ਮਹਿਲਾ ਸਭਾ ਤੇ ਬਾਲ ਸਭਾ ਇਜਲਾਸ ਕਰਵਾਉਣ ਸਬੰਧੀ ਸਿਖਲਾਈ ਕੈਂਪ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 26 ਸਤੰਬਰ
ਸੂਬਾਈ ਦਿਹਾਤੀ ਵਿਕਾਸ ਸੰਸਥਾ ਮੁਹਾਲੀ ਵੱਲੋਂ ਬਲਾਕ ਸੰਗਰੂਰ ਵਿੱਚ ਮਹਿਲਾ ਸਭਾ ਤੇ ਬਾਲ ਸਭਾ ਸਬੰਧੀ ਚਾਰ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ। ਇਸ ਕੈਂਪ ਵਿੱਚ ਸਥਾਈ ਵਿਕਾਸ ਦੇ ਟੀਚੇ ਪ੍ਰਾਪਤ ਕਰਨ ਲਈ ਮਹਿਲਾ ਸਭਾ ਤੇ ਬਾਲ ਸਭਾ, ਔਰਤਾਂ ਅਤੇ ਬੱਚਿਆਂ ਸਬੰਧੀ ਕਾਨੂੰਨ, ਸਿਹਤ ਵਿਭਾਗ ਵੱਲੋਂ ਔਰਤਾਂ ਅਤੇ ਬੱਚਿਆਂ ਲਈ ਭਲਾਈ ਸਕੀਮਾਂ, ਸਿੱਖਿਆ ਦਾ ਅਧਿਕਾਰ ਐਕਟ, ਐਸ.ਆਰ.ਐਲ.ਐਮ. ਸਵੈ ਸਹਾਇਤਾ ਸਮੂਹਾਂ ਜ਼ਰੀਏ ਮਹਿਲਾਵਾਂ ਦਾ ਸਸ਼ਕਤੀਕਰਨ ਆਦਿ ਵਿਸ਼ਿਆਂ ਬਾਰੇ ਕੈਂਪਾਂ ਵਿੱਚ ਪਹੁੰਚਣ ਵਾਲਿਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਬਲਾਕ ਦੇ 71 ਗਰਾਮ ਪੰਚਾਇਤਾਂ ਨਾਲ ਸਬੰਧਤ ਸਕੂਲ ਅਧਿਆਪਕ, ਆਂਗਣਵਾੜੀ ਵਰਕਰ, ਏ ਐਨ ਐਮ, ਆਸ਼ਾ ਵਰਕਰ, ਸੈਲਫ ਹੈਲਪ ਗਰੁੱਪਾਂ ਦੇ ਮੈਂਬਰ, ਬੀਡੀਪੀਓ ਦਫ਼ਤਰ ਦੇ ਪੰਚਾਇਤ ਸਕੱਤਰ, ਮਗਨਰੇਗਾ ਦੇ ਸਟਾਫ ਅਤੇ ਐਸ ਆਰ ਐਲ ਐਮ ਦੇ ਸਟਾਫ ਹਿੱਸਾ ਲੈ ਰਹੇ ਹਨ। ਬੀਡੀਪੀਓ ਗੁਰਦਰਸ਼ਨ ਸਿੰਘ ਵੱਲੋਂ ਸਿਖਲਾਈ ਲੈ ਕੇ ਜਾਣ ਵਾਲਿਆਂ ਨੂੰ ਵੀ ਅੱਗੇ ਗਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਮਹਿਲਾ ਸਭਾ ਅਤੇ ਬਾਲ ਸਭਾ ਕਰਵਾਉਣ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਬਪੱਖੀ ਵਿਕਾਸ ਲਈ ਪਿੰਡਾਂ ਵਿੱਚ ਮਹਿਲਾ ਸਭਾ ਤੇ ਬਾਲ ਸਭਾ ਇਜਲਾਸ ਕਰਵਾਉਣੇ ਜ਼ਰੂਰੀ ਹਨ।