ਲੋਹੀਆਂ-ਫਿਲੌਰ ਰੂਟ ’ਤੇ ਰੇਲ ਆਵਾਜਾਈ ਪ੍ਰਭਾਵਿਤ
ਪੱਤਰ ਪ੍ਰੇਰਕ
ਜਲੰਧਰ, 31 ਮਈ
ਨਕੋਦਰ ਤੋਂ ਲੋਹੀਆਂ ਖਾਸ ਸਪੈਸ਼ਲ ਟਰੇਨ, ਫਿਲੌਰ ਤੋਂ ਲੋਹੀਆਂ ਖਾਸ ਅਤੇ ਲੁਧਿਆਣਾ ਤੋਂ ਲੋਹੀਆਂ ਖਾਸ ਵਿਚਕਾਰ ਚੱਲਣ ਵਾਲੀਆਂ ਰੇਲਾਂ 10 ਜੂਨ ਤੱਕ ਪ੍ਰਭਾਵਿਤ ਰਹਿਣਗੀਆਂ। ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਲੋਹੀਆਂ ਖਾਸ ਫਿਲੌਰ ਮਾਰਗ ’ਤੇ ਨਕੋਦਰ ਯਾਰਡ ਵਿੱਚ ਸੈਕਸ਼ਨ ਦੇ ਰੱਖ-ਰਖਾਅ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ਟਰੇਨਾਂ ’ਚ ਰੋਜ਼ਾਨਾ ਹਜ਼ਾਰਾਂ ਯਾਤਰੀ ਸਫ਼ਰ ਕਰਦੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਵੀ ਮੁੱਖ ਮਾਰਗ ’ਤੇ ਕੋਈ ਸਮੱਸਿਆ ਆਉਂਦੀ ਸੀ ਤਾਂ ਇਸ ਰਸਤੇ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਹੁਣ ਇਹ ਬਦਲਵਾਂ ਰਸਤਾ ਵੀ ਲਾਗੂ ਰਹੇਗਾ। ਦੱਸ ਦੇਈਏ ਕਿ ਜਦੋਂ ਕਿਸਾਨਾਂ ਨੇ ਜਲੰਧਰ ਅੰਮ੍ਰਿਤਸਰ ਹਾਈਵੇਅ ’ਤੇ ਲੱਡਿਆਂਵਾਲੀ ਰੇਲਵੇ ਕਰਾਸਿੰਗ ’ਤੇ ਧਰਨਾ ਦਿੱਤਾ ਤਾਂ ਉਕਤ ਰੂਟ ’ਤੇ ਰੇਲ ਗੱਡੀਆਂ ਦੀ ਆਵਾਜਾਈ ਚੱਲ ਰਹੀ ਸੀ। ਦੱਸ ਦੇਈਏ ਕਿ ਉਕਤ ਰੂਟ ’ਤੇ ਚੱਲ ਰਿਹਾ ਉਸਾਰੀ ਕਾਰਜ ਅੰਤਿਮ ਪੜਾਅ ’ਤੇ ਪਹੁੰਚ ਗਿਆ ਹੈ। ਹੁਣ ਸਿਰਫ਼ ਅੰਤਿਮ ਛੋਹ ਮਿਲਣਾ ਬਾਕੀ ਹੈ, ਇਹ ਕੰਮ ਮੁਕੰਮਲ ਹੋਣ ਤੋਂ ਬਾਅਦ ਜਲਦੀ ਹੀ ਲੋਹੀਆਂ ਮਾਰਗ ਖੋਲ੍ਹ ਦਿੱਤਾ ਜਾਵੇਗਾ। ਜਾਣਕਾਰੀ ਅਨੁਸਾਰ ਲੋਹੀਆਂ ਖਾਸ ਤੋਂ ਫਿਲੌਰ, ਜਲੰਧਰ ਤੋਂ ਨਕੋਦਰ ਸਪੈਸ਼ਲ ਟਰੇਨ (06971-06972) ਨੂੰ ਚੱਲਣ ਵਾਲੀ ਟਰੇਨ ਨੰਬਰ 06983 ਅਤੇ 06984 10 ਜੂਨ ਤੱਕ ਪੂਰੀ ਤਰ੍ਹਾਂ ਰੱਦ ਰਹੇਗੀ। ਇਸ ਦੇ ਨਾਲ ਹੀ ਬਾਕੀ ਟਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚੱਲਣਗੀਆਂ।