤੀ ਤਕਨੀਕ ਸਾਬਤ ਹੋ ਰਹੀ ਹੈ। ਕੈਂਪ ਦੌਰਾਨ ਕੀਟ ਵਿਗਿਆਨੀ ਡਾ. ਕਮਲਜੀਤ ਸਿੰਘ ਸੂਰੀ ਨੇ ਹਾੜੀ ਦੀਆਂ ਫਸਲਾਂ ਵਿੱਚ ਕੀੜਿਆਂ ਦੀ ਰੋਕਥਾਮ ਬਾਰੇ ਦੱਸਿਆ। ਫਸਲ ਵਿਗਿਆਨੀ ਡਾ. ਮਨਪ੍ਰੀਤ ਸਿੰਘ ਖੀਵਾ ਨੇ ਬਿਜਾਈ ਤੋਂ ਪਹਿਲਾਂ ਬੀਜ ਦੀ ਸੋਧ ਅਤੇ ਨਦੀਨਾਂ ਦੀ ਰੋਕਥਾਮ ਸੰਬੰਧੀ ਨੁਕਤੇ ਸਾਂਝੇ ਕੀਤੇ।