ਮੱਛੀ ਪਾਲਣ ਵਿਭਾਗ ਵੱਲੋਂ ਟਰੇਨਿੰਗ
ਖੇਤਰੀ ਪ੍ਰਤੀਨਿਧ
ਪਟਿਆਲਾ, 21 ਨਵੰਬਰ
ਮੱਛੀ ਪਾਲਣ ਵਿਭਾਗ ਪਟਿਆਲਾ ਵੱਲੋਂ 19 ਤੋਂ 21 ਨਵੰਬਰ ਤੱਕ ਤਿੰਨ ਰੋਜ਼ਾ ਵਿਸ਼ੇਸ਼ ਟਰੇਨਿੰਗ ਕੈਂਪ ਲਾਇਆ ਗਿਆ। ਪੰਜਾਬ ਫਿਸ਼ਰੀਜ ਡਿਵੈਲਪਮੈਂਟ ਬੋਰਡ ਦੇ ਸਹਿਯੋਗ ਨਾਲ ਲਾਏ ਗਏ ਇਸ ਕੈਂਪ ਵਿੱਚ ਵਿਸ਼ਾ ਮਾਹਿਰ ਸਹਾਇਕ ਪ੍ਰੋਫੈਸਰ ਅਮਿਤ ਮੰਡਲ ਨੇ ਮੱਛੀ ਪਾਲਣ ਦੀਆਂ ਆਰਏਐੱਸ ਅਤੇ ਬਾਇਓਫਲੋਕ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਸਿੱਧਨਾਥ ਨੇ ਮੱਛੀ ਦੀ ਪ੍ਰੋਸੈਸਿੰਗ ਬਾਰੇ ਦੱਸਿਆ। ਮੱਛੀ ਪੂੰਗ ਉਤਪਾਦਨ ਅਤੇ ਸਾਵਧਾਨੀਆਂ ਸਬੰਧੀ ਵਿਚਾਰ ਸਾਂਝੇ ਕਰਦਿਆਂ ਸਹਾਇਕ ਡਾਇਰੈਕਟਰ ਮੱਛੀ ਪਾਲਣ ਗੁਰਜੀਤ ਸਿੰਘ ਨੇ ਕਿਹਾ ਕਿ ਕਿਸਾਨ ਕਿਸਮਾਂ ਦੀ ਮੱਛੀ ਪੂੰਗ ਆਪਣੇ ਤਲਾਬ ਵਿੱਚ ਸਟਾਕ ਕਰਨ। ਸਹਾਇਕ ਡਾਇਰੈਕਟਰ ਯਾਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਮੱਛੀ ਤਲਾਬ ਦੇ ਨਿਰਮਾਣ ਅਤੇ ਨਰਸਰੀ ਪੌਂਡ ਬਣਾਉਣ ਸਬੰਧੀ ਤਕਨੀਕੀ ਨੁਕਤੇ ਸਾਂਝੇ ਕੀਤੇ। ਕੈਂਪ ’ਚ ਸਿੱਖਿਆਰਥੀਆਂ ਨੂੰ ਨਵੀਂ ਮੱਛੀ ਮੰਡੀ ਅਤੇ ਪਿੰਡ ਨਾਨੋਕੀ ਵਿੱਚ ਅਗਾਂਹਵਧੂ ਕਿਸਾਨ ਅਬਜਿੰਦਰ ਸਿੰਘ ਜੋਗੀ ਦੇ ਫਾਰਮ ਦਾ ਦੌਰਾ ਕਰਵਾਇਆ ਗਿਆ। ਕੈਂਪ ਦੇ ਆਖ਼ਰੀ ਦਿਨ ਡਾ. ਓਕਾਰ ਸਿੰਘ ਨੇ ਵਿਸ਼ਵ ਮੱਛੀ ਪਾਲਣ ਦਿਵਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੁਨੀਆਂ ਭਰ ਵਿੱਚ ਨਵੀਂਆਂ ਖੋਜਾਂ ਅਤੇ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਕਰਮਜੀਤ ਸਿੰਘ ਨੇ ਸਮੂਹ ਮੱਛੀ ਪਾਲਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਵੀਰਪਾਲ ਕੌਰ, ਰਾਮ ਰਤਨ ਵੀ ਹਾਜ਼ਰ ਸਨ।